ਜੰਮੂ-ਕਸ਼ਮੀਰ 'ਚ ਰਿਕਾਰਡ 70 ਤੇ ਝਾਰਖੰਡ 'ਚ 62 ਫੀਸਦੀ ਮਤਦਾਨ
Posted on:- 25-11-2014
ਦੋਵੇਂ ਸੂਬਿਆਂ 'ਚ ਇੱਕਾ-ਦੁੱਕਾ ਘਟਨਾਵਾਂ ਨੂੰ ਛੱਡ ਕੇ ਪਹਿਲੇ ਗੇੜ ਦੀਆਂ ਚੋਣਾਂ ਮੁਕੰਮਲ
ਨਵੀਂ ਦਿੱਲੀ : ਵਿਧਾਨ
ਸਭਾ ਚੋਣਾਂ ਦੇ ਪਹਿਲੇ ਗੇੜ ਵਿੱਚ ਅੱਜ ਜੰਮੂ ਕਸ਼ਮੀਰ ਵਿੱਚ ਰਿਕਾਰਡ 70 ਫੀਸਦੀ ਅਤੇ
ਝਾਰਖੰਡ ਵਿੱਚ ਕਰੀਬ 62 ਫੀਸਦੀ ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ।
ਦੋਵੇਂ ਸੂਬਿਆਂ ਵਿੱਚ ਇੱਕਾ ਦੁੱਕਾ ਘਟਨਾਵਾਂ ਨੂੰ ਛੱਡ ਕੇ ਵੋਟਾਂ ਪੈਣ ਦਾ ਕੰਮ
ਅਮਨ-ਅਮਾਨ ਨਾਲ ਨੇਪਰੇ ਚੜ੍ਹ ਗਿਆ। ਦਿੱਲੀ ਵਿੱਚ ਚੋਣ ਕਮਿਸ਼ਨ ਦੇ ਅਧਿਕਾਰੀਆਂ ਨੇ
ਦੱਸਿਆ ਕਿ ਜੰਮੂ ਕਸ਼ਮੀਰ ਦੇ ਇਹ ਅੰਕੜੇ ਭਾਰਤੀ ਸਮੇਂ ਅਨੁਸਾਰ ਸ਼ਾਮ ਚਾਰ ਵਜੇ ਤੱਕ ਮਿਲੀ
ਸੂਚਨਾ 'ਤੇ ਅਧਾਰਤ ਹਨ। ਜ਼ਿਕਰਯੋਗ ਹੈ ਕਿ ਜੰਮੂ ਕਸ਼ਮੀਰ ਵਿੱਚ ਅੱਜ ਪਹਿਲੇ ਗੇੜ ਦੌਰਾਨ 15
ਅਤੇ ਝਾਰਖੰਡ 'ਚ 13 ਸੀਟਾਂ ਲਈ ਵੋਟਾਂ ਪਈਆਂ ਹਨ।
ਜੰਮੂ ਕਸ਼ਮੀਰ ਵਿੱਚ 2008 'ਚ
ਹੋਈਆਂ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਇਨ੍ਹਾਂ ਸੀਟਾਂ 'ਤੇ ਔਸਤਨ 65 ਫੀਸਦੀ ਮਤਦਾਨ
ਹੋਇਆ ਸੀ। ਜਦਕਿ ਝਾਰਖੰਡ 'ਚ 2009 'ਚ ਹੋਈਆਂ ਪਿਛਲੀਆਂ ਵਿਧਾਨ ਸਭਾ ਚੋਣਾ ਵਿੱਚ 58
ਫੀਸਦੀ ਮਤਦਾਨ ਹੋਇਆ ਸੀ। ਚੋਣ ਕਮਿਸ਼ਨ ਦੇ ਅਧਿਕਾਰੀਆਂ ਅਨੁਸਾਰ ਆਖ਼ਰੀ ਅੰਕੜੇ ਆਉਣ 'ਤੇ
ਵੋਟ ਫੀਸਦੀ ਵਧਣ ਦੀ ਸੰਭਾਵਨਾ ਹੈ।
ਚੋਣ ਕਮਿਸ਼ਨ ਨੇ ਦੱਸਿਆ ਕਿ ਹੁਣ ਤੱਕ ਪ੍ਰਾਪਤ
ਜਾਣਕਾਰੀ ਅਨੁਸਾਰ ਜੰਮੂ ਕਸ਼ਮੀਰ ਬਾਂਦੀਪੁਰਾ 'ਚ 70.3 ਫੀਸਦੀ, ਗਾਂਦਰਬਲ 'ਚ 68 , ਲੇਹ
'ਚ 57 , ਕਾਰਗਿਲ 'ਚ 59, ਕਿਸ਼ਤਵਾੜ 'ਚ 70 ਅਤੇ ਡੋਡਾ 'ਚ 76 ਫੀਸਦੀ ਵੋਟਾਂ ਪਈਆਂ ਹਨ।
ਚੋਣ ਕਮਿਸ਼ਨ ਨੇ ਦੱਸਿਆ ਕਿ ਜੰਮੂ ਕਸ਼ਮੀਰ ਤੇ ਝਾਰਖੰਡ 'ਚ ਚੋਣਾਂ ਵਿੱਚ ਬੇਨਿਯਮੀਆਂ ਦੀ
ਹਾਲੇ ਤੱਕ ਕੋਈ ਸ਼ਿਕਾਇਤ ਨਹੀਂ ਆਈ। ਦੱਸਣਾ ਬਣਦਾ ਹੈ ਕਿ ਝਾਰਖੰਡ ਵਿੱਚ ਵਿਧਾਨ ਸਭਾ ਦੀਆਂ
ਕੁੱਲ 81 ਅਤੇ ਜੰਮੂ ਕਸ਼ਮੀਰ ਵਿੱਚ 87 ਸੀਟਾਂ ਹਨ।
ਝਾਰਖੰਡ ਵਿਧਾਨ ਸਭਾ ਦੀਆਂ ਕੁੱਲ
81 ਸੀਟਾਂ 'ਚੋਂ ਪਹਿਲੇ ਗੇੜ ਦੀਆਂ ਚੋਣਾਂ ਤਹਿਤ ਅੱਜ 13 ਸੀਟਾਂ 'ਤੇ ਵੋਟਾਂ ਪਈਆਂ ਹਨ।
ਇਸ ਦੌਰਾਨ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਨੂੰ ਨੁਕਸਾਨ ਪਹੁੰਚਾਉਣ ਦੀਆਂ ਇੱਕਾ ਦੁੱਕਾ
ਘਟਨਾਵਾਂ ਵਾਪਰੀਆਂ ਹਨ। ਪਲਾਮੂ ਦੇ ਚੋਣ ਅਧਿਕਾਰੀ ਕੇਐਨ ਝਾਅ ਨੇ ਕਿਹਾ ਕਿ ਛੱਤਰਪੁਰ
ਵਿਧਾਨ ਸਭਾ ਸੀਟ ਦੇ ਬੂਥ ਨੰ. 191 ਤੇ 192 'ਤੇ ਮਾਮੂਲੀ ਵਿਵਾਦ 'ਚ ਈਵੀਐਮ ਮਸ਼ੀਨਾਂ ਨੂੰ
ਨੁਕਸਾਨ ਪਹੁੰਚਾਇਆ ਗਿਆ ਹੈ। ਇਨ੍ਹਾਂ ਦੋਵੇਂ ਬੂਥਾਂ 'ਤੇ ਵੋਟਾਂ ਰੱਦ ਕਰ ਦਿੱਤੀਆਂ
ਗਈਆਂ ਹਨ। ਚੋਣ ਕਮਿਸ਼ਨ ਦੇ ਸੂਤਰਾਂ ਅਨੁਸਾਰ ਬਾਕੀ ਬਚੇ ਨਕਸਲ ਪ੍ਰਭਾਵਤ ਖੇਤਰਾਂ 'ਚ
ਵੋਟਾਂ ਦਾ ਕੰਮ ਸ਼ਾਂਤੀਪੂਰਨ ਰਿਹਾ। ਝਾਰਖੰਡ ਦੇ ਮੁੱਖ ਚੋਣ ਅਧਿਕਾਰੀ ਪੀ ਕੇ ਜਾਜੋਰਿਆ ਨੇ
ਦੱਸਿਆ ਕਿ ਵਿਧਾਨ ਸਭਾ ਚੋਣਾਂ ਦੇ ਪਹਿਲੇ ਗੇੜ 'ਚ ਸ਼ਾਂਤੀਪੂਰਨ ਢੰਗ ਨਾਲ 62 ਫੀਸਦੀ
ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਉਨ੍ਹਾਂ ਕਿਹਾ ਕਿ ਸੂਬੇ ਵਿੱਚ
ਕਿਸੇ ਵੀ ਇਲਾਕੇ ਵਿੱਚੋਂ ਕਿਸੇ ਵੱਡੀ ਹਿੰਸਾ ਦੀ ਖ਼ਬਰ ਨਹੀਂ ਮਿਲੀ। ਝਾਰਖੰਡ 'ਚ ਪਹਿਲੇ
ਗੇੜ ਤਹਿਤ ਅੱਜ ਚਤਰਾ, ਗੁਮਲਾ, ਬਿਸ਼ੁਨਪੁਰ, ਲੋਹਰਦਗਾ, ਮਨਿਕਾ, ਲਾਤੇਹਾਰ, ਪਾਂਕੀ ਅਤੇ
ਡਾਲਟਨਗੰਜ, ਵਿਸ਼ਰਾਮਪੁਰ, ਛਤਰਪੁਰ, ਹੁਸੈਨਾਬਾਦ, ਗੜਵਾ ਅਤੇ ਭਵਨਾਥਪੁਰ ਸੀਟਾਂ 'ਤੇ
ਵੋਟਾਂ ਪਈਆਂ।
ਭਾਰਤੀ ਚੋਣ ਕਮਿਸ਼ਨ ਅਨੁਸਾਰ ਦੋਵੇਂ ਸੂਬਿਆਂ ਵਿੱਚ ਦੋ ਦਸੰਬਰ ਨੂੰ
ਦੂਜੇ ਗੇੜ, 9 ਦਸੰਬਰ ਨੂੰ ਤੀਜੇ ਗੇੜ, 14 ਦਸੰਬਰ ਨੂੰ ਚੌਥੇ ਗੇੜ ਅਤੇ 20 ਦਸੰਬਰ ਨੂੰ
5ਵੇਂ ਗੇੜ ਦੀਆਂ ਵੋਟਾਂ ਪੈਣਗੀਆਂ।