ਸਾਰਕ ਸੰਮੇਲਨ : ਦਹਿਸ਼ਤਵਾਦ ਖਿਲਾਫ਼ ਲੜਨ ਲਈ ਵਚਨਬੱਧਤਾ ਜ਼ਰੂਰੀ : ਮੋਦੀ
Posted on:- 26-11-2014
ਕਾਠਮੰਡੂ : ਨੇਪਾਲ
ਦੀ ਰਾਜਧਾਨੀ ਕਾਠਮੰਡੂ ਵਿੱਚ ਚੱਲ ਰਹੇ ਸਾਰਕ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ
ਮੋਦੀ ਨੇ ਆਪਣੇ ਸੰਬੋਧਨ ਵਿੱਚ ਵਪਾਰ ਅਤੇ ਦਹਿਸ਼ਤਵਾਦ ਵਰਗੇ ਅਹਿਮ ਮੁੱਦੇ ਉਠਾਏ। ਹਾਲਾਂਕਿ
ਉਨ੍ਹਾਂ ਪਾਕਿਸਤਾਨ ਨੂੰ ਸਿੱਧੇ ਤੌਰ 'ਤੇ ਨਹੀਂ ਘੇਰਿਆ, ਸਗੋਂ 26/11 ਹਮਲੇ ਅਤੇ
ਦਹਿਸ਼ਤਵਾਦ ਦੇ ਖ਼ਾਤਮੇ ਦੀ ਸਹੁੰ ਦਾ ਜ਼ਿਕਰ ਕਰਕੇ ਉਨ੍ਹਾਂ ਭਾਰਤ ਦੀ ਸਥਿਤੀ ਸਾਫ਼ ਕਰ
ਦਿੱਤੀ। ਮੋਦੀ ਨੇ ਆਪਣੇ ਸੰਬੋਧਨ ਵਿੱਚ ਵਾਰ-ਵਾਰ ਵਿਕਾਸ 'ਤੇ ਜ਼ੋਰ ਦਿੱਤਾ ਅਤੇ ਇਸ ਦੇ
ਲਈ ਵਪਾਰ ਨੂੰ ਇੱਕ ਮਾਤਰ ਜ਼ਰੀਆ ਦੱਸਿਆ। ਇਸ ਸੰਮੇਲਨ ਵਿੱਚ ਬੰਗਲਾਦੇਸ਼, ਭੂਟਾਨ, ਭਾਰਤ,
ਮਾਲਦੀਵ, ਨੇਪਾਲ, ਪਾਕਿਸਤਾਨ, ਸ੍ਰੀਲੰਕਾ ਤੇ ਅਫ਼ਗਾਨਿਸਤਾਨ ਵਰਗੇ ਮੁਲਕ ਹਿੱਸਾ ਲੈ ਰਹੇ
ਹਨ।
ਮੋਦੀ ਨੇ ਕਿਹਾ ਕਿ ਹਰ ਕਿਸੇ ਨੂੰ ਚਾਹਤ ਹੁੰਦੀ ਹੈ ਕਿ ਉਸ ਨੂੰ ਚੰਗਾ ਗੁਆਂਢੀ
ਮਿਲੇ, ਅਸੀਂ ਇੱਕ ਦੂਜੇ ਤੋਂ ਬਹੁਤ ਕੁਝ ਸਿਖ ਸਕਦੇ ਹਾਂ, ਅਸੀਂ ਮਿਲ ਕੇ ਰੇਲ, ਸੜਕਾਂ ਤੇ
ਬਿਜਲੀ ਦੇ ਖੇਤਰ ਵਿੱਚ ਕੰਮ ਕਰ ਸਕਦੇ ਹਾਂ। ਸਾਰਕ ਦੇਸ਼ਾਂ ਵਿਚਕਾਰ ਸਿਰਫ਼ 10 ਫੀਸਦੀ
ਵਪਾਰ ਹੈ, ਇਸ ਨੂੰ ਹੋਰ ਵਧਾਉਣ ਦੀ ਲੋੜ ਹੈ। ਭਾਰਤ ਨੇ ਬੰਗਲਾਦੇਸ਼ ਦੇ ਨਾਲ-ਨਾਲ ਰੇਲ ਰੋਡ
ਸਬੰਧ ਅੱਗੇ ਵਧਾਏ। ਸ੍ਰੀਲੰਕਾ ਦੇ ਨਾਲ ਮੁਕਤ ਵਪਾਰ ਦਾ ਸਮਝੌਤਾ ਕੀਤਾ ਅਤੇ ਭੂਟਾਨ ਦੇ
ਨਾਲ ਵੀ ਸਬੰਧ ਡੂੰਘੇ ਹੋ ਰਹੇ ਹਨ। ਸਾਰਕ ਦੇਸ਼ਾਂ ਵਿਚਕਾਰ ਸਬੰਧਾਂ ਨੂੰ ਮਜ਼ਬੂਤ ਬਣਾਉਣ 'ਚ
ਭਾਰਤ ਦੀ ਵੀ ਅਹਿਮ ਜ਼ਿੰਮੇਵਾਰੀ ਹੈ।
ਮੋਦੀ ਨੇ ਸਾਰਕ ਸੰਮੇਲਨ ਵਿੱਚ ਦਹਿਸ਼ਤਵਾਦ ਦਾ
ਮੁੱਦਾ ਵੀ ਉਠਾਇਆ ਅਤੇ 2008 ਦੇ ਮੁੰਬਈ ਹਮਲੇ ਨੂੰ ਯਾਤ ਕੀਤਾ। ਉਨ੍ਹਾਂ ਕਿਹਾ ਕਿ ਮੈਂ
ਮੌਤਾਂ 'ਤੇ ਦੁੱਖ ਮਹਿਸੂਸ ਕਰਦਾ ਹਾਂ, ਇਹ ਕਦੇ ਖ਼ਤਮ ਹੋਣ ਵਾਲਾ ਨਹੀਂ ਹੈ। ਆਓ ਸਾਰੇ
ਦਹਿਸ਼ਤਵਾਦ ਅਤੇ ਅੰਤਰ ਦੇਸ਼ੀ ਅਪਰਾਧ ਦੇ ਖਿਲਾਫ਼ ਲੜਨ ਦੇ ਲਈ ਆਪਣੇ ਸੰਕਲਪ ਨੂੰ ਪੂਰਾ ਕਰਨ
ਲਈ ਸਾਰੇ ਮਿਲ ਕੇ ਕਰੀਏ। ਸਰਹੱਦ 'ਤੇ ਪਾਕਿਸਤਾਨ ਵੱਲੋਂ ਵਾਰ-ਵਾਰ ਜੰਗਬੰਦੀ ਦਾ ਉਲੰਘਣ
ਅਤੇ ਦਹਿਸ਼ਤਵਾਦ ਦੇ ਖਿਲਾਫ਼ ਢਿੱਲੇ ਰਵੱਈਏ ਨੂੰ ਲੈ ਕੇ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਵਿੱਚ
ਪਿਛਲੇ ਦਿਨਾਂ ਤੋਂ ਤਲਖ਼ੀ ਦੇ ਸਬੂਤ ਸਾਫ਼ ਨਜ਼ਰ ਆਏ। ਮੋਦੀ ਅਤੇ ਸ਼ਰੀਫ਼ ਨੇ ਹੱਥ ਮਿਲਾਉਣਾ
ਤਾਂ ਦੂਰ ਇੱਕ ਦੂਜੇ ਵੱਲ ਤੱਕ ਕੇ ਵੀ ਨਹੀਂ ਦੇਖਿਆ।
ਇਸ ਮੌਕੇ ਪਾਕਿਸਤਾਨ ਦੇ
ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਕਿਹਾ ਕਿ ਪਾਕਿਸਤਾਨ ਵੱਲੋਂ ਸਹਿਯੋਗ ਦੀ ਨੀਤੀ ਜਾਰੀ
ਰਹੇਗੀ, ਅਸੀਂ ਸਾਰੇ ਸਾਰਕ ਦੇਸ਼ਾਂ ਦੇ ਨਾਲ ਦੋਸਤੀ ਦੇ ਪੱਖ਼ ਵਿੱਚ ਹਾਂ। ਸਾਰਕ ਦੇਸ਼ਾਂ
ਵਿੱਚ ਆਪਸੀ ਮੇਲ ਜੋਲ ਵਧੇ, ਸਿੱਖਿਆ 'ਤੇ ਵਿਸ਼ੇਸ਼ ਧਿਆਨ ਦੇਣ ਦੀ ਲੋੜ ਅਤੇ ਵੀਜ਼ਾ ਨਿਯਮਾਂ
ਨੂੰ ਵੀ ਆਸਾਨ ਕੀਤੇ ਜਾਣ ਦੀ ਲੋੜ ਹੈ। ਸਾਰਕ ਦੇਸ਼ਾਂ 'ਚ ਜਾਗਰੂਕ ਲੋਕਤੰਤਰ ਹੈ, ਹੜ੍ਹਾਂ
ਵਰਗੀਆਂ ਕੁਦਰਤੀ ਆਫ਼ਤਾਂ ਨਾਲ ਨਜਿੱਠਣ ਦੇ ਲਈ ਸਹਿਯੋਗ ਕਰਨਾ ਜ਼ਰੂਰੀ ਹੈ, ਸਾਨੂੰ ਆਪਸ 'ਚ
ਲੜਨ ਦੀ ਬਜਾਏ ਗਰੀਬੀ ਨਾਲ ਲੜਨ 'ਤੇ ਧਿਆਨ ਦੇਣਾ ਚਾਹੀਦਾ ਹੈ। ਮੈਂ ਚਾਹੁੰਦਾ ਹਾਂ ਕਿ
ਅਗਲਾ ਸਾਰਕ ਸੰਮੇਲਨ ਇਸਲਾਮਾਬਾਦ 'ਚ ਆਯੋਜਿਤ ਹੋਵੇ।