ਜਦ ਵੇਲਣੇ ’ ਤੇ ਝੁੱਗੀ ਨੂੰ ਅੱਗ ਬਝਾਉਣ ਗਏ ਪੱਤਰਕਾਰ ਅਤੇ ਪੁਲਸ ਵਾਲੇ ਆਪਸ ਵਿਚ ਘਿਓ ਖਿਚੜੀ ਹੋ ਗਏ
Posted on:- 14-12-2014
ਗੁੜ ਦੀ ਦਿੱਖ ਬਣਾਉਣ ਲਈ ਜ਼ਹਿਰੀਲੇ ਕੈਮੀਕਲਾਂ ਦੀ ਵਰਤੋਂ ਕਰਦੇ ਨੇ ਵੇਲਣਿਆਂ ਵਾਲੇ
-ਸ਼ਿਵ ਕੁਮਾਰ ਬਾਵਾ
ਅੱਜ ਹੁਸ਼ਿਆਰਪੁਰ ਚੰਡਗੜ੍ਹ ਰੋਡ ਤੇ ਗੁੜ ਬਣਾਉਣ ਵਾਲੇ ਪ੍ਰਵਾਸੀ ਮਜ਼ਦੂਰਾਂ ਦੇ ਵੇਲਣੇ ਤੇ ਉਸ ਵਕਤ ਤਮਾਸ਼ਾ ਦੇਖਣ ਵਾਲਾ ਬਣ ਗਿਆ ਜਦ ਪ੍ਰਵਾਸੀ ਮਜ਼ਦੂਰ ਦੇ ਵੇਲਣੇ ਤੇ ਸਥਿਤ ਝੁੱਗੀ ਨੂੰ ਅਚਾਨਕ ਅੱਗ ਲੱਗ ਗਈ ਅਤੇ ਰਾਹ ਜਾਂਦੇ ਰਾਹੀਆਂ ਨੂੰ ਵੇਲਣੇ ਤੇ ਕੰਮ ਕਰਦੇ ਮਜ਼ਦੂਰ ਅੱਗ ਬਝਾਉਣ ਲਈ ਅਵਾਜਾਂ ਮਾਰਨ ਲੱਗ ਪਏ। ਲੋਕ ਵੱਡੀ ਗਿਣਤੀ ਵਿਚ ਕੜਾਕੇ ਦੀ ਸਰਦੀ ਅਤੇ ਹਲਕੀ ਬੂੰਦਾ ਬਾਦੀ ਵਿਚ ਇਕੱਠੇ ਹੋ ਗਏ ਤਾਂ ਅੱਗ ਬਝਾਉਂਦਿਆਂ ਹੋਇਆ ਲੋਕਾਂ ਨੂੰ ਝੁੱਗੀ ਵਿਚੋਂ 13 ਬੋਰੀਆਂ ਖੰਡ ਦੀਆਂ ਮਿਲ ਗਈਆਂ। ਬੋਰੀਆਂ ਨੂੰ ਦੇਖਕੇ ਲੋਕ ਹੈਰਾਨ ਰਹਿ ਗਏ ਕਿ ਗੁੜ ਬਣਾਉਣ ਵਾਲੇ ਵਲਣੇ ਤੇ ਖੰਡ ਦੀਆਂ ਬੋਰੀਆਂ ਕਿਸ ਕੰਮ ਲਈ ਰੱਖੀਆਂ ਹੋਓ।
ਅੱਗ ਬਝਾਉਣ ਵਾਲਿਆਂ ਵਿਚ ਰਾਹ ਜਾਂਦੀ ਪੱਤਰਕਾਰਾਂ ਦੀ ਟੀਮ ਵੀ ਸੀ ਜੋ ਮਜ਼ਦੂਰਾਂ ਨੂੰ ਪੁੱਛਣ ਲੱਗ ਪਈ ਕਿ ਇਹ ਖੰਡ ਕਿਸ ਵਾਸਤੇ । ਮਜ਼ਦੂਰਾਂ ਸਮੇਤ ਵੇਲਣਾ ਮਾਲਿਕ ਦਾ ਰੰਗ ਪੀਲਾ ਪੈ ਗਿਆ ਅਤੇ ਉਹ ਲੋਕਾਂ ਨੂੰ ਜਾਣ ਲਈ ਕਹਿਣ ਲੱਗ ਪਏ। ਇਸੇ ਦੌਰਾਨ ਕਿਸੇ ਨੇ ਪੁਲਸ ਨੂੰ ਸੂਚਿਤ ਕਰ ਦਿੱਤਾ ਤਾਂ ਪੁਲਸ ਵਾਲੇ ਆਪਣਾ ਰੋਅਬ ਝਾੜਨ ਲੱਗ ਪਏ। ਵੇਲਣਾ ਮਾਲਿਕ ਅਤੇ ਮਜ਼ਦੂਰ ਮਿੰਨਤਾ ਤਰਲੇ ਕੱਢਣ ਲੱਗ ਪਏ । ਪੁਲਸ ਨੇ ਲੋਕਾਂ ਨੂੰ ਤਾਂ ਦਬਕੇ ਮਾਰਕੇ ਭਜਾ ਦਿੱਤਾ ਪ੍ਰੰਤੂ ਪੁਲਸ ਕਰਮਚਾਰੀ ਅਤੇ ਪੱਤਰਕਾਰ ਉਥੇ ਰਹਿ ਗਏ ਅਤੇ ਵੇਲਣਾ ਮਾਲਿਕ ਨੂੰ ਆਪੋ ਆਪਣੇ ਢੰਗ ਨਾਲ ਪੁੱਛਗਿਛ ਕਰਨ ਲੱਗ ਪਏ। ਇਸੇ ਦੌਰਾਨ ਇਕ ਪੱਤਰਕਾਰ ਨੇ ਆਪਣਾ ਵੀਡੀਓ ਕੈਮਰਾ ਅਤੇ ਇਕ ਨੇ ਆਪਣਾ ਡਿਜ਼ੀਟਲ ਕੈਮਰਾ ਕੱਢਕੇ ਮੂਵੀ ਅਤੇ ਫੋਟੂਆਂ ਖਿਚਣੀਆਂ ਸ਼ੁਰੂ ਕਰ ਦਿੱਤੀਆਂ। ਮਜ਼ਦੂਰ ਹੋ ਡਰ ਗਏ। ਪੁਲਸ ਨੇ ਪੱਤਰਕਾਰਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਵੀ ਪ੍ਰੰਤੂ ਉਹ ਜਦ ਨਾ ਰੁੱਕੇ ਤਾਂ ਵੇਲਣਾ ਮਾਲਿਕ ਪਿੱਟ ਪਿਆ ਅਤੇ ਕਹਿਣ ਲੱਗਾ ਦੱਸੋ ਤੁਹਾਡੀ ਮੈਂਨੂੰ ਛੱਡਣ ਦੀ ਕੀ ਫੀਸ ਹੈ । ਪੁਲਸ ਅਤੇ ਪਤਰਕਾਰ ਉਹਨਾਂ ਵੱਲ ਦੇਖਕੇ ਦੰਗ ਰਹਿ ਗਏ ਅਤੇ ਕਹਿਣ ਲੱਗੇ ਕਿ ਬੱਚੂ ਫਿਰ ਤਾਂ ਦਾਲ ਵਿਚ ਜ਼ਰੂਰ ਕੁੱਝ ਕਾਲਾ ਹੈ। ਵੇਲਣੇ ਵਾਲਿਆਂ ਨੇ ਨਾਲ ਲੱਗਦੇ ਇਕ ਪਿੰਡ ਦੇ ਕਿਸਾਨ ਨੂੰ ਵਿਚ ਪਾਕੇ ਪੁਲਸ ਅਤੇ ਪੱਤਰਕਾਰਾਂ ਨਾਲ ਗੱਲ ਕਰਵਾ ਦਿੱਤੀ ਅਤੇ ਵੇਲਣਾ ਮਾਲਿਕ ਵਲੋਂ ਮੂੰਹ ਬੰਦ ਕਰਨ ਲਈ ਦਿੱਤੀ ਰਕਮ ਪੱਤਰਕਾਰਾਂ ਅਤੇ ਪੁਲਸ ਵਾਲਿਆਂ ਨੇ ਆਪਸ ਵਿਚ ਬਰਾਬਰ ਵੰਡ ਲਈ ਅਤੇ ਤੁਰਦੇ ਬਣੇ। ਸੜਕ ਤੇ ਖੜੇ ਇਕ ਸੁਲੱਖਣ ਸਿੰਘ ਨੇ ਕਿਹਾ ਕਿ ਪੱਤਰਕਾਰ ਅਤੇ ਪੁਲਸ ਵਾਲੇ ਘਿਓ ਖਿਚੜੀ ਹੋ ਗਏ ਹਨ। ਇਸ ਸਬੰਧ ਵਿਚ ਜਦ ਪੁਲਸ ਅਧਿਕਾਰੀ ਨਾਲ ਰੂ ਬਰੂ ਹੋ ਕੇ ਗੱਲ ਕੀਤੀ ਗਈ ਤਾਂ ਉਸਨੇ ਕਿਹਾ ਕਿ ਬਈ ਪੱਤਰਕਾਰ ਵੀ ਖਬਰ ਰੋਕਣ ਦੇ ਪੈਸੇ ਲੈ ਲੈਂਦੇ ਹਨ ਤੇ ਉਸਨੂੰ ਇਸਦਾ ਜ਼ਵਾਬ ਦਿੱਤਾ ਕਿ ਖਬਰ ਤਾਂ ਨਹੀਂ ਰੁਕਦੀ ਕੋਈ ਹੋਰ ਲਗਾ ਦੇਵੇਗਾ। ਉਸਨੂੰ ਪੁੱਛਆ ਕਿ ਕਿਸਨੇ ਪੈਸੇ ਲਏ ਤਾਂ ਉਸਨੇ ਦੱਸਿਆ ਕਿ ਗੱਡੀ ਵਿਚ ਆਏ ਸਨ ਪ੍ਰੰਤੂ ਪੁਲਸ ਨੇ ਕਈ ਪੈਸਾ ਨਹੀਂ ਲਿਆ। ਇਸ ਸਬੰਧ ਵਿਚ ਜ਼ਿਲ੍ਹੇ ਦੇ ਚੈਨਲ ਪੱਤਰਕਾਰਾਂ ਨਾਲ ਸੰਪਰਕ ਕੀਤਾ ਤਾਂ ਉਹਨਾਂ ਦੱਸਿਆ ਕਿ ਸਾਨੂੰ ਤਾਂ ਇਸ ਗੱਲ ਦਾ ਪਤਾ ਹੀ ਨਹੀਂ । ਕਾਂਗਰਸੀ ਆਗੂ ਰਾਮਪਾਲ ਨੰਗਲ ਖਿਲਾੜੀਆਂ ਨੇ ਇਸ ਸਬੰਧ ਵਿਚ ਕਿਹਾ ਕਿ ਫਿਰ ਤਾਂ ਲੋਕ ਰਾਜ ਦਾ ਚੌਥਾ ਥੰਮ ..?
ਇਸ ਸਬੰਧ ਵਿਚ ਇਕ ਕਿਸਾਨ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਦੱਸਿਆ ਕਿ ਕਿ ਹੁਸ਼ਿਆਰਪੁਰ ਜਲੰਧਰ , ਪਠਾਨਕੋਟ ਆਦਿ ਰੋਡਾਂ ਤੇ ਸਰਦੀਆਂ ਦੇ ਮੌਸਮ ਵਿਚ ਜਿੰਨੇ ਵੀ ਪ੍ਰਵਾਸੀ ਮਜ਼ਦੂਰ ਵੇਲਣੇ ਚਲਾ ਰਹੇ ਹਨ ਉਹ ਲੋਕਾਂ ਨੂੰ ਜ਼ਹਿਰ ਹੀ ਵੇਚ ਰਹੇ ਹਨ। ਲੋਹੜੀ ਦਾ ਤਿਉਹਾਰ ਅਤੇ ਨਵਾਂ ਸਾਲ ਚੜ੍ਹਨ ਕਰਕੇ ਗੁੜ ਦੀ ਵਿਕਰੀ ਜ਼ਿਆਦਾ ਹੁੰਦੀ ਹੈ। ਕਿਸਾਨ ਜਿਆਦਾ ਤਰ ਗੰਨਾ ਮਿੱਲ੍ਹਾਂ ਵਿਚ ਸੁੱਟਦੇ ਹਨ ਤੇ ਛੋਟੇ ਕਿਸਾਨ ਆਪਣਾ ਗੰਨਾ ਉਕਤ ਵੇਅਣਿਆਂ ਤੇ ਸੁੱਟਦੇ ਹਨ। ਇਹ ਲੋਕ ਖੰਡ ਸਸਤੀ ਹੋਣ ਕਾਰਨ ਇਕੱਠਾ ਸਟਾਕ ਖਰੀਦਕੇ ਪੱਤ ਵਿਚ ਗੁੜ ਦੀ ਮਿਠਾਸ ਬਣਾਉਣ ਲਈ ਵਰਤਦੇ ਹਨ। ਇਸ ਤੋਂ ਇਲਾਵਾ ਹੋਰ ਕਈ ਤਰ੍ਹਾਂ ਦੇ ਕੈਮੀਕਲ ਵੀ ਗੁੜ ਦੀ ਦਿੱਖ ਅਸਲੀ ਬਣਾਉਣ ਲਈ ਵਰਤੇ ਜਾਂਦੇ ਹਨ ਜੋ ਸਿਹਤ ਲਈ ਬਹੁਤ ਹੀ ਘਾਤਕ ਹਨ। ਸਿਹਤ ਵਿਭਾਗ ਇਸ ਪ੍ਰਤੀ ਪੂਰੀ ਤਰ੍ਹਾਂ ਅਣਜਾਣ ਬਣਿਆਂ ਹੋਇਆ ਹੈ ਤੇ 50-60 ਰੁਪਏ ਕਿਲੋ ਗੁੜ ਨਕਲੀ ਤੇ ਜ਼ਹਿਰੀਲਾ ਗੁੜ ਵੇਚਕੇ ਵੇਲਣਿਆਂ ਵਾਲੇ ਮਾਲੋਮਾਲ ਹੋ ਰਹੇ ਹਨ। ਸਿਹਤ ਵਿਭਾਗ ਨੂੰ ਇਸ ਪਾਸੇ ਵੱਲ ਧਿਆਨ ਦੇਣਾ ਚਾਹੀਦਾ ਹੈ।