ਸਰੀ ਨਿਊਟਨ ਹਲਕੇ ਤੋਂ ਉੱਘੇ ਪੱਤਰਕਾਰ ਹਰਪ੍ਰੀਤ ਸਿੰਘ ਫੈਡਰਲ ਦੌੜ ’ਚ ਸ਼ਾਮਲ
Posted on:- 15-01-2015
ਉੱਘੇ ਪੱਤਰਕਾਰ ਹਰਪ੍ਰੀਤ ਸਿੰਘ ਨੇ ਬੁੱਧਵਾਰ ਨੂੰ ਐਲਾਨ ਕੀਤਾ ਹੈ ਕਿ ਉਹ ਨਵੇਂ ਫੈਡਰਲ ਹਲਕੇ ਸਰੀ-ਨਿਊਟਨ ਤੋਂ ਕਨਜਰਵੇਟਿਵ ਪਾਰਟੀ ਦੇ ਨਾਮਜ਼ਦਗੀ ਉਮੀਦਵਾਰ ਦੀ ਦੌੜ ਵਿਚ ਸ਼ਾਮਲ ਹੋਣਗੇ।ਸ. ਹਰਪ੍ਰੀਤ ਸਿੰਘ ਨੇ ਕਿਹਾ ਕਿ ਮੈਂ ਇਹ ਮਹਿਸੂਸ ਕਰਦਾ ਹਾਂ ਕਿ ਹੁਣ ਫੈਡਰਲ ਰਾਜਨੀਤੀ ਵਿਚ ਸ਼ਾਮਲ ਹੋਣ ਦਾ ਸਮਾਂ ਆ ਗਿਆ ਹੈ ਅਤੇ ਮੈਂ ਇਸ ਵਿਚ ਸ਼ਾਮਲ ਹੋ ਕੇ ਭਾਈਚਾਰੇ ਦੇ ਲੋਕਾਂ ਦੀ ਸੇਵਾ ਕਰਨਾ ਚਾਹੁੰਦਾ ਹਾਂ।ਦਸਣਯੋਗ ਹੈ ਕਿ ਸ. ਹਰਪ੍ਰੀਤ ਸਿੰਘ ਪੱਤਰਕਾਰੀ ਦੇ ਖੇਤਰ `ਚ 22 ਵਰਿਆਂ ਸਰਗਰਮ ਹਨ ਅਤੇ ਉਹ ਲੋਕਾਂ ਨੂੰ ਦਰਪੇਸ਼ ਆਉਣ ਵਾਲੀਆਂ ਸਮੱਸਿਆਵਾਂ ਨਾਲ ਰੂਬਰੂ ਹੁੰਦੇ ਰਹੇ ਹਨ। ਕੈਨੇਡੀਅਨਾਂ ਉੱਤੇ ਟੈਕਸ ਦਾ ਬੋਝ ਘੱਟ ਕਰਨ, ਵੱਖ-ਵੱਖ ਭਾਈਚਾਰਿਆਂ ਦੀ ਸੁਰੱਖਿਅਤਾ ਯਕੀਨੀ ਬਣਾਉਣ ਅਤੇ ਨੌਕਰੀਆਂ ਦੇ ਨਵੇਂ ਮੌਕੇ ਪੈਦਾ ਕਰਨ ਆਦਿ ਮੁੱਦਿਆਂ ਪ੍ਰਤੀ ਬੇਹੱਦ ਗੰਭੀਰ ਹਨ। ਸ. ਹਰਪ੍ਰੀਤ ਸਿੰਘ ਕੈਨੇਡਾ ਵਿਚ 2002 ਵਿਚ ਆਏ ਸਨ ਅਤੇ ਇੱਥੇ ਉਹ ਗਤੀਸ਼ੀਲ ਅਤੇ ਵਿਭਿੰਨ ਭਾਈਚਾਰੇ ਨਾਲ ਜ਼ਮੀਨੀ ਪੱਧਰ ਉੱਤੇ ਜੁੜ ਗਏ।
ਉਨ੍ਹਾਂ ਦਾ ਇਮੀਗਰੇਟ ਤੋਂ ਟੈਲੀਵਿਜਨ ਅਤੇ ਰੇਡੀਓ ਮੇਜ਼ਬਾਨ, ਰਾਜਨੀਤੀ ਕਮੈਂਟੇਟਰ, ਲੇਖਕ, ਪ੍ਰੋਡਿਊਸਰ ਅਤੇ ਉੱਘੇ ਵਾਪਰੀ ਦੇ ਤੌਰ ਉੱਤੇ ਸਫਰ ਬੇਹੱਦ ਵਿਲੱਖਣਤਾ ਭਰਪੂਰ ਰਿਹਾ ਹੈ | ਪੱਤਰਕਾਰ ਦੇ ਤੌਰ ਉੱਤੇ ਸ. ਹਰਪ੍ਰੀਤ ਸਿੰਘ ਨੇ ਲੋਅਰ ਮੇਨਲੈਂਡ ਦੀਆਂ ਆਰਥਿਕ, ਸਮਾਜਿਕ ਅਤੇ ਸਿਆਸੀ ਸਰਗਰਮੀਆਂ ਨੂੰ ਬੇਹੱਦ ਬਾਰੀਕੀ ਘੋਖਿਆ ਹੈ। ਇਕ ਇਮਾਨਦਾਰ ਵਿਅਕਤੀ ਦੇ ਤੌਰ ਉੱਤੇ ਉਹ ਕੈਨੇਡੀਅਨਾਂ ਦੀ ਭਲਾਈ ਲਈ ਸਖਤ ਮਿਹਨਤ ਕਰਨ ਲਈ ਵਚਨਬੱਧ ਹਨ। ਸ. ਹਰਪ੍ਰੀਤ ਸਿੰਘ ਕਨਜਰਵੇਟਿਵ ਪਾਰਟੀ ਦੀ ਉਮੀਦਵਾਰ ਦੇ ਪ੍ਰਮੁੱਖ ਦਾਅਵੇਦਾਰ ਹਨ, ਕਿਉਂਕਿ ਉਹ ਪਾਰਟੀ ਦੀਆਂ ਕਦਰਾਂ-ਕੀਮਤਾਂ ਵਿਚ ਪੂਰਾ ਭਰੋਸਾ ਕਰਦੇ ਹਨ। ਸ. ਸਿੰਘ ਨੇ ਕਿਹਾ ਕਿ ਮੈਂ ਕਨਜਰਵੇਟਿਵ ਪਾਰਟੀ ਦੀਆਂ ਨੀਤੀਆਂ ਵਿਚ ਪੂਰਾ ਭਰੋਸਾ ਰੱਖਦਾ ਹਾਂ, ਜਿਨ੍ਹਾਂ ਵਿਚ ਕੈਨੇਡੀਅਨ ਪਰਿਵਾਰਾਂ ਦੀ ਸਥਿਰਤਾ, ਲੰਬੇ ਸਮੇਂ ਦਾ ਰੁਜ਼ਗਾਰ ਅਤੇ ਸਥਾਈ ਆਰਥਿਕ ਤਬਦੀਲੀ ਸ਼ਾਮਲ ਹੈ।
ਸ. ਹਰਪ੍ਰੀਤ ਸਿੰਘ ਨੇ ਕਿਹਾ ਕਿ ਮੈਂ ਇਸ ਮਹਾਨ ਸ਼ਹਿਰ ਦੇ ਲੋਕਾਂ ਦਾ ਕਰਜ਼ਦਾਰ ਹਾਂ, ਕਿਉਂਕਿ ਉਨ੍ਹਾਂ ਦੀ ਆਵਾਜ਼ ਸਾਡੇ ਦੇਸ਼ ਦੀ ਰਾਜਧਾਨੀ ਤੱਕ ਸੁਣਾਈ ਦਿੰਦੀ ਹੈ। ਉਨ੍ਹਾਂ ਕਿਹਾ ਕਿ ਉਹ ਕੈਨੇਡੀਅਨਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ ਅਤੇ ਉਹ ਕੌਮੀ ਅਤੇ ਕੌਮਾਂਤਰੀ ਪੱਧਰ ਉੱਤੇ ਲੋਕਾਂ ਦੀ ਆਵਾਜ਼ ਬੁਲੰਦ ਕਰਨਗੇ। ਉਨ੍ਹਾਂ ਕਿਹਾ ਕਿ ਭਾਵੇਂ ਮੁੱਦਾ ਅੱਤਵਾਦ ਦਾ ਹੋਵੇ ਜਾਂ ਫਿਰ ਲੋਕਾਂ ਦੀ ਸੁਰੱਖਿਆ ਦਾ, ਹਰ ਪਲੇਟ ਫਾਰਮ ਉੱਤੇ ਮਾਮਲਾ ਉਠਾਇਆ ਜਾਵੇਗਾ। ਸਰੀ ਨਿਊਟਨ ਦੇ ਹਰ ਮੈਂਬਰ ਦੀ ਆਵਾਜ਼ ਬਣਨ ਲਈ ਵਚਨਬੱਧ ਸ. ਹਰਪ੍ਰੀਤ ਸਿੰਘ ਨੂੰ ਸ਼ਹਿਰ ਵਾਸੀਆਂ ਦੀ ਹਮਾਇਤ ਦੀ ਭਾਰੀ ਜ਼ਰੂਰਤ ਹੈ।