ਬਾਲ ਸਾਹਿਤ ਰਸਾਲਾ ਨਿੱਕੀਆਂ ਕਰੂੰਬਲਾਂ ਦਾ 20ਵੇਂ ਸਾਲ ਦਾ ਪਹਿਲਾ ਅੰਕ ਡਿਪਟੀ ਕਮਿਸ਼ਨਰ ਵੱਲੋਂ ਜਾਰੀ
Posted on:- 30-01-2015
- ਸ਼ਿਵ ਕੁਮਾਰ ਬਾਵਾ
ਹੁਸ਼ਿਆਰਪੁਰ: ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਥਿਤ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਇੱਕ ਸਮਾਗਮ ਦੌਰਾਨ ਸੁਰ ਸੰਗਮ ਵਿਦਿਅਕ ਟਰੱਸਟ (ਰਜਿ:) ਵੱਲੋਂ ਬੱਚਿਆਂ ਵਾਸਤੇ ਸ਼ੁਰੂ ਕੀਤੇ ਬਾਲ ਰਸਾਲੇ ਨਿੱਕੀਆਂ ਕਰੂੰਬਲਾਂ ਦੇ 20ਵੇਂ ਸਾਲ ਦਾ ਪਹਿਲਾ ਅੰਕ ਸ੍ਰੀਮਤੀ ਅਨਿੰਦਿਤਾ ਮਿਤਰਾ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੇ ਜਾਰੀ ਕਰਨ ਦੀ ਰਸਮ ਅਦਾ ਕੀਤੀ। ਬੱਚਿਆਂ ਦੇ ਸਰਵਪੱਖੀ ਵਿਕਾਸ ਵਾਸਤੇ ਸੁਰ ਸੰਗਮ ਵਿਦਿਅਕ ਟਰੱਸਟ ਵੱਲੋਂ ਬਾਲ ਸਾਹਿਤ ਰਸਾਲਾ ਪ੍ਰਕਾਸ਼ਿਤ ਕਰਨ ਦੇ ਕੀਤੇ ਜਾ ਰਹੇ ਸਾਹਿਤਕ ਯਤਨਾਂ ਦੀ ਸ਼ਲਾਘਾ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਕਿਹਾ ਕਿ ਇਹ ਜ਼ਰੂਰੀ ਹੈ ਕਿ ਬੱਚਿਆਂ ਨੂੰ ਸ਼ੁਰੂ ਵਿੱਚ ਹੀ ਸਿੱਖਿਆ ਭਰਪੂਰ ਸਾਹਿਤਕ ਅਗਵਾਈ ਦਿੱਤੀ ਜਾਵੇ ਤਾਂ ਜੋ ਉਹ ਵੱਡੇ ਹੋ ਕੇ ਦੇਸ਼ ਦੇ ਜਿੰਮੇਵਾਰ ਨਾਗਰਿਕ ਸਾਬਤ ਹੋ ਸਕਣ। ਉਨ੍ਹਾਂ ਕਿਹਾ ਕਿ ਬਾਲ-ਮਨਾਂ ਤੇ ਜਿਨ੍ਹਾਂ ਵਿਚਾਰਾਂ ਦੀ ਸ਼ੁਰੂ ਵਿੱਚ ਛਾਪ ਲਗਦੀ ਹੈ, ਬੱਚੇ ਉਸ ਤੋਂ ਜ਼ਿਆਦਾ ਪ੍ਰਭਾਵਿਤ ਹੁੰਦੇ ਹਨ ਅਤੇ ਇਹ ਉਨ੍ਹਾਂ ਦੇ ਜੀਵਨ ਵਿਕਾਸ ਪ੍ਰਕਿਰਿਆ ਦਾ ਆਧਾਰ ਬਣਦੇ ਹਨ।
ਡਿਪਟੀ ਕਮਿਸ਼ਨਰ ਸ੍ਰ੍ਰੀਮਤੀ ਮਿਤਰਾ ਨੇ ਸਾਹਿਤ ਸਿਰਜਣਾ ਨਾਲ ਜੁੜੇ ਸੰਗਠਨਾਂ ਨੂੰ ਅਪੀਲ ਕੀਤੀ ਕਿ ਉਹ ਬੱਚਿਆਂ ਦੇ ਚੰਗੇਰੇ ਭਵਿੱਖ ਲਈ ਸਾਹਿਤ ਸਿਰਜਣਾ ਲਈ ਯਤਨਸ਼ੀਲ ਰਹਿਣ। ਉਨ੍ਹਾਂ ਬਾਲ ਸਾਹਿਤ ਰਸਾਲੇ ਨਿੱਕੀਆਂ ਕਰੂਬੰਲਾਂ ਨੂੰ ਘਰ-ਘਰ ਪਹੁੰਚਾਉਣ ਲਈ ਇੱਕ ਲਹਿਰ ਵਜੋਂ ਕੰਮ ਕਰਨ ਲਈ ਲੋੜ ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸਾਹਿਤ ਸਿਰਜਣਾ ਲਈ ਸਰਗਰਮ ਸਾਹਿਤਕ ਜਥੇਬੰਦੀਆਂ ਦੇ ਸਾਹਿਤਕ ਉਪਰਾਲਿਆਂ ਦੀ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਕਦਰ ਕੀਤੀ ਜਾਵੇਗੀ।
ਇਸ ਮੌਕੇ ਤੇ ਨਿੱਕੀਆਂ ਕਰੂਬੰਲਾਂ ਦੇ ਮੁੱਖ ਸਲਾਹਕਾਰ ਪ੍ਰੋ: ਬਲਦੇਵ ਸਿੰਘ ਬੱਲੀ ਨੇ ਦੱਸਿਆ ਕਿ ਨਿੱਕੀਆਂ ਕਰੂੰਬਲਾਂ ਸਾਹਿਤ ਬਾਲ ਰਸਾਲੇ ਦਾ ਵਿਸਥਾਰ ਕੀਤਾ ਜਾਵੇਗਾ ਅਤੇ ਇਸ ਨੂੰ ਵਿਦਿਅਕ ਸੰਸਥਾਵਾਂ ਦੀਆਂ ਲਾਇਬੇ੍ਰਰੀਆਂ ਤੱਕ ਪਹੰੁਚਾਉਣ ਲਈ ਪਹਿਲਾਂ ਨਾਲੋਂ ਵੀ ਜ਼ਿਆਦਾ ਉਪਰਾਲੇ ਕੀਤੇ ਜਾਣਗੇ। ਨਿੱਕੀਆਂ ਕਰੂੰਬਲਾਂ ਦੇ ਮੁੱਖ ਸੰਪਾਦਕ ਬਲਜਿੰਦਰ ਮਾਨ ਨੇ ਰਸਾਲੇ ਦੀ ਭਵਿੱਖੀ ਵਿਉਂਤਬੰਦੀ ਬਾਰੇ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਸੁਰ ਸੰਗਮ ਵਿਦਿਅਕ ਟਰੱਸਟ ਵੱਲੋਂ ਬਾਲ ਸਾਹਿਤ ਸਿਰਜਣਾ ਦੇ ਲੇਖਕਾਂ ਨੂੰ ਹਰ ਸਾਲ ਸਾਹਿਤਕ ਸਮਾਗਮ ਕਰਕੇ ਸਨਮਾਨਿਤ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਪ੍ਰੋ: ਬਲਦੇਵ ਸਿੰਘ ਬੱਲੀ ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਨੂੰ ਸ੍ਰ: ਜਗਦੇਵ ਸਿੰਘ ਜੱਸੋਵਾਲ ਦੀ ਥਾਂ ਤੇ ਟਰੱਸਟ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ।
ਇਸ ਮੌਕੇ ਤੇ ਸ੍ਰੀ ਹਰਬੀਰ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ), ਜਗਦੀਪ ਸਿੰਘ ਗਿੱਲ ਲੋਕ ਸੰਪਰਕ ਅਫ਼ਸਰ, ਸ੍ਰ: ਬੱਗਾ ਸਿੰਘ ਆਰਟਿਸਟ, ਸਰਵਣ ਰਾਮ ਭਾਟੀਆ ਮੁੱਖ ਅਧਿਆਪਕ ਵੀ ਇਸ ਮੌਕੇ ਹਾਜ਼ਰ ਸਨ। ਸੁਰ ਸੰਗਮ ਵਿਦਿਅਕ ਟਰੱਸਟ ਵੱਲੋਂ ਇਸ ਮੌਕੇ ਤੇ ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਦਾ ਉਨ੍ਹਾਂ ਦੀ ਕੁਸ਼ਲ ਪ੍ਰਸ਼ਾਸ਼ਕੀ ਸੇਵਾਵਾਂ ਲਈ ਵਿਸ਼ੇਸ਼ ਤੌਰ ਤੇ ਸਨਮਾਨ ਵੀ ਕੀਤਾ ਗਿਆ।