ਦੇਸ਼ ਲਈ ਕੁਰਬਾਨੀਆਂ ਦੇਣ ਵਾਲੀਆਂ ਸ਼ਖ਼ਸੀਅਤਾਂ ਦੇ ਬੁੱਤਾਂ ਦੀ ਹੋ ਰਹੀ ਹੈ ਬੇਅਦਬੀ
Posted on:- 30-11-2014
-ਸ਼ਿਵ ਕੁਮਾਰ ਬਾਵਾ
ਜ਼ਿਲ੍ਹਾ ਹੁਸ਼ਿਆਰਪੁਰ ਵਿਚ ਕਈ ਸਥਾਨ ਅਜਿਹੇ ਹਨ, ਜਿਥੇ ਦੇਸ਼ ਲਈ ਕੁਰਬਾਨੀਆਂ , ਨਾਂਅ ਚਮਕਾਉਣ ਅਤੇ ਦੇਸ਼ ਲਈ ਮਰ ਮਿੱਟਣ ਵਾਲੀਆਂ ਸ਼ਖ਼ਸੀਅਤਾਂ ਦੇ ਸਤਿਕਾਰ ਵਜੋਂ ਬੁੱਤ ਤਾਂ ਲਾਏ ਗਏ ਹਨ ਪ੍ਰੰਤੂ ਉਹਨਾਂ ਦੀ ਸਾਂਭ ਸੰਭਾਲ ਵੱਲ ਕਿਸੇ ਦਾ ਵੀ ਧਿਆਨ ਨਹੀਂ ਹੈ। ਸ਼ਰਾਰਤੀ ਅਨਸਰ ਉਕਤ ਬੁੱਤਾਂ ਨਾਲ ਛੇੜ ਛਾੜ ਕਰਦੇ ਹਨ ਅਤੇ ਉਕਤ ਬੁੱਤਾਂ ਵਾਲੀਆਂ ਪਾਰਕਾਂ ਨਰਕ ਦਾ ਕੇਂਦਰ ਬਣੀਆਂ ਹੋਈਆਂ ਹਨ ਜਿਹਨਾਂ ਨੂੰ ਦੇਖਕੇ ਚੰਗੀ ਸੋਚ ਰੱਖਣ ਵਾਲੇ ਲੋਕਾਂ ਦੇ ਸਿਰ ਸ਼ਰਮ ਨਾਲ ਝੁੱਕਦੇ ਹਨ। ਪਿੰਡ ਸੂਨੀ ਵਿਖੇ ਨਹਿਰ ਦੇ ਕੰਢੇ ਤੇ ਲਾਏ ਡਾ ਅੰਬੇਡਕਰ ਸਾਹਿਬ , ਹੁਸ਼ਿਆਰਪੁਰ ਵਿਖੇ ਹੀ ਮੁੱਖ ਸੜਕ ਤੇ ਲੱਗੇ ਸ਼ਹੀਦ ਭਗਤ ਸਿੰਘ ਤੋਂ ਇਲਾਵਾ ਹੁਸ਼ਿਆਰਪੁਰ ਫਗਵਾੜਾ ਰੋਡ ਤੇ ਸਥਿੱਤ ਰਹੀਮਪੁਰ ਵਿਖੇ ਇੱਕ ਨਿਜੀ ਮਾਰਕੀਟ ਵਿਚ ਬਣਾਏ ਗਏ ਮਹਾਤਮਾ ਗਾਂਧੀ ਦੇ ਬੁੱਤ ਦੀ ਸ਼ਰੇਆਮ ਬੇਅਦਬੀ ਹੋ ਰਹੀ ਹੈ।
ਉਕਤ ਬੁੱਤਾਂ ਦੀ ਕਦਰ ਉਕਤ ਸ਼ਖ਼ਸੀਅਤਾਂ ਦੇ ਜਨਮ ਅਤੇ ਮਰਨ ਦਿਵਸਾਂ ਮੌਕੇ ਹੀ ਹੁੰਦੀ ਹੈ। ਉਸ ਸਮੇਂ ਵੱਖ ਵੱਖ ਸਿਆਸੀ ਪਾਰਟੀਆਂ ਸਮੇਤ ਸਰਕਾਰਾਂ ਚਲਾਉਣ ਵਾਲੇ ਮੰਤਰੀ ਸਿਰਫ ਅਖਬਾਰਾਂ ਵਿਚ ਛਾਉਣ ਲਈ ਲੱਗੇ ਬੁੱਤਾਂ ਤੇ ਹਾਰ ਪਾਉਂਦੇ ਹਨਅਤੇ ਦੂਸਰੇ ਦਿਨ ਹੀ ਭੁੱਲ ਜਾਂਦੇ ਹਨ। ਫਿਰ ਸਾਲ ਪਿੱਛੋਂ ਹੀ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ। ਰਹੀਮਪਰ ਦੇ ਲੋਕਾਂ ਨੇ ਦੱਸਿਆ ਕਿ ਸਮੇਂ ਸੋਮੇਂ ਤੇ ਸਰਕਾਰਾਂ ਅਜ਼ਾਦੀ ਦਿਵਸ, ਗਣਤੰਤਰਤਾ ਦਿਵਸ ਮਨਾਉਂਦੀਆਂ ਹਨ ਪ੍ਰੰਤੂ ਦੇਸ਼ ਲਈ ਮਹਾਨ ਕੁਰਬਾਨੀ ਕਰਨ ਅਤੇ ਦੇਸ਼ ਨੂੰ ਬੁਲੰਦੀਆਂ ਤੇ ਪਹੰਚਾਉਣ ਵਾਲੇ ਬਾਪੂ ਗਾਂਧੀ ਦੇ ਇਸ ਅਧੂਰੇ ਬੁੱਤ ਵੱਲ ਕਿਸੇ ਵੀ ਸਿਆਸੀ ਪਾਰਟੀ ਦੇ ਆਗੂ ਦਾ ਧਿਆਨ ਹੀ ਨਹੀਂ ਪੈ ਰਿਹਾ।
ਇਸ ਬੁੱਤ ਨੂੰ ਬਣਵਾਕੇ ਆਪਣੀ ਮਾਰਕੀਟ ਵਿਚ ਲਾਉਣ ਵਾਲੇ ਸਮਾਜ ਸੇਵੀ ਦਾ ਬਾਪੂ ਗਾਂਧੀ ਪ੍ਰਤੀ ਅਥਾਹ ਪਿਆਰ ਹੋਵੇਗਾ, ਪ੍ਰੰਤੂ ਮਹਾਤਮਾ ਗਾਂਧੀ ਦੇ ਹੱਥ ਵਿਚ ਨਾ ਤਾਂ ਉਸਦੀ ਪੱਕੀ ਪਹਿਚਾਣ ਵਾਲਾ ਡੰਡਾ ਦਿਖਾਈ ਦਿੰਦਾ ਹੈ ਅਤੇ ਨਾ ਹੀ ਉਸ ਉਤੇ ਛੱਤ ਹੈ। ਬਹੁਤ ਸਾਰੇ ਸ਼ਰਾਰਤੀ ਅਨਸਰ ਬਾਪੂ ਦੇ ਹੱਥ ਵਿਚ ਲੱਕੜੀ ਦਾ ਡੰਡਾ ਫਸਾ ਚੁੱਕੇ ਹਨ ਤੇ ਉਹ ਵੀ ਦੂਸਰੇ ਦਿਨ ਕੋਈ ਲਾਹ ਲੈਂਦਾ ਹੈ। ਹੋਰ ਤਾਂ ਹੋਰ ਬੁੱਤ ਤੇ ਛੱਤ ਨਾ ਹੋਣ ਕਾਰਨ ਮਹਾਤਮਾ ਗਾਂਧੀ ਦੇ ਬੁੱਤ ਉਤੇ ਬੈਠੇ ਪੰਛੀ ਬਿੱਠਾਂ ਕਰ ਕੇ ਲਬੇੜ ਦਿੰਦੇ ਹਨ। ਇਸ ਬੁੱਤ ਨੂੰ ਰੰਗ ਕੀਤੇ ਨੂੰ ਵੀ ਬਹੁਤ ਸਮਾਂ ਹੋ ਚੁੱਕਾ ਹੈ। ਬਾਪੂ ਗਾਂਧੀ ਦੇ ਇਸ ਬੁੱਤ ਦੇ ਆਲੇ ਦੁਆਲੇ ਸ਼ਰਾਬੀਆਂ ਦੀ ਰੌਣਕ ਲੱਗੀ ਰਹਿੰਦੀ ਹੈ।
ਇਸ ਬੁੱਤ ਦੇ ਨਜ਼ਦੀਕ ਹੀ ਸ਼ਰਾਬ ਦਾ ਠੇਕਾ ਅਤੇ ਅਹਾਤਾ ਹੈ। ਰਾਤ ਵੇਲੇ ਤਾਂ ਕਈ ਸ਼ਰਾਬੀ ਨਸ਼ੇ ਵਿਚ ਧੁੱਤ ਹੋ ਕੇ ਪਿਸ਼ਾਬ ਵੀ ਕਰਦੇ ਦੇਖੇ ਗਏ ਹਨ। ਲੋਕਾਂ ਦੀ ਮੰਗ ਹੈ ਕਿ ਉਕਤ ਬੁੱਤ ਦੀ ਸਾਂਭ ਸੰਭਾਲ ਕੀਤੀ ਜਾਵੇ। ਅਧੂਰੇ ਬੁੱਤ ਨੂੰ ਪੂਰਾ ਕਰਵਾਇਆ ਜਾਵੇ। ਉਹਨਾਂ ਕਿਹਾ ਕਿ ਜੇਕਰ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਵਲੋਂ ਬਾਪੂ ਗਾਂਧੀ ਦੇ ਬੁੱਤ ਦੀ ਹੋ ਰਹੀ ਬੇਅਦਬੀ ਨੂੰ ਨਾ ਰੋਕਿਆ ਤਾਂ ਉਹ ਇਸਦਾ ਸਖਤ ਨੋਟਿਸ ਲੈ ਕੇ ਸੰਘਰਸ਼ ਕਰਨਗੇ।