ਪੰਜਾਬ ਦੇ ਸਮਾਜ ਸੁਧਾਰਕ ਅਤੇ ਬੁੱਧੀਜੀਵੀ ਸੂਬੇ ’ਚ ਹਰ ਤੀਸਰਾ ਵਿਦਿਆਰਥੀ ਨਸ਼ੇ ਦਾ ਆਦੀ ਹੋਣ ਤੋਂ ਗੰਭੀਰ ਚਿੰਤਤ
Posted on:- 06-12-2014
-ਸ਼ਿਵ ਕੁਮਾਰ ਬਾਵਾ
ਹੁਸ਼ਿਆਰਪੁਰ: ‘ਪੰਜਾਬ ਵਿਚ ਨੌਜਵਾਨਾਂ ਨੂੰ ਸਿੰਥੈਟਿਕ ਨਸ਼ਿਆਂ ਦੀ ਲਤ ਨੇ ਤਬਾਹ ਕਰ ਦਿੱਤਾ ਹੈ। ਇਸ ਵਕਤ ਪੰਜਾਬ ’ਚ ਹਰ ਤੀਸਰਾ ਵਿਦਿਆਰਥੀ ਨਸ਼ੇ ਦਾ ਆਦੀ ਹੈ। ਕੁਰਸੀ ਦੀ ਚੌਧਰ ਦੇ ਭੁੱਖੇ ਸਿਆਸੀ ਆਗੂਆਂ ਦਾ ਇਸ ਗੰਭੀਰ ਮੁੱਦੇ ਵੱਲ ਧਿਆਨ ਹੀ ਨਹੀਂ ਹੈ। ਹੋਪ ਟਰੱਸਟ ਦੇ ਪ੍ਰਬੰਧਕ ਆਗੂਆਂ ਨੇ ਜੋ ਪੰਜਾਬ ਦੇ ਮੌਜੂਦਾ ਹਾਲਾਤਾਂ ਦੀ ਰਿਪੋਰਟ ਜਗ ਜ਼ਾਹਰ ਕੀਤੀ ਹੈ, ਉਹ ਸਮੁੱਚੇ ਭਾਰਤ ਲਈ ਗੰਭੀਰ ਮਸਲਾ ਹੈ ਪ੍ਰੰਤੂ ਪੰਜਾਬੀਆਂ ਲਈ ਹੋਰ ਵੀ ਸੋਚਣ ਅਤੇ ਇਸ ਪਾਸੇ ਵੱਲ ਤਵੱਜੋ ਨਾਲ ਧਿਆਨ ਦੇਣ ਵਾਲਾ ਹੈ। ਪੰਜਾਬ ਦੇ ਦੋਆਬਾ ਅਤੇ ਮਾਝਾ ਖਿੱਤੇ ਦੇ ਲੋਕ ਹੁਣ ਘਰਾਂ ਵਿਚ ਕੱਢਕੇ ਸ਼ਰਾਬ ਨਹੀਂ ਪੀਂਦੇ ਪ੍ਰੰਤੂ ਇਸ ਖਿੱਤੇ ਦੇ ਨੌਜਵਾਨਾਂ ਵਿਚ ਮਹਿੰਗੇ ਨਸ਼ੇ ਕਰਨ ਦੀ ਚਾਹਤ ਨੇ ਹੁਣ ਉਚ ਪਹੁੰਚ ਰੱਖਣ ਵਾਲੇ ਪਰਿਵਾਰਾਂ ਦੀ ਹਾਲਤ ਵੀ ਤਰਸਯੋਗ ਬਣਾਕੇ ਰੱਖ ਦਿੱਤੀ ਹੈ।
ਨੌਜਵਾਨ ਸਮੈਕ ਅਤੇ ਚਿੱਟੇ ਨਸੀਲੇ ਪਾਊਡਰ ਨਾਲ ਕਮਲੇ ਹੋਏ ਫਿਰਦੇ ਹਨ। ਉਹ ਨਸ਼ੇ ਦੀ ਪੂਰਤੀ ਲਈ ਆਪਣੇ ਘਰਦਿਆਂ ਨਾਲ ਤਾਂ ਦਗਾ ਕਰ ਹੀ ਰਹੇ ਹਨ ,ਇਸ ਤੋਂ ਵੀ ਖਤਰਨਾਕ ਗੱਲ ਇਹ ਹੈ ਕਿ ਉਹ ਆਪਣਾ ਡੰਗ ਟਪਾਉਣ ਲਈ ਲੁੱਟ ਖੋਹ, ਚੋਰੀ , ਕਤਲ ਅਤੇ ਅਗਵਾ ਕਰਨ ਵਰਗੀਆਂ ਵਾਰਦਾਤਾਂ ਪੈਸੇ ਲੈ ਕੇ ਕਰ ਰਹੇ ਹਨ। ਬਹੁਤੇ ਕਤਲ ਅਤੇ ਬਲਾਤਕਾਰ ਵਰਗੀਆਂ ਘਟਨਾਵਾਂ ਦੂਸਰੇ ਧੜੇ ਦੇ ਧੱਕੇ ਚੜ੍ਹ ਕਰਨ ਵਾਲੇ ਜਦ ਪੁਲਸ ਨੇ ਕਾਬੂ ਕੀਤੇ ਤਾਂ ਗੁਰੂਆਂ ਪੀਰਾਂ ਵਾਲਾ ਕਹਾਉਣ ਵਾਲਾ ਪੰਜਾਬ ਹੁਣ ਹੋਰ ਹੀ ਨਜ਼ਰ ਆਉਂਦਾ ਹੈ। ਇਹ ਵਿਚਾਰ ਇਸ ਵਕਤ ਹਰ ਸਿਹਤ ਮੰਦ ਪੰਜਾਬੀ ਦੇ ਹਨ ਜੋ ਸਮੁੱਚੇ ਪੰਜਾਬ ਸਮੇਤ ਆਪਣੇ ਦੇਸ਼ ਲਈ ਫਿਕਰਮੰਦ ਹੈ।
ਇਸ ਸਬੰਧ ਵਿਚ ਅੱਜ ਉੱਘੇ ਪ੍ਰਵਾਸੀ ਭਾਰਤੀ ਪ੍ਰਭਜੋਤ ਸਿੰਘ ਸੰਧੂ, ਬਲਰਾਜ ਸੰਘਾ, ਸੁਭਾਸ਼ ਗੰਗੜ , ਤੇਜੀ ਸੰਧੂ, ਅਤੇ ਪੰਜਾਬ ਵਿਚ ਨਸ਼ਿਆਂ ’ਚ ਗਲਤਾਨ ਹੋ ਰਹੇ ਨੌਜਵਾਨਾਂ ਦੇ ਭਵਿੱਖ ਦੇ ਫਿਕਰਮੰਦ ਪਰਵਿੰਦਰ ਸਿੰਘ ਕਿੱਤਣਾ ਨੇ ਦੱਸਿਆ ਕਿ ਉਹ ਪੰਜਾਬ ਦੇ ਨੌਜਵਾਨਾਂ ਵਿੱਚ ਵੱਧ ਰਹੀ ਨਸ਼ਾ ਖੋਰੀ ਦੀ ਹਾਲਤ ਬਾਰੇ ਜਾਣਕੇ ਗੰਭੀਰ ਚਿੰਤਾ ਵਿਚ ਹਨ।
ਉਹਨਾਂ ਪੰਜਾਬ ਵਿਚ ਨਸ਼ਾ ਖੋਰੀ ਬਾਰੇ ਸਰਵੇਖਣ ਕਰਨ ਵਾਲੀ ਸੰਸਥਾਂ ਹੋਪ ਟਰੱਸਟ ਵਲੋਂ ਪੇਸ਼ ਕੀਤੇ ਗਏ ਅੰਕੜਿਆਂ ਨੂੰ ਗੰਭੀਰਤਾ ਨਾਲ ਲੈਂਦਿਆਂ ਆਖਿਆ ਕਿ ਜੇ ਪੰਜਾਬ ਦਾ ਨੌਜਵਾਨ ਵਰਗ ਮਾਰੂ ਨਸ਼ਿਆਂ ਵਿਚ ਗਰਕ ਰਿਹਾ ਹੈ ਤਾਂ ਅੱਗੇ ਆਉਣ ਵਾਲੇ ਸਮੇਂ ਵਿਚ ਪੰਜਾਬ ਦੀ ਬਾਗਡੋਰ ਕਿਹੜੀ ਸਿਆਸੀ ਪਾਰਟੀ ਸੰਭਾਲੇਗੀ ..? ਉਕਤ ਚਿੰਤਕ ਸਮਾਜ ਸੇਵੀਆਂ ਨੇ ਦੱਸਿਆ ਕਿ ਹੋਪ ਟਰੱਸਟ ਦੀ ਰਿਪੋਰਟ ਮੁਤਾਬਿਕ ਪੰਜਾਬ ਦੇ ਸਰਹੱਦੀ ਹਲਕੇ ਵਿਚ 15 ਤੋਂ 25 ਸਾਲ ਤੱਕ ਤੱਕ ਦੇ 78 ਪ੍ਰਤੀਸ਼ਤ ਨੌਜਵਾਨ ਮਾਰੂ ਨਸ਼ਿਆਂ ਦੀ ਲਪੇਟ ਵਿਚ ਹਨ। ਪੰਜਾਬ ਦੇ ਪੂਰੇ ਪਿੰਡਾਂ ਦੇ ਨੌਜਵਾਨ ਲੱਗਭਗ 73 ਪ੍ਰਤੀਸ਼ਤ ਨੌਜਵਾਨ ਨਸ਼ੇ ਦੇ ਆਦੀ ਹੋ ਚੁੱਕੇ ਹਨ।
ਉਕਤ ਆਗੂਆਂ ਨੇ ਹੋਪ ਟਰੱਸਟ ਦੇ ਆਗੂਆਂ ਰਾਹੁਲ ਲੂਥਰ ਅਤੇ ਰਮੇਸ਼ਵਰੀ ਲੂਥਰ ਦੇ ਕਾਰਜ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਵਿਸ਼ਵ ਸਿਹਤ ਸੰਗਠਨ ਅਨੁਸਾਰ ਪੰਜਾਬ ਵਿਚ ਨੌਜਵਾਨਾਂ ਵਿਚ ਨਸ਼ੇ ਦੇ ਆਦੀ ਬਣਨ ਦਾ ਰੁਝਾਨ ਬਹੁਤ ਹੀ ਖਤਰਨਾਕ ਨਤੀਜੇ ਤੇ ਪੁੱਜ ਚੁੱਕਾ ਹੈ। ਉਹਨਾਂ ਦੱਸਿਆ ਕਿ ਪੰਜਾਬ ’ਚ ਅਤਿ ਦਰਜੇ ਦਾ ਮਹਿੰਗਾ ਨਸ਼ਾ ਪੰਜਾਬ ਨੂੰ ਕਮਜੋਰ ਕਰ ਰਿਹਾ ਹੈ ਜਿਸਦਾ ਸੂਬੇ ਦੀ ਤਰੱਕੀ ਸਮੇਤ ਆਉਣ ਵਾਲੀਆਂ ਹਰ ਵਿਧਾਨ ਅਤੇ ਲੋਕ ੋਸਭਾ ਚੋਣਾਂ ਤੇ ਪਵੇਗਾ। ਉਹਨਾਂ ਦੱਸਿਆ ਕਿ ਜੇਕਰ ਪੰਜਾਬ ਦਾ ਸਮੁੱਚਾ ਮੀਡੀਆ ਇਸ ਪਾਸੇ ਨੂੰ ਗੰਭੀਰਤਾ ਨਾਲ ਲਵੇ ਤਾਂ ਹਾਲਾਤਾਂ ਵਿਚ ਸੁਧਾਰ ਆ ਸਕਦਾ ਹੈ ਨਹੀਂ ਤਾਂ ਹਰ ਚੋਣ ਲੜਨ ਵਾਲੇ ਆਗੂ ਦਾ ਭਵਿੱਖ ਉਸ ਵਲੋਂ ਵੰਡੇ ਜਾਣ ਵਾਲੇ ਨਸ਼ੇ ਤੇ ਹੀ ਨਿਰਭਰ ਹੋ ਕੇ ਰਹਿ ਜਾਵੇਗਾ।
ਸਮਾਜ ਸੇਵਕ ਜੋਗਾ ਸਿੰਘ ਬਠੁੱਲਾ ਦਾ ਇਸ ਸਬੰਧ ਵਿਚ ਕਹਿਣ ਹੈ ਕਿ ਕਿਸੇ ਵੇਲੇ ਪੰਜਾਬ ਵਿਚ ਸ਼ਰਾਬ ਪੰਜਾਬੀਆਂ ਦਾ ਸ਼ੌਕੀਨ ਨਸ਼ਾ ਰਿਹਾ ਪ੍ਰੰਤੂ ਹੁਣ ਦੀ ਪੀ੍ਹੜੀ ਸਿੰਥੈਟਿਕ ਡਰੱਗ ਵੱਲ ਨੂੰ ਤੁਰ ਪਈ ਹੈ। ਉਹਨਾਂ ਦੱਸਿਆ ਕਿ ਟਰੱਸਟ ਦੀ ਪੰਜਾਬ ਵਿਚ ਨਸ਼ਿਆਂ ਦੇ ਸਰਵੇਖਣ ਦੀ ਰਿਪੋਰਟ ਦੱਸਦੀ ਹੈ ਕਿ ਪੰਜਾਬ ਦੇ ਪੇਂਡੂ ਹਲਕਿਆਂ ਵਿਚ ਲੱਗਭਗ 68 ਪ੍ਰਤੀਸ਼ਤ ਪਰਿਵਾਰਾਂ ਵਿਚ ਹਰਇਕ ਘਰ ਵਿਚ ਇਕ ਪੱਕਾ ਨਸ਼ੇ ਦਾ ਆਦੀ ਹੈ। ਇਸ ਤੋਂ ਇਲਾਵਾ ਸੂਬੇ ਵਿਚ ਹਰ ਤੀਸਰਾ ਵਿਦਿਆਰਥੀ ਨਸ਼ਾ ਕਰਦਾ ਹੈ। ਪਿੰਡਾਂ ਵਿਚ ਹਰ ਰੋਜ ਨੌਜ਼ਵਾਨ ਨਸ਼ੇ ਦੀ ਵੱਧ ਡੋਜ਼ ਲੈਣ ਜਾਂ ਨਸ਼ਾ ਨਾ ਮਿਲਣ ਦੀ ਸੂਰਤ ਵਿਚ ਆਪ ਹੀ ਦੁੱਖੀ ਹੋ ਕੇ ਆਤਮ ਹੱਤਿਆ ਕਰ ਰਹੇ ਹਨ। ਨੌਜਵਾਨ ਬੇਰਾਂ ਵਾਂਗ ਝੜ ਰਹੇ ਹਨ ਜੋ ਪੰਜਾਬ ਦੇ ਵਿਕਾਸ ਅਤੇ ਤਰੱਕੀ ਲਈ ਗੰਭੀਰ ਮੁੱਦਾ ਹੈ।
ਜ਼ਿਲ੍ਹਾ ਹੁਸ਼ਿਆਰਪੁਰ ਵਿਚ ਨਸ਼ੇ ਦੀ ਤਸਕਰੀ ਦਾ ਕਾਰੋਬਾਰ ਦਿਨ ਪ੍ਰਤੀ ਦਿਨ ਵੱਧ ਰਿਹਾ ਹੈ। ਹਰ ਜਣਾ ਖਣਾ ਆਪਣੀਆਂ ਅਣਅਧਿਕਾਰਤ ਦੁਕਾਨਾਂ ਤੇ ਹੀ ਮੈਡੀਕਲ ਨਾਲ ਸਬੰਧਤ ਨਸੇ ਦੀਆਂ ਗੋਲੀਆਂ ਅਤੇ ਦੁਆਈਆਂ ਵੇਚ ਰਿਹਾ ਹੈ। ਪੁਲਸ ਅਤੇ ਪ੍ਰਸ਼ਾਸ਼ਨ ਦਾ ਇਸ ਪਾਸੇ ਵੱਲ ਧਿਆਨ ਹੀ ਨਹੀਂ ਹੈ। ਉਘੇ ਕਾਮਰੇਡ ਆਗੂ ਦਰਸ਼ਨ ਸਿੰਘ ਮੱਟੂ ਨੇ ਦੱਸਿਆ ਕਿ ਨੌਜਵਾਨਾਂ ਦਾ ਭਵਿੱਖ ਖਰਾਬ ਕਰਨ ਵਿਚ ਸਿਆਸੀ ਆਗੂਆਂ ਦਾ ਵੱਡਾ ਰੋਲ ਹੈ। ਉਹ ਆਪਣੀਆਂ ਕੁਰਸੀਆਂ ਨੂੰ ਬਚਾਉਣ ਲਈ ਇਕ ਦੂਸਰੇ ਤੋਂ ਵੱਧ ਦੱਸਣ ਲਈ ਆਪਣੇ ਮੁਕਾਬਲੇ ਦੇ ਆਗੂਆਂ ਨੂੰ ਨੀਵਾਂ ਦਿਖਾਉਣ ਲਈ ਆਪਣੇ ਸਮੱਰਥਕ ਦੱਸਣ ਲਈ ਨਸ਼ਿਆਂ ’ਚ ਝੋਕ ਰਹੇ ਹਨ। ਉਹਨਾਂ ਦੱਸਿਆ ਕਿ ਪਾਰਟੀਆਂ ਦੀ ਰੈਲੀ ਵਿਚ ਮੌਜੂਦਾ ਆਗੂ ਦੇਸ਼ ਦਾ ਭਵਿੱਖ ਸਵਾਰਨ ਦੀਆਂ ਸਿਰਫ ਗੱਲਾਂ ਕਰਦੇ ਹਨ ਪ੍ਰੰਤੂ ਉਹ ਗੱਲਾਂ ਉਹਨਾਂ ਨੂੰ ਹੀ ਸੁਣਾ ਰਹੇ ਹੁੰਦੇ ਹਨ ਜਿਹਨਾਂ ਦੇ ਚਮਚੇ ਆਗੂਆਂ ਵਲੋਂ ਉਹਨਾਂ ਨੂੰ ਸੁਣਨ ਲਈ ਪ੍ਰਤੀ 200 ਰੁਪਏ ਦਿਹਾੜੀ ਅਤੇ ਸ਼ਾਮ ਨੂੰ ਸ਼ਰਾਬ ਜਾਂ ਹੋਰ ਨਸ਼ੇ ਦੇਣ ਦਾ ਬਾਅਦਾ ਕਰਕੇ ਲਿਆਂਦਾ ਹੁੰਦਾ ਹੈ । ਹੋਪ ਟਰੱਸਟ ਦੇ ਆਗੂਆਂ ਸਮੇਤ ਸੂਝਵਾਨ ਲੋਕਾਂ ਦੀ ਨੌਜਵਾਨਾਂ ਨੂੰ ਅਪੀਲ ਹੈ ਕਿ ਉਹ ਸਦਾ ਲਈ ਮਾਰੂ ਨਸ਼ਿਆਂ ਦਾ ਤਿਆਗ ਕਰਕੇ ਸੂਬੇ ਅਤੇ ਦੇਸ਼ ਦੀ ਤਰੱਕੀ ਲਈ ਆਪਣਾ ਯੋਗਦਾਨ ਪਾਉਣ ।