ਸ਼ਹੀਦ ਮੇਵਾ ਸਿੰਘ ਦਾ 100 ਸਾਲਾ ਸ਼ਰਧਾਂਜਲੀ ਸਮਾਰੋਹ ਕਰਵਾਇਆ
Posted on:- 13-01-2015
ਅੱਜ (11 ਜਨਵਰੀ) ਦਾ ਦਿਨ ਕਨੇਡੀਅਨ ਇਤਿਹਾਸ ਵਿੱਚ ਉਹ ਕਾਲਾ ਦਿਨ ਹੈ, ਜਿਸ ਦਿਨ ਮਨੁੱਖਤਾ ਦੇ ਮੁਦਈ, ਹੱਕ, ਸੱਚ, ਇਨਸਾਫ਼ ਦੀ ਲੜਾਈ ਲੜਨ ਵਾਲੇ ਜੂਝਾਰੂ ਤੇ ਦੇਸ਼ ਭਗਤ ਯੋਧੇ ਭਾਈ ਮੇਵਾ ਸਿੰਘ ਦੇ ਗਲ਼ ਵਿੱਚ ਕਨੇਡੀਅਨ ਨਸਲਵਾਦੀ ਸਰਕਾਰ ਨੇ ਫਾਂਸੀ ਦਾ ਫੰਦਾ ਲਟਕਾਇਆ ਸੀ। ਅੱਜ 100 ਸਾਲ ਬਾਅਦ ਗ਼ਦਰ ਸ਼ਤਾਬਦੀ ਸਮਾਰੋਹ ਕਮੇਟੀ ਵਲੋਂ ਸ਼ਹੀਦ ਮੇਵਾ ਸਿੰਘ ਨੂੰ ਸ਼ਰਧਾਂਜ਼ਲੀ ਉਸ ਥਾਂ ਤੇ ਦਿੱਤੀ ਗਈ ਜਿਸ ਥਾਂ ਤੇ 100 ਸਾਲ ਪਹਿਲਾਂ ਉਸਨੂੰ ਫਾਂਸੀ ਤੇ ਲਟਕਾਇਆ ਗਿਆ ਸੀ ਤੇ ਲੋਕਾਂ ਨੂੰ ਮ੍ਰਿਤਕ ਦੇਹ ਸੌਂਪੀ ਗਈ ਸੀ।
ਅੱਜ ਦੇ ਸ਼ਰਧਾਂਜਲੀ ਸਮਾਰੋਹ ਦੀ ਸ਼ੁਰੂਆਤ ਕਰਦਿਆਂ ਕਮੇਟੀ ਦੇ ਮੀਡੀਆ ਕੋਆਰਡੀਨੇਟਰ ਅਵਤਾਰ ਬਾਈ ਨੇ ਸੰਤ ਰਾਮ ਉਦਾਸੀ ਦੇ ਗੀਤ ਨਾਲ “ਚੜ੍ਹਨ ਵਾਲਿਓ ਹੱਕਾਂ ਦੀ ਭੇਟ ਉੱਤੇ, ਥੋਨੂੰ ਸ਼ਰਧਾ ਦੇ ਫੁੱਲ ਚੜ੍ਹਾਉਣ ਲੱਗਿਐਂ” ਗਾ ਕੇ ਕੀਤੀ ਅਤੇ ਸਾਰਿਆਂ ਨੂੰ ਜੀ ਆਇਆਂ ਕਿਹਾ ਤੇ ਰਸਮੀ ਕਾਰਵਾਈ ਦੋ ਮਿੰਟ ਦਾ ਮੋਨ ਧਾਰਨ ਕੀਤਾ ਗਿਆ। ਆਰਟਿਸਟ ਸੀਤਲ ਅਨਮੋਲ ਜੀ ਦੇ ਬਣਾਏ ਸ਼ਹੀਦ ਮੇਵਾ ਸਿੰਘ ਦੇ ਪੋਰਟਰੇਟ ਦੀ ਘੁੰਢ ਚੁਕਾਈ ਕੀਤੀ ਤੇ ਉਸ ਨੂੰ ਲੋਕ ਅਰਪਣ ਕੀਤਾ ਗਿਆ। ਕ੍ਰਿਪਾਲ ਬੈਂਸ ਨੇ ਭਾਈ ਮੇਵਾ ਸਿੰਘ ਦੇ ਇਤਿਹਾਸ ਤੇ ਚਾਨਣਾ ਪਾਉਂਦਿਆਂ ਹੋਇਆਂ ਇਹ ਦੱਸਿਆ ਕਿ ਸਾਨੂੰ ਸਾਡੀਆਂ ਸੌੜੀਆਂ ਸੋਚਾਂ ਤੋਂ ਬਾਹਰ ਨਿਕਲਣਾ ਚਾਹੀਦਾ ਹੈ।
ਉਹਨਾਂ ਕਿਹਾ ਕਿ ਸ਼ਹੀਦ ਮੇਵਾ ਸਿੰਘ ਇਕੱਲਾ ਲੋਪੋਕੇ ਦਾ ਜਾਂ ਮਝੈਲਾਂ ਦਾ ਜਾਂ ਪੰਜਾਬੀਆਂ ਦਾ ਜਾਂ ਸਿੱਖਾਂ ਦਾ ਜਾਂ ਭਾਰਤੀਆਂ ਦਾ ਜਾਂ ਕੈਨੇਡੀਅਨਾਂ ਦਾ ਸ਼ਹੀਦ ਨਹੀਂ ਹੈ ਸਗੋਂ ਉਹ ਤਾਂ ਮਨੁੱਖਤਾ ਦਾ ਸ਼ਹੀਦ ਹੈ ਉਸਨੂੰ ਇਸ ਵਿਸ਼ਾਲ ਘੇਰੇ ਵਿੱਚ ਰੱਖ ਕੇ ਦੇਖਣ ਦੀ ਲੋੜ ਹੈ। ਉਸ ਸਮੇਂ ਹੀ ਉਹਨਾਂ ਨੇ ਕਮੇਟੀ ਵਲੋਂ ਤਿਆਰ ਕੀਤੀ ਪਟੀਸ਼ਨ ਪੜ੍ਹ ਕੇ ਸੁਣਾਈ ਜਿਸ ਵਿੱਚ ਸ਼ਹੀਦ ਮੇਵਾ ਸਿੰਘ ਨੂੰ ਲੂਈਸ ਰਾਇਲ ਵਾਂਗ ਸ਼ਹੀਦ ਮੰਨਿਆ ਜਾਣਾ ਚਾਹੀਦਾ ਹੈ ਕਿਉਂਕਿ ਇਹ ਇੱਕ ਸਿਆਸੀ ਕਤਲ ਸੀ। ਇਸਦੀ ਸੋਧ ਲਈ ਸਰਕਾਰ ਤੋਂ ਮੰਗ ਕੀਤੀ ਗਈ ਤੇ ਸਾਰੇ ਆਏ ਲੋਕਾਂ ਤੋਂ ਹੱਥ ਖੜ੍ਹੇ ਕਰਕੇ ਪਟੀਸ਼ਨ ਦੇ ਹੱਕ ਵਿੱਚ ਸਹਿਮਤੀ ਲਈ ਗਈ। ਲਖਬੀਰ ਖੁਣਖੁਣ ਨੇ ਕਮੇਟੀ ਦੇ ਕਨਵੀਨਰ ਹਰਭਜਨ ਚੀਮਾ ਦੀ ਗੈਰਹਾਜ਼ਰੀ ਵਿੱਚ ਉਹਨਾਂ ਦਾ ਸੁਨੇਹਾ ਪੜ੍ਹ ਕੇ ਸੁਣਾਇਆ ਕਿ ਸੌ ਸਾਲ ਪਹਿਲਾਂ ਘੱਟ ਗਿਣਤੀਆਂ ਤੇ ਕੈਨੇਡੀਅਨ ਸਾਮਰਾਜੀ ਸਰਕਾਰ ਨਸਲਵਾਦੀ ਹਮਲੇ ਕਰਦੀ ਸੀ ਤੇ ਅੱਜ ਵੀ ਲੁਕਵੇਂ ਢੰਗ ਨਾਲ ਨਸਲਵਾਦੀ ਹਮਲੇ ਉਵੇਂ ਹੋ ਰਹੇ ਹਨ ਜਿਸ ਤੋਂ ਲੋਕਾਂ ਨੂੰ ਦੇਸ਼ ਭਗਤਾਂ ਦੇ ਰਾਹ ਤੇ ਚਲਦੇ ਹੋਏ ਉਹਨਾਂ ਵਾਂਗ ਜਥੇਬੰਦ ਹੋਣ ਦੀ ਲੋੜ ਹੈ।
ਇੰਦਰਜੀਤ ਧਾਮੀ ਨੇ ਬਹੁਤ ਹੀ ਭਾਵਪੂਰਤ ਸ਼ਬਦਾਂ ਵਿੱਚ ਕਵਿਤਾ ਦੇ ਰੂਪ ਵਿੱਚ ਸ਼ਰਧਾਂਜਲੀ ਅਰਪਣ ਕੀਤੀ ਤੇ ਅੱਜ ਵੀ ਲੋਕਾਂ ਦੀ ਆਪਸੀ ਫੁੱਟ ਦਾ ਜ਼ਿਕਰ ਕੀਤਾ। ਐਨ. ਡੀ. ਪੀ. ਦੀ ਐਮ. ਪੀ. ਜ਼ਿੰਨੀ ਸਿੰਮਜ਼ ਨੇ ਕਿਹਾ ਕਿ ਇਕੱਲੀਆਂ ਸ਼ਰਧਾਂਜ਼ਲ਼ੀਆਂ ਦੇਣ ਨਾਲ ਉਹਨਾਂ ਦੇ ਅਰੰਭੇ ਕੰਮ ਪੂਰੇ ਨਹੀਂ ਹੋਣੇ ਸਗੋਂ ਸਾਨੂੰ ਦਿਆਨਤਦਾਰੀ ਨਾਲ ਕੰਮ ਕਰਨ ਦੀ ਲੋੜ ਹੈ।ਗੌਰਮਿੰਟ ਦੀਆਂ ਅੱਜ ਦੀਆਂ ਪਾਲਸੀਆਂ ਇਮੰੀਗ੍ਰੇਸ਼ਨ ਬਾਰੇ, ਬਿੱਲ ਸੀ-24 ਅਤੇ ਨਵੇਂ ਬਣ ਰਹੇ ਕਾਨੂੰਨਾਂ ਬਾਰੇ ਵਿਚਾਰਨ ਦੀ ਲੋੜ ਹੈ। ਕ੍ਰਿਸ਼ਨ ਭਨੋਟ ਨੇ ਮੇਵਾ ਸਿੰਘ ਨੂੰ ਸ਼ਰਧਾਂਜਲੀ ਦਿੰਦੇ ਹੋਏ ਪਿਛਲੇ ਦਿਨੀਂ ਪੇਸ਼ਾਵਰ ਵਿੱਚ ਹੋਏ ਕਤਲੇਆਮ ਨੂੰ ਕਵਿਤਾ ਦੇ ਰੂਪ ਵਿੱਚ ਬਿਆਨ ਕੀਤਾ।
ਇਤਿਹਾਸਕਾਰ ਡਾ. ਪੂਰਨ ਸਿੰਘ ਜਿਹਨਾਂ ਨੇ “ਕਾਮਾਗਾਟਾ ਮਾਰੂ ਦੇ ਦੁਖਾਂਤ” ਵਰਗੀਆਂ ਕਿਤਾਬਾਂ ਲੋਕਾਂ ਦੇ ਝੋਲ਼ੀ ਪਾਈਆਂ ਹਨ। ਉਹਨਾਂ ਨੇ ਵਿਸਥਾਰ ਨਾਲ ਦੱਸਿਆ ਕਿ ਕਿਵੇਂ ਬੇਲਾ ਸਿੰਘ ਨੇ ਹਾਪਕਿਨਸਨ ਦੇ ਕਹੇ ਤੇ ਭਾਈ ਭਾਗ ਸਿੰਘ ਦਾ ਗੁਰਦਵਾਰੇ ਵਰਗੀ ਪਵਿੱਤਰ ਥਾਂ ਤੇ ਸੈਂਕੜੇ ਲੋਕਾਂ ਦੇ ਸਾਹਮਣੇ ਕਤਲ ਕੀਤਾ ਤੇ ਮੇਵਾ ਸਿੰਘ ਨੂੰ ਬਾਬੂ ਸਿੰਘ ਤੇ ਹਾਪਕਿਨਸਨ ਡਰਾ ਧਮਕਾ ਕੇ ਝੂਠੀ ਗਵਾਹੀ ਬੇਲਾ ਸਿੰਘ ਦੇ ਹੱਕ ਵਿੱਚ ਦੇਣ ਲਈ ਮਜ਼ਬੂਰ ਕਰ ਰਹੇ ਸਨ।ਡਾ. ਸਾਧੂ ਬਿਨਿੰਗ ਨੇ ਹਿੰਸਾ ਬਾਰੇ ਦੱਸਦਿਆਂ ਕਿਹਾ ਕਿ “ਹਿੰਸਾ” ਦੇ ਸੰਦਰਭ ਵਿੱਚ ਸੋਚਣਾ ਪਵੇਗਾ ਕਿ ਇਹ ਪਹਿਲਾਂ ਕਿਸ ਵਲੋਂ ਤੇ ਕਿਸ ਵੇਲੇ ਕੀਤੀ ਜਾ ਰਹੀ ਹੈ। ਜੇ ਉਸਦੀ ਪਹਿਲ ਸਟੇਟ ਜਾਂ ਜ਼ਿੰਮੇਵਾਰ ਲੋਕਾਂ ਵਲੋਂ ਕੀਤੀ ਜਾਂਦੀ ਹੈ ਤਾਂ ਉਸਦਾ ਪ੍ਰਤੀਕਰਮ ਉਹੋ ਜਿਹਾ ਹੋਣਾ ਸੁਭਾਵਕ ਹੈ। ਡਾ. ਸਾਧੂ ਸਿੰਘ ਨੇ ਕਿਹਾ ਕਿ ਉਸ ਸਮੇਂ ਜਸਟਿਸ ਸਿਸਟਮ ਨਾਲ ਮਜ਼ਾਕ ਕੀਤਾ ਗਿਆ ਸੀ ਅਗਰ ਬੇਲਾ ਸਿੰਘ ਦੇ ਕੇਸ ਨੂੰ ਦੁਬਾਰਾ ਖੋਲ੍ਹਿਆ ਜਾਵੇ ਤਾਂ ਉਸ ਵਿੱਚੋਂ ਬਿਲਕੁੱਲ ਸਾਫ਼ੳਮਪ; ਪਤਾ ਚੱਲ ਜਾਵੇਗਾ ਕਿ ਮੇਵਾ ਸਿੰਘ ਦੇ ਇਸ ਕਦਮ ਚੱਕਣ ਦੇ ਪਿੱਛੇ ਕੀ ਵਜ੍ਹਾ ਸੀ। ਪਰਮਿੰਦਰ ਸਵੈਚ ਨੇ ਦੱਸਿਆ ਕਿ ਮੇਵਾ ਸਿੰਘ ਨੇ ਇਹ ਮੁਸ਼ਕਲ ਕੰਮ ਇਸ ਲਈ ਕੀਤਾ ਸੀ ਕਿ ਇਹੀ ਹਾਪਕਿਨਸਨ ਪਹਿਲਾਂ ਦੇਸ਼ ਭਗਤਾਂ ਨੂੰ ਦੇਸ਼ ਨਿਕਾਲੇ ਦਵਾਉਣ ਲਈ ਮੋਹਰੀ ਸੀ ਜਦੋਂ ਉਹ ਦੇਸ਼ ਅਜ਼ਾਦ ਕਰਾਉਣ ਲਈ ਆਪਦੀਆਂ ਜਾਇਦਾਦਾਂ ਗ਼ਦਰ ਪਾਰਟੀ ਨੂੰ ਸੌਂਪ ਕੇ ਜਾਣ ਲੱਗੇ ਤਾਂ ਉਹਨਾਂ ਦੇ ਕਤਲ ਕਰਵਾ ਕੇ ਰੋਕ ਰਿਹਾ ਸੀ।ਮੇਵਾ ਸਿੰਘ ਦਾ ਇਸ ਵਿੱਚ ਕੋਈ ਨਿੱਜੀ ਹਿਤ ਨਹੀਂ ਸੀ ਸਗੋਂ ਉਹ ਤਾਂ ਕੈਨੇਡੀਅਨ ਕਦਰਾਂ ਕੀਮਤਾਂ ਦੀ ਰਾਖੀ ਕਰਨ ਲਈ ਸੱਚ ਬੋਲਣਾ ਚਾਹੁੰਦਾ ਸੀ ਪਰ ਉਸ ਨੂੰ ਮਜ਼ਬੂਰ ਕੀਤਾ ਗਿਆ। ਸਮੁੱਚੇ ਸਮਾਰੋਹ ਵਿੱਚ ਇਹੀ ਗੱਲ ਸਾਹਮਣੇ ਆਈ ਕਿ ਸ਼ਹੀਦ ਮੇਵਾ ਸਿੰਘ ਨੂੰ ਕੈਨੇਡੀਅਨ ਸ਼ਹੀਦ ਦਾ ਦਰਜ਼ਾ ਮਿਲਣਾ ਚਾਹੀਦਾ ਹੈ। ਪਰਮਿੰਦਰ ਸਵੈਚ ਨੇ ਗ਼ਦਰੀ ਬਾਬਿਆਂ ਦੇ ਰਾਹਾਂ ਤੇ ਚੱਲਣ ਦਾ ਜਥੇਬੰਦ ਹੋਣ ਦਾ ਸੁਨੇਹਾ ਦਿੰਦੀ ਕਵਿਤਾ “ ਅਸੀਂ ਹੁਣ ਜ਼ਰਬਾਂ ਹੋਣਾ ਹੈ” ਨਾਲ ਸਮਾਰੋਹ ਦਾ ਅੰਤ ਕੀਤਾ ਤੇ ਸਾਰਿਆਂ ਦਾ ਧੰਨਵਾਦ ਕੀਤਾ।
ਸਟੇਜ਼ ਦੀ ਸਾਰੀ ਕਾਰਵਾਈ ਅਵਤਾਰ ਬਾਈ ਨੇ ਬਾਖੂਬੀ ਨਿਭਾਈ ਤੇ 100 ਦੇ ਕਰੀਬ ਹਾਜ਼ਰ ਲੋਕਾਂ ਨੇ ਦੋ ਘੰਟੇ ਚੱਲੇ ਇਸ ਪ੍ਰੋਗਰਾਮ ਵਿੱਚ ਪੂਰੇ ਜ਼ਜ਼ਬਾਤੀ ਰੂਪ ਵਿੱਚ ਦਿਲਚਸਪੀ ਲੈਂਦਿਆਂ ਸ਼ਿਰਕਤ ਕੀਤੀ ਤੇ ਬਰੇਕਫਾਸਟ ਦਾ ਆਨੰਦ ਮਾਣਿਆ ਤੇ ਪਟੀਸ਼ਨ ਤੇ ਦਸਖ਼ਤ ਵੀ ਕੀਤੇ। ਭਾਰਤੀਆਂ ਤੋਂ ਇਲਾਵਾ ਇਸ ਵਿੱਚ ਦੂਸਰੇ ਭਾਈਚਾਰਿਆਂ ਦੇ ਲੋਕ ਵੀ ਦੇਖਣ ਨੂੰ ਮਿਲੇ। ਲੋਕਾਂ ਵਲੋਂ ਇਕੱਠੇ ਹੋਏ ਫੰਡਾਂ ਨਾਲ ਖਰਚਾ ਵੀ ਉਸੇ ਸਮੇਂ ਪ੍ਰਵਾਨ ਚੜ੍ਹ ਗਿਆ।