ਜੰਮੂ ਕਸ਼ਮੀਰ ’ਚ ਸ਼ਹੀਦ ਹੋਏ ਨਾਇਕ ਜਗਸੀਰ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ
Posted on:- 28-11-2014
ਵਿਧਵਾ ਹੋਣ ਦਾ ਗ਼ਮ ਹੈ ਪਰ ਸ਼ਹੀਦ ਹੋਣ ਤੇ ਫਖਰ :ਬਲਵੀਰ ਕੌਰ
- ਜਸਪਾਲ ਸਿੰਘ ਜੱਸੀ
ਬੁਢਲਾਡਾ: ਜੰਮੂ ਕਸ਼ਮੀਰ ਚ ਅਰਨੀਆਂ ਖੇਤਰ ਦੇ ਕੋਠੇ ਪਿੰਡ ਅੰਦਰ ਦਹਿਸ਼ਤਗਰਦਾਂ ਨਾਲ ਹੋਏ ਜ਼ਬਰਦਸਤ ਮੁਕਾਬਲੇ ਦੋਰਾਨ ਬੋਹਾ ਦੇ ਦਲਿਤ ਪਰਿਵਾਰ ਨਾਲ ਸਬੰਧਤ ਜਗਸੀਰ ਸਿੰਘ ਸ਼ਹਾਦਤ ਦਾ ਜਾਮ ਪੀ ਗਿਆ।ਸ਼ਹੀਦ ਨਾਇਕ ਜਗਸੀਰ ਸਿੰਘ ਪੰਜ ਸਿੱਖਲਾਈਟ,ਪਠਾਨਕੋਟ ਯੂਨਿਟ ਦਾ ਜਵਾਨ ਸੀ ਜਿਹੜਾ ਅਪ੍ਰੈਲ 1999 ਚ ਫੋਜ ਚ ਭਰਤੀ ਹੋਇਆ ਸੀ।ਸ਼ਹੀਦ ਦੀ ਮ੍ਰਿਤਕ ਦੇਹ ਨੂੰ ਅੱਜ 2:25 ਵਜੇ ਉਨ੍ਹਾਂ ਦੇ ਜੱਦੀ ਪਿੰਡ ਬੋਹਾ ਵਿਖੇ ਲਿਆਂਦਾ ਗਿਆ।ਕੱਲ੍ਹ ਸ਼ਾਮ ਨਾਇਕ ਜਗਸੀਰ ਸਿੰਘ ਦੀ ਸ਼ਹਾਦਤ ਦੀ ਖਬਰ ਇਲਾਕੇ ਚ ਜੰਗਲ ਦੀ ਅੱਗ ਵਾਂਗ ਦੌੜ ਗਈ ਸੀ ਜਿਸ ਨਾਲ ਬੋਹਾ ਅਤੇ ਆਸ-ਪਾਸ ਦੇ ਪਿੰਡਾਂ ਅੰਦਰ ਮਾਤਮ ਛਾਅ ਗਿਆ।
ਅੱਜ ਤੜਕ ਸਾਰ ਇਲਾਕੇ ਦੇ ਪਿੰਡਾਂ ਚ ਵੱਡੀ ਗਿਣਤੀ ਲੋਕ ਸ਼ਹੀਦ ਨਾਇਕ ਦੇ ਘਰ ਚ ਇਕੱਤਰ ਹੋਕੇ ਪਰਿਵਾਰ ਚ ਸ਼ਰੀਕ ਹੋਣੇ ਸ਼ੁਰਂੂ ਹੋ ਗਏ ਸਨ ਅਤੇ ਸਸਕਾਰ ਸਮੇਂ ਤਕਬੀਨ 5 ਹਜਾਰ ਲੋਕਾਂ ਨੇ ਸ਼ਹੀਦ ਨਾਇਕ ਜਗਸੀਰ ਸਿੰਘ ਨੂੰ ਨਮ ਅੱਖਾਂ ਨਾਲ ਸ਼ਰਧਾਂਜਲੀ ਭੇਟ ਕੀਤੀ।ਦੇਸ਼ ਨੂੰ ਬਾਹਰੀ ਦੁਸ਼ਮਣਾ ਤੋ ਬਚਾਉਂਦਿਆਂ ਸ਼ਹਾਦਤ ਦਾ ਜਾਮ ਪੀਣ ਵਾਲੇ ਬੋਹਾ ਦਾ ਇਹ ਤੀਸਰਾ ਜਵਾਨ ਹੈ।ਜਿਸ ਨੇ ਦੇਸ਼ ਦੇ ਦੁਸ਼ਮਣਾਂ ਦਾ ਬਹਾਦਰੀ ਨਾਲ ਮੁਕਾਬਲਾ ਕਰਦਿਆਂ ‘ਆਪਾ’ ਨਿਸ਼ਾਵਰ ਕੀਤਾ ਹੈ।ਸ਼ਹੀਦ ਨਾਇਕ ਜਗਸੀਰ ਸਿੰਘ ਦੀ ਚਿਖਾ .ਨੂੰ ਅੱਗ ਉਨਾਂ ਦੇ 2 ਸਾਲਾ ਬੇਟੇ ਹਰਮਨਜੋਤ ਸਿੰਘ ਨੇ ਦਿਖਾਈ।
ਰਾਸ਼ਟਰੀ ਸਨਮਾਨਾਂ ਨਾਲ ਸਸਕਾਰ
ਸ਼ਹੀਦ ਨਾਇਕ ਜਗਸੀਰ ਸਿੰਘ ਦਾ ਅੱਜ ਉਨਾਂ ਦੇ ਜੱਦੀ ਪਿੰਡ ਬੋਹਾ ਵਿਖੇ ਰਾਸ਼ਟਰੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ।ਜਿਸ ਦੋਰਾਨ ਸੂਬੇਦਾਰ ਰਾਮ ਕਿਸ਼ਨ ਦੀ ਅਗਵਾਈ ਚ 10 ਜਵਾਨਾਂ ਦੀ ਟੁਕੜੀ ਨੇ ਫਾਇਰ ਕਰਕੇ ਸ਼ਰਧਾਂਜਲੀ ਭੇਟ ਕੀਤੀ।ਇਸ ਮੌਕੇ ਸਿੱਖਲਾਇਟ ਇੰਨਫੈਨਟਰੀ ਦੇ ਨਾਇਬ ਸੂਬੇਦਾਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਸ਼ਹੀਦ ਨਾਇਕ ਜਗਸੀਰ ਸਿੰਘ ਅਤੇ ਸ਼ਹੀਦ ਕੁਲਵਿੰਦਰ ਸਿੰਘ ਜੋ ਕਿ ਦਹਿਸ਼ਤਗਰਦਾਂ ਨਾਲ ਹੋਏ ਮੁਕਾਬਲੇ ਦੋਰਾਨ ਫਾਰਵਡ ਪੁਜੀਸ਼ਨ ਤੇ ਤਾਇਨਾਤ ਸਨ ਜਿਨ੍ਹਾਂ ਨੇ ਲੱਗਭੱਗ 6 ਘੰਟੇ ਦਹਿਸ਼ਤਗਰਦਾਂ ਨਾਲ ਮੁਕਾਬਲਾ ਕੀਤਾ ਅਤੇ ਇਸ ਦੋਰਾਨ ਦਹਿਸ਼ਤਗਰਦਾਂ ਦੀ ਗੋਲੀ ਲੱਗਣ ਨਾਲ ਸ਼ਹੀਦ ਹੋਏ।
ਤੁਸੀ ਮੁੜ ਆਓ ਪਾਪਾ...
ਜਿਉ ਹੀ ਸ਼ਹੀਦ ਨਾਇਕ ਦੀ ਮ੍ਰਿਤਕ ਦੇਹ ਨੂੰ ਤਬੂਜ ਬਾਹਰ ਕੱਢਿਆ ਤਾਂ ਸਹਿਮ ਦੇ ਮਾਹੌਲ ਚ ਚੀਕ-ਚਿਹਾੜਾ ਮੱਚ ਗਿਆ।ਮ੍ਰਿਤਕ ਦੀ 7 ਸਾਲਾ ਬੇਟੀ ਅਰਸ਼ਦੀਪ ਕੌਰ ਚੀਖ-ਚੀਖਕੇ ਵਾਰ-ਵਾਰ ਇਹੀ ਕਹਿ ਰਹੀ ਸੀ ਕਿ ਤੁਸੀ ਮੁੜ ਆਓ ਪਾਪਾ...!
ਦੂਰ ਜਾਣ ਦਾ ਗਮ ਹੈ ਪਰ ਸ਼ਹੀਦ ਹੋਣ ’ਤੇ ਫਖਰ...
ਫੌਜ ਚ ਭਰਤੀ ਹੋਣ ਉਪਰੰਤ ਪਰਿਵਾਰ ਚ ਦੇਸ਼ ਭਗਤੀ ਦੀ ਭਾਵਨਾਂ ਨੂੰ ਕੁੱਟ-ਕੁੱਟਕੇ ਭਰਨ ਵਾਲੇ ਸ਼ਹੀਦ ਨਾਇਕ ਜਗਸੀਰ ਸਿੰਘ ਦੀ ਵਿਧਵਾ ਬਲਵੀਰ ਕੌਰ ਨੇ ਅੰਤਿਮ ਦਰਸ਼ਨਾਂ ਮੋਕੇ ਅੱਖ ਚੋ ਇੱਕ ਵੀ ਹੰਝੂ ਨਾਂ ਵਹਾ ਕਿ ਜਿੱਥੇ ਦੇਸ਼ ਭਗਤੀ ਅਤੇ ਬਹਾਦਰ ਹੋਣ ਦਾ ਸਬੂਤ ਦਿੱਤਾ ਉਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਸ਼ਹੀਦ ਫੌਜੀ ਦੇ ਦੂਰ ਜਾਣ ਦਾ ਗਮ ਹੈ ਪਰ ਸ਼ਹਾਦਤ ਦੇ ਫਖਰ ਹੈ।ਉਨਾਂ ਕਿ ਆਪਣੇ ਬੇਟੇ ਨੂੰ ਵੀ ਦੇਸ਼ ਦੀ ਸੇਵਾ ਲਈ ਫੌਜ ਭਰਤੀ ਹੋਣ ਲਈ ਪ੍ਰੇਰਿਤ ਕਰੇਗੀ।
ਸੋਗ ਚ ਕਾਰੋਬਾਰੀਆਂ ਨੇ ਰੱਖੀਆਂ ਦੁਕਾਨਾਂ ਬੰਦ
ਬੋਹਾ ਚ ਖੇਤ ਮਜਦੂਰ ਪਰਿਵਾਰ ਦੇ ਜਮਪਲ ਨਾਇਕ ਜਗਸੀਰ ਸਿੰਘ ਦੀ ਸ਼ਹਾਦਤ ਦੀ ਖਬਰ ਬੀਤੀ ਕੱਲ੍ਹ ਦੇਰ ਸ਼ਾਮ ਮਿਲਦਿਆਂ ਹੀ ਵਪਾਰ ਮੰਡਲ ਦੇ ਆਗੂਆਂ ਨੇ ਪਰਿਵਾਰ ਦੇ ਦੁੱਖ ਚ ਸ਼ਰੀਕ ਹੁੰਦਿਆਂ ਅੱਜ ਪੂਰਾ ਦਿਨ ਆਪਣੀਆਂ ਦੁਕਾਨਾਂ ਬੰਦ ਰੱਖਣ ਦਾ ਫੈਸਲਾ ਲਿਆ।ਜਿਸ ਦੇ ਫਲਸਰੂਪ ਪੂਰਾ ਦਿਨ ਬੋਹਾ ਦੇ ਬਜਾਰ ਬੰਦ ਰਹੇ।
ਬੇਹੱਦ ਹੋਣਹਾਰ ਤੇ ਲਾਇਕ ਬੱਚਾ ਸੀ ਜਗਸੀਰ ਸਿੰਘ
ਸਰਕਾਰੀ ਸੈਕੰਡਰੀ ਸਕੂਲ ਬੋਹਾ ਚ ਸ਼ਹੀਦ ਨਾਇਕ ਦੇ ਅਧਿਆਪਕ ਰਹੇ ਉੱਘੇ ਨਾਟਕ ਲੇਖਕ ਤੇ ਨਿਰਦੇਸ਼ਕ ਡਾ.ਕੁਲਦੀਪ ਸਿੰਘ ਦੀਪ ਨੇ ਦੱਸਿਆ ਕਿ ਪੜ੍ਹਨ ਦੌਰਾਨ ਜਗਸੀਰ ਸਿੰਘ ਬੇਹੱਦ ਹੁਸ਼ਿਆਰ ਅਤੇ ਲਾਇਕ ਬੱਚਾ ਸੀ।ਸ਼ਰਮੀਲਾ ਤੇ ਚੁੱਪ-ਚਾਪ..।ਉਨਾਂ ਦੱਸਿਆ ਕਿ ਜਗਸੀਰ ਰੰਗ-ਮੰਚ ਨਾਲ ਵੀ ਜੁੜਿਆ ਹੋਇਆ ਸੀ ਜਿਸ ਨੇ ਉਨਾਂ ਦੇ ਨਾਟਕ ਰਿਸ਼ਮਾਂ ਦੇ ਕਾਤਲ,ਹਨੇਰੇ ਤੋਂ ਚਾਨਣ ਵੱਲ ਅਤੇ ਇਹ ਜੰਗ ਕੌਣ ਲੜੇ ਚ ਅਹਿਮ ਭੂਮਿਕਾਵਾਂ ਨਿਭਾਈਆਂ।
ਅਤਿੰਮ ਸ਼ਰਧਾਂਜਲੀ ਚ ਸ਼ਰੀਕ ਹੋਏ ਐਸ.ਡੀ.ਐਮ ਅਨਮੋਲ ਸਿੰਘ ਧਾਲੀਵਾਲ,ਸਰਦੁਲਗੜ੍ਹ ਤੋ ਕਾਂਗਰਸੀ ਵਿਧਾਇਕ ਅਜੀਤ ਇੰਦਰ ਸਿੰਘ ਮੋਫਰ,ਐਮ.ਐਲ.ਏ ਚਤਿੰਨ ਸਿੰਘ ਸਮਾਂਓ,ਡੀ.ਐਸ.ਪੀ ਰਾਜਵੀਰ ਸਿੰਘ ਬੋਪਾਰਾਏ,ਨਾਇਬ ਤਹਿਸੀਲਦਾਰ ਮਹਿੰਦਰ ਸਿੰਘ,ਜਿਲਾ ਸੈਨਿਕ ਭਲਾਈ ਵਿਭਾਗ ਤੋ ਹਰਮੀਤ ਸਿੰਘ,ਐਸ.ਐਚ.ਓ ਰਣਬੀਰ ਸਿੰਘ ਪਹਿਲਵਾਨ,ਜਥੇਦਾਰ ਜੋਗਾ ਸਿੰਘ ਬੋਹਾ,ਕਾਂਗਰਸ ਪਾਰਟੀ ਦੇ ਹਰਪ੍ਰੀਤ ਸਿੰਘ ਪਿਆਰੀ,ਕਰਨੈਲ ਸਿੰਘ ਖਾਲਸਾ,ਲਸ਼ਮਣ ਸਿੰਘ ਕੁਲਾਣਾ,ਐਸ.ਸੀ/ਬੀ.ਸੀ ਅਧਿਆਪਕ ਯੂਨੀਅਨ ਦੇ ਜਿਲਾ ਪ੍ਰਧਾਨ ਗੁਰਜੰਟ ਸਿੰਘ ਬੋਹਾ,ਸਮਾਜ ਸੇਵੀ ਦਰਸ਼ਨ ਸਿੰਘ ਜੱਸੜ ਤੋ ਇਲਾਵਾ ਵੱਡੀ ਗਿਣਤੀ ਇਲਾਕਾ ਨਿਵਾਸੀਆਂ ਨੇ ਸ਼ਹੀਦ ਨੂੰ ਸੇਜਲ ਅੱਖਾਂ ਨਾਲ ਸ਼ਰਧਾਂਜਲੀਆਂ ਭੇਟ ਕੀਤੀਆ ।