ਕੇਂਦਰੀ ਪੰਜਾਬੀ ਲੇਖਕ ਸਭਾ ਪੰਜਾਬੀਆਂ ਨੂੰ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਨਾਲ ਜੋੜਨ ਲਈ ਪਰਪੱਕ: ਡਾ. ਕਰਮਜੀਤ ਸਿੰਘ
Posted on:- 27-12-2014
-ਸ਼ਿਵ ਕੁਮਾਰ ਬਾਵਾ
ਕੇਂਦਰੀ ਪੰਜਾਬੀ ਲੇਖਕ ਸਭਾ ਪੰਜਾਬੀਆਂ ਨੂੰ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਨਾਲ ਜੋੜਨ ਲਈ ਪਰਪੱਕ ਹੈ। ਬੇਸ਼ੱਕ ਪੰਜਾਬੀ ਦੀਆਂ ਪੁਸਤਕਾਂ ਦੇ ਪਾਠਕਾਂ ਦੀ ਗਿਣਤੀ ਘੱਟੀ ਹੈ ਪ੍ਰੰਤੂ ਫਿਰ ਵੀ ਪੰਜਾਬੀ ਵਿਚ ਵਧੀਆ ਸਾਹਿਤ ਸਿਰਜਣਾ ਹੋ ਰਹੀ ਹੈ ਤੇ ਇਹਨਾਂ ਵਿਚ ਨਵੇਂ ਪੁੰਗਰ ਰਹੇ ਲੇਖਕ ਤਾਂ ਕਮਾਲ ਦੀ ਸਾਹਿਤ ਸਿਰਜਣਾ ਕਰ ਰਹੇ ਹਨ। ਕੇਂਦਰੀ ਪੰਜਾਬੀ ਲੇਖਕ ਸਭਾ ਪੰਜਾਬ ਵਿਚ ਪੁਸਤਕ ਸੱਭਿਆਚਾਰ ਨੂੰ ਬੜਾਵਾ ਦੇਣ ਲਈ ਪੰਜਾਬੀ ਦੇ ਪ੍ਰਮੁੱਖ ਲੇਖਕਾਂ ਦੇ ਸੰਪਰਕ ਵਿਚ ਹੈ । ਉਪ੍ਰੋਕਤ ਵਿਚਾਰ ਅੱਜ ਇਥੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜਨ ਸਕੱਤਰ ਡਾ ਕਰਮਜੀਤ ਸਿੰਘ ਨੇ ਪ੍ਰਗਟਾਏ।
ਪੰਜਾਬੀ ਸਾਹਿਤ ਸਭਾ ਹੁਸ਼ਿਆਰਪੁਰ ਦੇ ਅਹੁੱਦੇਦਾਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ ਕਰਮਜੀਤ ਸਿੰਘ ਹੁਰਾਂ ਆਖਿਆ ਕਿ ਪੰਜਾਬੀ ਸਾਹਿਤ ਅਤੇ ਭਾਸ਼ਾ ਲਈ ਇਹ ਖੁਸ਼ੀ ਵਾਲੀ ਗੱਲ ਹੈ ਕਿ ਨਵੀਂ ਪੀੜ੍ਹੀ ਇਸ ਪਾਸੇ ਵੱਲ ਵਿਸ਼ੇਸ਼ ਤੌਰ ਤੇ ਜੁੜ ਰਹੀ ਹੈ। ਉਹਨਾਂ ਦੱਸਿਆ ਕਿ ਬਹੁਤ ਖੁਸ਼ੀ ਹੁੰਦੀ ਹੈ ਜਦ ਯੂਨੀਵਰਸਿਟੀਆਂ , ਕਾਲਜਾਂ ਅਤੇ ਸਕੂਲਾਂ ਵਿਚ ਨਵੀਂ ਪੀੜ੍ਹੀ ਦੇ ਵਧੀਆ ਲਿਖਣ ਵਾਲੇ ਨੌਜਵਾਨ ਆਪਣੀਆਂ ਰਚਨਾਵਾਂ ਦਾ ਪਾਠ ਕਰਦੇ ਹਨ। ਉਹਨਾਂ ਪੰਜਾਬੀ ਦੇ ਉਭਰ ਰਹੇ ਲੇਖਕਾਂ ਨੂੰ ਅਪੀਲ ਕੀਤੀ ਕਿ ਉਹ ਮਿਆਰੀ ਸਾਹਿਤ ਦੀ ਸਿਰਜਣਾ ਕਰਨ। ਵਧੀਆ ਲਿਖਤਾਂ ਸਮਾਜ ਨੂੰ ਹਮੇਸ਼ਾਂ ਸੇਧ ਹੀ ਨਹੀਂ ਦਿੰਦੀਆਂ ਤੇ ਉਹ ਯਾਦਗਾਰੀ ਵੀ ਬਣ ਜਾਂਦੀਆਂ ਹਨ। ਉਹਨਾਂ ਪੰਜਾਬੀ ਅਖਬਾਰਾਂ ਦੇ ਸੰਪਾਦਕਾਂ ਨੂੰ ਅਪੀਲ ਕੀਤੀ ਕਿ ਉਹ ਨਵੇਂ ਵਧੀਆ ਤੇ ਮਿਆਰੀ ਲਿਖਤਾਂ ਲਿਖਣ ਵਾਲੇ ਨੌਜਵਾਨਾਂ ਆਪਣੇ ਕਾਲਮਾਂ ਵਿਚ ਢੁੱਕਵੀਂ ਜਗ੍ਹਾ ਦੇਣ। ਉਹਨਾਂ ਦੀ ਇਸ ਦਿਲਚਸਪੀ ਨਾਲ ਹੋਰ ਨੌਜਵਾਨ ਵੀ ਲਿਖਣ ਨੂੰ ਤਰਜੀਹ ਦੇਣਗੇ।
ਇਸ ਮੌਕੇ ਉਘੇ ਸਾਹਿਤਕਾਰ ਮਦਨ ਵੀਰਾ ਨੇ ਆਖਿਆ ਕਿ ਪੰਜਾਬੀ ਭਾਸ਼ਾ ਅਤੇ ਸੱਭਆਚਾਰ ਨੂੰ ਹਾਲੇ ਤੱਕ ਕੁੱਝ ਇਕ ਤਰਫਾ ਗੱਲਾਂ ਦੇ ਧਾਰਨੀ ਲੇਖਕਾਂ ਕਰਕੇ ਸਰਕਾਰਾਂ ਅਤੇ ਸਾਹਿਤ ਸਭਾਵਾਂ ਵਲੋਂ ਬਣਦਾ ਮਾਣ ਨਹੀਂ ਮਿਲਿਆ। ਉਹਨਾਂ ਕਿਹਾ ਕਿ ਪੰਜਾਬੀ ਸਾਹਿਤ ਉਸ ਵਕਤ ਹੋਰ ਤਰੱਕੀ ਕਰ ਸਕੇਗਾ ਜੇਕਰ ਸਥਾਪਿਤ ਲੇਖਕ ਆਪਣੇ ਤੋਂ ਥੱਲੇ ਕੰਮ ਕਰਨ ਵਾਲੇ ਨਵੇਂ ਮੁੰਡਿਆਂ ਨੂੰ ਬਣਦਾ ਮਾਣ ਦੇਣ। ਉਹਨਾਂ ਕਿਹਾ ਕਿ ਪੰਜਾਬ ਪੰਜਾਬੀ ਅਤੇ ਪੰਜਾਬੀ ਸੱਭਿਆਚਾਰ ਇਸ ਵਕਤ ਕਿਸੇ ਪੱਖ ਤੋਂ ਘੱਟ ਨਹੀਂ ਪ੍ਰੰਤੂ ਸੋੜੀ ਸੋਚ ਦੇ ਧਾਰਨੀ ਲੋਕ ਆਪਣੇ ਤੋਂ ਵਧੀਆ ਲਿਖਣ ਵਾਲਿਆਂ ਦਾ ਵੀ ਸਤਿਕਾਰ ਕਰਨ। ਉਹਨਾਂ ਕਿਹਾ ਕਿ ਭਾਸ਼ਾ ਵਿਭਾਗ ਅਤੇ ਐਵਾਰਡਾਂ ਦੀ ਚੋਣ ਕਰਨ ਵਾਲੇ ਅਧਿਕਾਰੀ ਨਿਰਪੱਖਤਾ ਨਾਲ ਕੰਮ ਕਰਨ ਤਾਂ ਪੰਜਾਬੀ ਦੇ ਬਹੁਤੇ ਅਣਗੋਲੇ ਜਾ ਰਹੇ ਲੇਖਕ ਸਾਹਮਣੇ ਆ ਸਕਦੇ ਹਨ। ਉਹਨਾਂ ਲੇਖਕਾਂ ਨੂੰ ਅਪੀਲ ਕੀਤੀ ਕਿ ਉਹ ਜਾਤ ਬਰਾਦਰੀਆਂ ਵਿਚ ਆਪਣੇ ਗਰੁੱਪ ਕਾਇਮ ਕਰਕੇ ਸਾਹਿਤ ਦੀ ਤਰੱਕੀ ਵਿਚ ਸਿਆਸਤ ਨਾ ਘੁਸਪੈਠ ਕਰਨ। ਉਹਨਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਕਿ ਉਹ ਲੋੜਵੰਦ ਗਰੀਬ ਲੇਖਕਾਂ, ਕਲਾਕਾਰਾਂ ਅਤੇ ਬੁੱਤਕਾਰਾਂ ਦੀ ਆਰਥਿਕ ਸਹਾਇਤਾ ਲਈ ਖੁੱਲ੍ਹਕੇ ਅੱਗੇ ਆਵੇ। ਉਹਨਾਂ ਕਿਹਾ ਜ਼ਿਲ੍ਹਿਆਂ ਵਿਚ ਬੰਦ ਪਈਆਂ ਲਾਈਬ੍ਰੇਰੀਆਂ ਨੂੰ ਲੱਗੇ ਜਿੰਦਰੇ ਖੋਲ੍ਹੇ ਜਾਣ ਅਤੇ ਉਥੇ ਰੋਜਾਨਾ ਅਖਬਾਰਾਂ ਅਤੇ ਪੁਸਤਕਾਂ ਭੇਜੀਆਂ ਜਾਣ। ਇਸ ਮੌਕੇ ਹੋਰਨਾ ਤੋਂ ਇਲਾਵਾ ਡਾ ਜਸਵੰਤ ਰਾਏ, ਪ੍ਰੀਤ ਨੀਤਪੁਰ, ਅਵਤਾਰ ਸਿੰਘ ਲੰਗੇਰੀ ਸਮੇਤ ਵੱਡੀ ਗਿਣਤੀ ਵਿਚ ਲੇਖਕ ਹਾਜ਼ਰ ਸਨ। ਇਸ ਮੌਕੇ ਸ ਜਗਦੇਵ ਸਿੰਘ ਜੱਸੋਵਾਲ ਦੀ ਮੌਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਗਿਆ ਅਤੇ ਉਹਨਾਂ ਨੂੰ ਦੋ ਮਿੰਟ ਮੋਨ ਧਾਰਕੇ ਸ਼ਰਧਾਂਜਲੀ ਦਿੱਤੀ ਗਈ।