ਇੱਕ ਅਰਬ ਪੰਜ ਕਰੋੜ ਰੁਪਏ ਦੀ ਹੈਰੋਇਨ ਬਰਾਮਦ
Posted on:- 26-11-2014
ਬੀ ਐਸ ਭੁੱਲਰ/ਬਠਿੰਡਾ : 105
ਕਰੋੜ ਰੁਪਏ ਮੁੱਲ ਦੀ 21 ਕਿਲੋਗਰਾਮ ਹੈਰੋਇਨ ਬਰਾਮਦ ਕਰਕੇ ਕਾਊਂਟਰ ਇੰਟੈਲੀਜੈਂਸ ਨੇ
ਸਮੱਗਲਰਾਂ ਦੇ ਇੱਕ ਅਜਿਹੇ ਕੌਮਾਂਤਰੀ ਗਿਰੋਹ ਨੂੰ ਬੇਨਕਾਬ ਕਰਨ ਵਿੱਚ ਸਫਲਤਾ ਹਾਸਲ ਕੀਤੀ
ਹੈ, ਪੰਜਾਬ ਪੁਲਿਸ ਦੇ ਦਬਾਅ ਦੇ ਚਲਦਿਆਂ ਜਿਸ ਨੇ ਆਪਣਾ ਅਪਰੇਸ਼ਨਲ ਖੇਤਰ ਰਾਜਸਥਾਨ ਵਿਖੇ
ਤਬਦੀਲ ਕਰ ਲਿਆ ਸੀ।
ਅੱਜ ਇੱਥੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ
ਕਾਊਂਟਰ ਇੰਟੈਲੀਜੈਂਸ ਬਠਿੰਡਾ ਜ਼ੋਨ ਦੇ ਇੰਸਪੈਕਟਰ ਜਨਰਲ ਡਾ. ਜਤਿੰਦਰ ਜੈਨ ਨੇ ਦਸਿਆ ਕਿ
ਇੱਕ ਗੁਪਤ ਅਪਰੇਸ਼ਨ ਦੌਰਾਨ ਏਆਈਜੀ ਅਜੈ ਮਲੂਜਾ ਦੀ ਨਿਗਰਾਨੀ ਹੇਠਲੀ ਟੀਮ ਨੇ
ਪੀਬੀ-60/6441 ਟਯੋਟਾ ਕੋਇਰਾਲਾ ਕਾਰ 'ਚੋਂ ਹੈਰੋਇਨ ਦੇ 21 ਪੈਕਟ ਬਰਾਮਦ ਕਰਕੇ ਜੁਗਰਾਜ
ਸਿੰਘ ਵਾਸੀ ਰਤੋਕੇ ਥਾਣਾ ਖੇਮਕਰਨ, ਜਗਵੀਰ ਸਿੰਘ ਵਾਸੀ ਦਾਸੂਵਾਲ ਥਾਣਾ ਬਲਕੋਹਾ, ਸੰਦੀਪ
ਸਿੰਘ ਅਤੇ ਅਮਰਜੀਤ ਸਿੰਘ ਵਾਸੀਆਨ ਕੇਰੀਆ ਥਾਣਾ ਸਦਰ ਫਾਜਿਲਕਾ ਅਤੇ ਇੰਦਰਜੀਤ ਸਿੰਘ ਨੂੰ
ਥਾਨਾ ਸਿਟੀ ਮਲੋਟ ਵਿਖੇ ਐਨਡੀਪੀਐਸ ਐਕਟ ਅਧੀਨ ਗ੍ਰਿਫਤਾਰ ਕੀਤਾ ਹੈ। ਡਾ. ਜੈਨ ਨੇ ਦੱਸਿਆ
ਕਿ 21 ਕਿਲੋਗਰਾਮ ਵਜਨ ਦੀ ਇਸ ਹੈਰੋਇਨ ਦੀ ਕੌਮਾਂਤਰੀ ਮੰਡੀ ਵਿੱਚ ਕੀਮਤ 105 ਕਰੋੜ
ਰੁਪਏ ਬਣਦੀ ਹੈ। ਇਨ੍ਹਾਂ ਸਮਗਲਰਾਂ ਤੋਂ 1 ਲੱਖ 10 ਹਜ਼ਾਰ ਦੀ ਨਗਦੀ, 3 ਪਾਕਿਸਤਾਨੀ ਸਿੰਮ
ਅਤੇ 6 ਮੋਬਾਇਲ ਫੋਨ ਵੀ ਬਰਾਮਦ ਹੋਏ ਹਨ। ਗਿਰੋਹ ਦਾ ਸਰਗਨਾ ਅਮੋਲਕ ਸਿੰਘ ਅਤੇ 4
ਅਣਪਛਾਤੇ ਇਨੋਵਾ ਕਾਰ ਨੰ. ਪੀਬੀ-04-ਵੀ-ਜ਼ੈਡ 3665 ਅਤੇ ਸ਼ਵਿਫਟ ਡਿਜਾਇਰ ਕਾਰ ਨੰ. ਪੀਬੀ
30-ਐਮ 8905 ਰਾਹੀਂ ਫਰਾਰ ਹੋ ਗਏ ਸਨ, ਜਿਨ੍ਹਾਂ 'ਚੋਂ ਸਰਗਨੇ ਦੇ ਭਤੀਜੇ ਨੂੰ ਥੋਹੜੇ
ਸਮੇਂ ਬਾਅਦ ਕਾਬੂ ਕਰ ਲਿਆ।
ਡਾ. ਜੈਨ ਨੇ ਦੱਸਿਆ ਕਿ ਅਮੋਲਕ ਸਿੰਘ ਬਹੁਤ ਹੀ ਬਦਨਾਮ
ਅਤੇ ਭਗੌੜਾ ਸਮਗਲਰ ਹੈ, ਜਿਸ ਨੂੰ ਥਾਣਾ ਢਿਲਵਾਂ ਜ਼ਿਲ੍ਹਾ ਕਪੂਰਥਲਾ ਵਿਖੇ 55 ਕਿਲੋਗਰਾਮ
ਹੈਰੋਇਨ ਅਤੇ 22 ਕਿਲੋਗਰਾਮ ਅਫੀਮ ਬਰਾਮਦ ਹੋਣ ਦੇ ਦੋਸ਼ ਹੇਠ ਦਰਜ ਮੁਕੱਦਮੇ ਵਿੱਚ 10 ਸਾਲ
ਦੀ ਕੈਦ ਅਤੇ 1 ਲੱਖ ਰੁਪਏ ਜ਼ੁਰਮਾਨਾ, ਥਾਣਾ ਸਾਹਨੇਵਾਲ ਜ਼ਿਲ੍ਹਾ ਲੁਧਿਆਣਾ ਵਿਖੇ 2
ਕਿਲੋਗਰਾਮ ਹੈਰੋਇਨ ਬਰਾਮਦ ਹੋਣ ਤਹਿਤ ਦਰਜ ਮੁਕੱਦਮੇ ਵਿੱਚ 5 ਸਾਲ ਦੀ ਕੈਦ ਅਤੇ 1 ਲੱਖ
10 ਹਜ਼ਾਰ ਰੁਪਏ ਦਾ ਜ਼ੁਰਮਾਨਾ ਹੋ ਚੁੱਕਾ ਹੈ। ਉਸ ਵਿਰੁੱਧ ਥਾਣਾ ਬੀ. ਡਵੀਜ਼ਨ ਅੰਮ੍ਰਿਤਸਰ
ਵਿਖੇ 8 ਕਿਲੋਗਰਾਮ ਹੈਰੋਇਨ ਬਰਾਮਦ ਹੋਣ ਸਦਕਾ ਮੁਕੱਦਮੇ ਦਰਜ ਹਨ।
ਇਸ ਗਿਰੋਹ ਦੀ
ਕਾਰਜ ਵਿਧੀ ਬਾਰੇ ਚਾਨਣਾ ਪਾਉਂਦਿਆਂ ਡਾ. ਜੈਨ ਨੇ ਦੱਸਿਆ ਕਿ ਪੰਜਾਬ ਪੁਲਿਸ ਦਾ ਦਬਾਅ
ਵਧਣ ਕਾਰਨ ਸਮਗਲਰਾਂ ਨੇ ਅਪਣਾ ਅਪਰੇਸ਼ਨਲ ਖੇਤਰ ਰਾਜਸਥਾਨ ਨੂੰ ਬਣਾ ਲਿਆ ਸੀ। 23 ਨਵੰਬਰ
ਦੀ ਰਾਤ ਨੂੰ ਘੜਸਾਣਾ ਮੰਡੀ ਦੇ ਇਲਾਕੇ ਵਿੱਚ ਚੌਕੀ ਸੂਰਮਾ ਅਤੇ ਚੌਕੀ ਕੇਰੁਵਾਲਾ ਦੇ
ਦਰਮਿਆਨ ਪਾਕਿਸਤਾਨ ਵਾਲੇ ਪਾਸਿਓ ਪਾਈਪ ਰਾਹੀਂ ਭਾਰਤੀ ਖੇਤਰ ਵਿੱਚ ਸੁੱਟੇ ਹੈਰੋਇਨ ਦੇ 21
ਪੈਕਟ ਹਾਸਲ ਕਰਕੇ ਉਨ੍ਹਾਂ ਨੂੰ ਕੌਮਾਂਤਰੀ ਮੰਡੀ ਵਿੱਚ ਸਮਗਲ ਕਰਨਾ ਸੀ। ਇਸ ਤੋਂ
ਪਹਿਲਾਂ ਕਿ ਉਹ ਆਪਣੇ ਯਤਨ ਵਿੱਚ ਸਫ਼ਲ ਹੁੰਦੇ, ਕਾਊਂਟਰ ਇੰਟੈਲੀਜੈਂਸ ਦੀ ਟੀਮ ਨੇ ਦਬੋਚ
ਲਿਆ।
ਡਾ. ਜੈਨ ਦੇ ਦੱਸਿਆ ਕਿ ਇਸ ਨੈਟਵਰਕ ਦਾ ਮੁੱਖ ਸੰਚਾਲਕ ਭਗੌੜਾ ਅਮੋਲਕ ਸਿੰਘ
ਹੈ, ਜਦ ਕਿ ਫਾਈਨਾਂਸਰ ਸੰਦੀਪ ਸਿੰਘ ਹੈ। ਸੰਦੀਪ ਨੇ ਹੀ ਇਸ ਗਿਰੋਹ ਦੀ ਠਹਿਰ ਆਪਣੇ ਤਾਏ
ਦੇ ਪੁੱਤ ਰਣਜੀਤ ਸਿੰਘ ਵਾਸੀ ਪਿੰਡ ਚੱਕ 26 ਐਮ ਡੀ ਥਾਣਾ ਘੜਸਾਨਾ ਅਤੇ ਮਾਮੇ ਬਲਵੰਤ
ਸਿੰਘ ਵਾਸੀ ਰਾਵਲਾ ਨੇੜੇ ਘੜਸਾਨਾ ਮੰਡੀ ਦੇ ਘਰਾਂ ਵਿੱਚ ਬਣਾਈ ਸੀ। ਅਮੋਲਕ ਤਰਨਤਾਰਨ ਦੇ
ਥਾਣਾ ਹਰੀਕੇ ਅਧੀਨ ਪੈਂਦੇ ਪਿੰਡ ਠੱਠੀ ਦਾ ਮੂਲ ਵਸਨੀਕ ਹੈ ਜਿਸ ਨੇ ਆਪਣੀ ਰਿਹਾਇਸ਼
ਅੰਮ੍ਰਿਤਸਰ ਸ਼ਹਿਰ ਦੇ ਪ੍ਰੀਤ ਨਗਰ ਦੇ ਇਲਾਕੇ ਵਿੱਚ ਮਕਾਨ ਨੰ: 144 ਪ੍ਰੀਤ ਵਿਹਾਰ ਵਿਖੇ
ਕੀਤੀ ਹੋਈ ਸੀ ਜੋ ਅੱਜ ਕੱਲ ਬੰਦ ਪਿਆ ਹੈ। ਇਸ ਮੋਕੇ ਏ.ਆਈ.ਜੀ. ਅਜੇ ਮਲੂਜਾ ਵੀ ਮਜੂਦ
ਸਨ।