ਕਾਰਪੋਰੇਟ ਤੇ ਫਿਰਕੂਕਰਨ ਦੇ ਦੋਹਰੇ ਹਮਲੇ ਖਿਲਾਫ ਕਨਵੈਨਸ਼ਨ
Posted on:- 14-02-2015
ਬਰਨਾਲਾ: ਇਨਕਲਾਬੀ ਕੇਂਦਰ ਪੰਜਾਬ ਵੱਲੋਂ ਪੰਜਾਬ ਭਰ ਵਿੱਚ ਇਲਾਕਾ ਪੱਧਰ ਤੇ ਕੀਤੀਆਂ ਜਾ ਰਹੀਆਂ ਕਨਵੈਨਸ਼ਨਾਂ ਦੀ ਲੜੀ ਵਜੋਂ ਅੱਜ ਬਰਨਾਲਾ ਵਿਖੇ ਮੋਦੀ ਰਾਜ ਦੇ ਕਾਲੇ ਦੌਰ ’ਚ ਕਾਰਪੋਰੇਟ ਤੇ ਫਿਰਕੂਕਰਨ ਦੇ ਦੋਹਰੇ ਹਮਲੇ ਖਿਲਾਫ ਵਿਸ਼ਾਲ ਕਨਵੈਨਸ਼ਨ ਕੀਤੀ ਗਈ। ਇਸ ਕਨਵੈਨਸ਼ਨ ਦੌਰਾਨ ਇਨਕਲਾਬੀ ਕੇਂਦਰ ਦੇ ਮੁੱਖ ਬੁਲਾਰੇ ਕੰਵਲਜੀਤ ਖੰਨਾ ਨੇ ਭੂਮੀ ਅਧਿਗ੍ਰਹਿਣ ਆਰਡੀਨੈਂਸ, ਕਿਰਤ ਤੇ ਵਾਤਾਵਰਨ ਕਾਨੂੰਨਾਂ ’ਚ ਸੋਧਾਂ, ਐਫਸੀਆਈ ਦੀ ਪੁਨਰਸਥਾਪਨਾ, ਕਾਲੇ ਕਾਨੂੰਨਾਂ ਦੇ ਵਿਰੋਧ ’ਚ ਅਤੇ ਸਮਾਜ ਵਿੱਚ ਫੈਲਾਈ ਜਾ ਰਹੀ ਫਿਰਕੂ ਜ਼ਹਿਰ ਦੇ ਮੁੱਦਿਆਂ ’ਤੇ ਵਿਸਥਾਰ ਵਿੱਚ ਵਿਚਾਰ-ਚਰਚਾ ਕੀਤੀ।
ਉਨ੍ਹਾਂ ਕਿਹਾ ਕਿ ਮੋਦੀ ਹਕੂਮਤ ਦੇ ਸੱਤਾ ’ਚ ਆਉਣ ’ਤੇ ਇਸਦਾ ਲੋਕ ਵਿਰੋਧੀ ਕਿਰਦਾਰ ਹੋਰ ਵੱਧ ਤਿੱਖੇ ਰੂਪ ਵਿੱਚ ਉਘੜ ਕੇ ਸਾਹਮਣੇ ਆ ਰਿਹਾ ਹੈ। ਮੋਦੀ ਹਕੂਮਤ ਸੱਤਾ ’ਚ ਆਉਣ ਤੇ ਗੁਜਰਾਤ ਨਮੂਨੇ ਦਾ ਕਾਰਪੋਰੇਟਪੱਖੀ ਵਿਕਾਸ ਮਾਡਲ ਪੂਰੇ ਦੇਸ਼ ਵਿੱਚ ਲਾਗੂ ਕਰਨ ਵਿੱਚ ਬੜੀ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ। ਦੇਸ਼ੀ-ਵਿਦੇਸ਼ੀ ਕਾਰਪੋਰੇਟ ਕੰਪਨੀਆਂ ਨੂੰ ਟੈਕਸ ਛੋਟਾਂ ਦੇ ਕੇ ਦੇਸ਼ ਦੇ ਕੀਮਤੀ ਕੁਦਰਤੀ ਖਣਿਜ਼ ਸ੍ਰੋਤ ਤੇ ਸਸਤੀ ਕਿਰਤ ਸ਼ਕਤੀ ਨੂੰ ‘ਮੇਕ ਇਨ ਇੰਡੀਆ’ ਦੇ ਨਾਂ ਹੇਠ ਕੌਡੀਆਂ ਦੇ ਭਾਅ ਪਰੋਸਿਆ ਜਾ ਰਿਹਾ ਹੈ। ਨਵ-ਉਦਾਰਵਾਦ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਲੋਕਾਂ ਉੱਪਰ ਥੋਪਣ ਲਈ ਮੋਦੀ ਹਕੂਮਤ ਜਿੱਥੇ ਇਕ ਪਾਸੇ ਆਰਐਸਐਸ ਦੀ ਫਿਰਕੂ ਵਿਚਾਰਧਾਰਾ ਦਾ ਆਸਰਾ ਲੈ ਰਹੀ ਹੈ ਉੱਥੇ ਦੂਜੇ ਪਾਸੇ ਉਹ ਕਾਰਪੋਰੇਟ ਘਰਾਣਿਆਂ ਪੱਖੀ ਨੀਤੀਆਂ ਬਣਾ ਕੇ ਇਸਦਾ ਸਾਰਾ ਬੋਝ ਲੋਕਾਂ ਉੱਪਰ ਪਾ ਰਹੀ ਹੈ। ਮੋਦੀ ਸਰਕਾਰ ਦੀਆਂ ਨੀਤੀਆਂ ਬੇਰੁਜ਼ਗਾਰੀ ਤੇ ਉਜਾੜਾ ਪੈਦਾ ਕਰਨ ਦਾ ਅਧਾਰ ਬਣਨਗੀਆਂ। ਉਨ੍ਹਾਂ ਕਿਹਾ ਕਿ ਮੋਦੀ ਹਕੂਮਤ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ ਸਮੁੱਚੇ ਦੇਸ਼ ਦੇ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ, ਨੌਜਵਾਨਾਂ, ਔਰਤਾਂ ਤੇ ਹੋਰ ਅਗਾਂਹਵਧੂ ਤਾਕਤਾਂ ਨੂੰ ਇਨ੍ਹਾਂ ਦਾ ਡੱਟਵਾਂ ਵਿਰੋਧ ਕਰਨਾ ਚਾਹੀਦਾ ਹੈ।
ਇਸ ਸਮੇਂ ਨਰਾਇਣ ਦੱਤ ਨੇ ਇਨ੍ਹਾਂ ਨੀਤੀਆਂ ਖਿਲਾਫ ਲੋਕ ਚੇਤਨਾ ਤੇ ਵਿਰੋਧ ਦੀ ਲਹਿਰ ਖੜੀ ਕਰਨ ਦਾ ਸੱਦਾ ਦਿੱਤਾ। ਇਸ ਸਮੇਂ ਮਨਜੀਤ ਧਨੇਰ, ਗੁਰਮੀਤ ਸੁਖਪੁਰਾ, ਪ੍ਰੇਮਪਾਲ ਕੌਰ, ਗੁਰਦੇਵ ਮਾਂਗੇਵਾਲ, ਸਾਹਿਬ ਸਿੰਘ, ਬਲਵੰਤ ਉਪਲੀ, ਡਾ, ਸੁਖਵਿੰਦਰ, ਡਾ. ਰਾਜਿੰਦਰਪਾਲ, ਮਲਕੀਤ ਈਨਾ, ਜੁਗਰਾਜ ਹਰਦਾਸਪੁਰਾ ਆਦਿ ਆਗੂ ਹਾਜ਼ਰ ਸਨ। ਕਨਵੈਨਸ਼ਨ ਦੌਰਾਨ ਬਲਦੇਵ ਮੰਡੇਰ, ਜੱਸਾ ਠੀਕਰੀਵਾਲ ਤੇ ਜਗਦੇਵ ਭੂਪਾਲ ਨੇ ਇਨਕਲਾਬੀ ਗੀਤ ਪੇਸ਼ ਕੀਤੇ। ਸਟੇਜ ਸਕੱਤਰ ਦੀ ਭੂਮਿਕਾ ਡਾ. ਰਾਜਿੰਦਰਪਾਲ ਨੇ ਨਿਭਾਈ।