ਉਬਾਮਾ ਦੀ ਭਾਰਤ ਫੇਰੀ ਦਾ ਪੰਜਾਬ ਭਰ ’ਚ ਥਾਂ-ਥਾਂ ਭਰਵਾਂ ਵਿਰੋਧ
Posted on:- 27-01-2015
26 ਜਨਵਰੀ ਗਣਤੰਤਰ ਦਿਵਸ ’ਤੇ ਦੇਸ਼ ਦੇ ਹਾਕਮਾਂ ਵੱਲੋਂ ਅਮਰੀਕਾ ਦੇ ਰਾਸ਼ਟਰਪਤੀ ਨਾਲ ਮਿਲਕੇ ਕੀਤੇ ਗਏ ਲੋਕਵਿਰੋਧੀ ਸਮਝੌਤਿਆਂ ਦਾ ਪੰਜਾਬ ਦੀਆਂ ਤਿੰਨ ਇਨਕਲਾਬੀ ਜੱਥੇਬੰਦੀਆਂ ਸੀ. ਪੀ. ਆਈ. ਐਮ. ਐਲ. (ਨਿਊ ਡੈਮੋਕਰੇਸੀ), ਇਨਕਲਾਬੀ ਕੇਂਦਰ ਪੰਜਾਬ ਤੇ ਲੋਕ ਸੰਗਰਾਮ ਮੰਚ ਵੱਲੋਂ ਜਬਰਦਸਤ ਵਿਰੋਧ ਕੀਤਾ ਗਿਆ। ਪੰਜਾਬ ਦੇ ਬਰਨਾਲਾ, ਲੁਧਿਆਣਾ, ਜਗਰਾਓਂ, ਨਵਾਂਸ਼ਹਿਰ, ਪਟਿਆਲਾ, ਸੰਗਰੂਰ, ਗੁਰਦਾਸਪੁਰ, ਕਪੂਰਥਕਲਾ, ਅੰਮ੍ਰਿਤਸਰ, ਜਲੰਧਰ, ਫਿਰੋਜਪੁਰ, ਫਰੀਦਕੋਟ, ਮੋਗਾ, ਭੂਚੋ (ਬਠਿੰਡਾ), ਮੁਕਤਸਰ, ਬਰੇਟਾ ਆਦਿ ਥਾਵਾਂ ਤੇ ਹੋਏ ਇਨ੍ਹਾਂ ਵਿਰੋਧ ਪ੍ਰਦਰਸ਼ਨਾ ਵਿਚ ਹਜ਼ਾਰਾਂ ਇਨਸਾਫਪਸੰਦ ਲੋਕਾਂ ਨੇ ਹਿੱਸਾ ਲਿਆ। ਇਸ ਸਮੇਂ ਵੱਖ-ਵੱਖ ਆਗੂਆਂ ਨੇ ਆਪਣੇ ਸੰਬੋਧਨ ਵਿਚ ਉਬਾਮਾ ਦੀ ਭਾਰਤ ਫੇਰੀ ਦੇ ਵਿਰੋਧ ਦੇ ਕਾਰਨਾਂ ਦੀ ਵਿਆਖਿਆ ਕਰਦੇ ਹੋਏ ਕਿਹਾ ਕਿ ਦੇਸ਼ ਦੇ ਹਾਕਮ ਇਸ ਫੇਰੀ ਨੂੰ ਦੇਸ਼ ਦੇ ਵਿਕਾਸ ਦਾ ਲਈ ਲਾਹੇਵੰਦ ਆਖ ਕੇ ਲੋਕਾਂ ਦੇ ਅੱਖੀਂ ਘੱਟਾ ਪਾ ਰਹੇ ਹਨ।
ਇਸ ਫੇਰੀ ਦੌਰਾਨ ਮੋਦੀ ਸਰਕਾਰ ਤੇ ਅਮਰੀਕਾ ਵਿਚਕਾਰ ਸੁਰੱਖਿਆ ਤਕਨੀਕ, ਵਪਾਰ, ਪ੍ਰਮਾਣੂ ਊਰਜਾ, ਲਾਇਬਿਲਟੀ ਐਕਟ, ਸਿਵਲ ਨਿਊਕਲੀਅਰ ਮਿਲਵਰਤਣ, ਇਨਫਰਾਸਟਰਕਚਰ, ਸਿਹਤ ਤੇ ਸਿੱਖਿਆ ਖੇਤਰ ਵਿਚ ਹੋਏ 100 ਕਰੋੜ ਡਾਲਰ ਦੇ ਸਮਝੌਤੇ ਬਹੁਰਾਸ਼ਟਰੀ ਕਾਰਪੋਰੇਸ਼ਨਾਂ ਨੂੰ ਦੇਸ਼ ਦੇ ਜਲ-ਜੰਗਲ-ਜ਼ਮੀਨ ਤੇ ਕਿਰਤ ਸ਼ਕਤੀ ਦੀ ਸਸਤੀ ਲੁੱਟ ਕਰਨ ਲਈ ਖੁੱਲ੍ਹਾਂ ਦੇਣ ਵਾਲੇ ਹਨ। ਇਨ੍ਹਾਂ ਖੇਤਰਾਂ ਵਿਚ ਬਹੁਰਾਸ਼ਟਰੀ ਕਾਰਪੋਰੇਸ਼ਨਾਂ ਵੱਲੋਂ ਕੀਤਾ ਗਿਆ ਨਿਵੇਸ਼ ਦੇਸ਼ ਦੇ ਵਿਕਾਸ ਲਈ ਨਹੀਂ ਬਲਕਿ ਆਪਣੇ ਲਈ ਮੋਟੇ ਮੁਨਾਫੇ ਬਟੋਰਨ ਲਈ ਕੀਤਾ ਜਾ ਰਿਹਾ ਹੈ। ਅਮਰੀਕਾ ਵੱਲੋਂ ਭਾਰਤ ਵਿਚ ਲਾਏ ਜਾਣ ਵਾਲੇ ਨਾਕਸ ਪ੍ਰਬੰਧਾਂ ਵਾਲੇ ਪ੍ਰਮਾਣੂ ਪਲਾਂਟਾਂ ‘ਚ ਹੋਣ ਵਾਲੀ ਕਿਸੇ ਵੀ ਦੁਰਘਟਨਾ ਦੀ ਤਬਾਹੀ ਦਾ ਖਾਮਿਆਜਾ ਭਾਰਤ ਦੇ ਲੋਕਾਂ ਨੂੰ ਹੀ ਭੁਗਤਨਾ ਪਵੇਗਾ।
ਉਨ੍ਹਾਂ ਕਿਹਾ ਕਿ ਦੂਜੇ ਪਾਸੇ ਮੋਦੀ ਹਕੂਮਤ ਸੱਤਾ ‘ਚ ਲੰਮਾ ਸਮਾਂ ਟਿਕੇ ਰਹਿਣ ਲਈ ਤੇ ਇਸ ਲਈ ਵਿਦੇਸ਼ੀ ਨਿਵੇਸ਼ ਖਿੱਚਣ ਲਈ ਦੇਸੀ-ਬਦੇਸ਼ੀ ਕੰਪਨੀਆਂ ਨੂੰ ਦੇਸ਼ ਦੇ ਬੇਸ਼ਕੀਮਤੀ ਜਲ, ਜੰਗਲ, ਜ਼ਮੀਨ, ਕਿਰਤ ਸ਼ਕਤੀ ਤੇ ਹੋਰ ਕੁਦਰਤੀ ਖਣਿਜ ਸੋਮਿਆਂ ਨੂੰ ਕੌਡੀਆਂ ਦੇ ਭਾਅ ਲੁਟਾਉਣ ਦੀਆਂ ਨੀਤੀਆਂ ਤੇ ਚੱਲ ਰਹੀ ਹੈ। ਇਨ੍ਹਾਂ ਕਾਰਪੋਰੇਸ਼ਨਾਂ ਦੁਆਰਾ ਕੀਤੀ ਜਾਣ ਵਾਲੀ ਲੁੱਟ ਦੇ ਰਾਹ ਵਿੱਚ ਬਣਨ ਵਾਲੇ ਅੜਿਕਿਆਂ ਨੂੰ ਦੂਰ ਕਰਨ ਲਈ ਮਜ਼ਦੂਰ ਵਿਰੋਧੀ ਕਿਰਤ ਤੇ ਫੈਕਟਰੀ ਕਾਨੂੰਨਾਂ ‘ਚ ਸੋਧਾਂ ਕੀਤੀਆਂ ਜਾ ਰਹੀਆਂ ਹਨ, ਕਿਸਾਨ ਵਿਰੋਧੀ ਭੂਮੀ ਗ੍ਰਹਿਣ ਆਰਡੀਨੈਂਸ ਜਾਰੀ ਕੀਤੇ ਜਾ ਰਹੇ ਹਨ, ਵਪਾਰਕ ਰੋਕਾਂ ਹਟਾਈਆਂ ਜਾ ਰਹੀਆਂ ਹਨ ਅਤੇ ਇਨ੍ਹਾਂ ਲੋਕ ਵਿਰੋਧੀ ਨਵਉਦਾਰਵਾਦੀ ਨੀਤੀਆਂ ਖਿਲਾਫ ਉੱਠਣ ਵਾਲੇ ਲੋਕ ਵਿਰੋਧ ਨੂੰ ਠੱਲਣ ਲਈ ਕਾਲੇ ਕਾਨੂੰਨ ਬਣਾਏ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਉਬਾਮਾ ਦੀ ਭਾਰਤ ਫੇਰੀ ਦੇਸ਼ ਦੇ ਕਰੋੜਾਂ ਗਰੀਬ ਤੇ ਬੇਰੁਜ਼ਗਾਰ ਲੋਕਾਂ ਲਈ ਹੋਰ ਵੱਧ ਮੰਦਹਾਲੀ ਦੇ ਦਿਨ ਲੈ ਕੇ ਆਵੇਗੀ। ਅਸਲ ਵਿਚ ਅਮਰੀਕਾ ਵਰਗੇ ਸਾਮਰਾਜੀ ਮੁਲਕ ਜੋ ਗੰਭੀਰ ਆਰਥਿਕ ਮੰਦੀ ਵਿੱਚ ਫਸੇ ਹੋਏ ਹਨ ਉਹ ਇਸ ਮੰਦੀ ਦਾ ਬੋਝ ਭਾਰਤ ਵਰਗੇ ਮੁਲਕਾਂ ਦੇ ਮਿਹਨਤਕਸ਼ ਲੋਕਾਂ ਉੱਪਰ ਥੋਪਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਅੱਜ ਭਾਰਤ ਦੇ ਲੋਕਾਂ ਨੂੰ ਰੁਜਗਾਰ, ਚੰਗੀ ਸਿੱਖਿਆ, ਸਿਹਤ ਸਹੂਲਤਾਂ ਆਦਿ ਦੀ ਲੋੜ ਹੈ ਪਰ ਭਾਰਤੀ ਹਾਕਮ ਅਮਰੀਕਾ ਸਮੇਤ ਹੋਰ ਸਾਮਰਾਜੀ ਮੁਲਕਾਂ ਨਾਲ ਪ੍ਰਮਾਣੂ ਤੇ ਫੌਜੀ ਸਾਜੋ ਸਮਾਨ ਖ੍ਰੀਦਣ ਦੇ ਸਮਝੌਤੇ ਕਰ ਰਹੇ ਹਨ। ਉਬਾਮਾ ਦੀ ਭਾਰਤ ਫੇਰੀ ਮਾਣ ਦੀ ਨਹੀਂ ਬਲਕਿ ਗੁਲਾਮੀ ਦੀ ਪ੍ਰਤੀਕ ਹੈ। ਅਜ਼ਾਦੀ ਦੇ ਦਿਨ ਦੇਸ਼ ਦੇ ਲੋਕਾਂ ਦੇ ਵਿਕਾਸ ਦੀ ਥਾਂ ਦੇਸ਼ ਨੂੰ ਵੇਚਣ ਦੀਆਂ ਵਿਉਂਤਬੰਦੀਆਂ ਤੇ ਸਮਝੌਤੇ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਇਨਸਾਫਪਸੰਦ ਲੋਕਾਂ ਨੂੰ ਭਾਰਤੀ ਹਾਕਮਾਂ ਦੇ ਕੂੜ ਦਾਅਵਿਆਂ ਦਾ ਪਰਦਾਫਾਸ਼ ਕਰਦਿਆਂ ਤੇ ਬੁਨਿਆਦੀ ਮੁੱਦਿਆਂ ਤੇ ਲਾਮਬੰਦੀ ਕਰਦਿਆਂ ਸ਼ਹੀਦ ਭਗਤ ਸਿੰਘ ਦੇ, ਲੋਕਪੱਖੀ ਸਮਾਜ ਦੀ ਸਿਰਜਣਾ ਦੇ ਰਾਹ ਪੈਣਾ ਚਾਹੀਦਾ ਹੈ।