ਜੰਮੂ–ਕਸ਼ਮੀਰ ਤੇ ਝਾਰਖੰਡ 'ਚ ਪਹਿਲੇ ਗੇੜ ਦੀਆਂ ਚੋਣਾਂ ਅੱਜ
Posted on:- 24-11-2014
ਸੁਰੱਖਿਆ ਦੇ ਸਖ਼ਤ ਪ੍ਰਬੰਧ, ਜੰਮੂ-ਕਸ਼ਮੀਰ 'ਚ 15 ਤੇ ਝਾਰਖੰਡ 'ਚ 13 ਸੀਟਾਂ 'ਤੇ ਪੈਣਗੀਆਂ ਵੋਟਾਂ
ਨਵੀਂ ਦਿੱਲੀ : ਜੰਮੂ
ਕਸ਼ਮੀਰ ਅਤੇ ਝਾਰਖੰਡ 'ਚ ਵਿਧਾਨ ਸਭਾ ਲਈ ਪਹਿਲੇ ਗੇੜ ਦੀਆਂ ਵੋਟਾਂ ਮੰਗਲਵਾਰ, 25
ਨਵੰਬਰ ਨੂੰ ਪੈਣਗੀਆਂ। ਜੰਮੂ-ਕਸ਼ਮੀਰ ਵਿੱਚ 15 ਅਤੇ ਝਾਰਖੰਡ ਵਿਧਾਨ ਸਭਾ ਦੀਆਂ 81
ਵਿੱਚੋਂ 13 ਸੀਟਾਂ 'ਤੇ ਪਹਿਲੇ ਗੇੜ ਵਿੱਚ ਵੋਟਾਂ ਪੈਣਗੀਆਂ।
ਜੰਮੂ ਕਸ਼ਮੀਰ ਵਿੱਚ
ਪੰਜ ਗੇੜਾਂ ਵਿੱਚ ਹੋਣ ਵਾਲੀਆਂ ਚੋਣਾਂ ਦੇ ਪਹਿਲੇ ਗੇੜ ਵਿੱਚ ਮੰਗਲਵਾਰ ਨੂੰ 15 ਹਲਕਿਆਂ
'ਚ ਵੋਟਾਂ ਪੈਣੀਆਂ ਹਨ, ਜਿੱਥੇ ਕੁੱਲ 123 ਉਮੀਦਵਾਰ ਆਪਣੀ ਕਿਸਮਤ ਅਜਮਾ ਰਹੇ ਹਨ।
ਇਨ੍ਹਾਂ 'ਚ 7 ਮੰਤਰੀਆਂ ਸਮੇਤ 12 ਮੌਜੂਦਾ ਵਿਧਾਇਕ ਸ਼ਾਮਲ ਹਨ। ਜੰਮੂ ਖੇਤਰ ਦੀਆਂ 6,
ਕਸ਼ਮੀਰ ਦੀਆਂ ਪੰਜ ਅਤੇ ਲੱਦਾਖ਼ ਦੀਆਂ 4 ਸੀਟਾਂ 'ਤੇ ਵੋਟਰ ਆਪਣੇ ਪ੍ਰਤੀਨਿਧ ਚੁਣਨ ਲਈ
ਸਵੇਰੇ 8 ਵਜੇ ਤੋਂ ਵੋਟਾਂ ਪਾਉਣਗੇ। ਦੋਵੇਂ ਸੂਬਿਆਂ 'ਚ ਪਹਿਲੇ ਗੇੜ ਦੀਆਂ ਵੋਟਾਂ ਲਈ
ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ।
ਚੋਣ ਕਮਿਸ਼ਨ ਨੇ ਇਨ੍ਹਾਂ 15 ਹਲਕਿਆਂ 'ਚ
ਕਰੀਬ 1900 ਮਤਦਾਨ ਕੇਂਦਰ ਬਣਾਏ ਹਨ। ਬਾਂਦੀਪੁਰਾ, ਗਾਂਦਰਬਲ ਅਤੇ ਭਦਰਵਾਹ 'ਚ ਸਭ ਤੋਂ
ਜ਼ਿਆਦਾ 13-13 ਉਮੀਦਵਾਰ ਚੋਣ ਮੈਦਾਨ ਵਿੱਚ ਹਨ ਅਤੇ ਲੇਹ ਵਿੱਚ ਸਭ ਤੋਂ ਘੱਟ 2 ਉਮੀਦਵਾਰ
ਮੈਦਾਨ ਵਿੱਚ ਹਨ। ਲੇਹ ਵਿੱਚ ਕਾਂਗਰਸ ਅਤੇ ਭਾਜਪਾ ਦੇ ਦਰਮਿਆਨ ਸਿੱਧਾ ਮੁਕਾਬਲਾ ਹੈ।
ਪਹਿਲੇ ਗੇੜ ਵਿੱਚ 7 ਮੰਤਰੀ ਆਪਣੀ ਕਿਸਮਤ ਅਜਮਾ ਰਹੇ ਹਨ। ਇਨ੍ਹਾਂ ਵਿੱਚ ਗੁਰੇਜ ਤੋਂ
ਨਜ਼ੀਰ ਅਹਿਮਦ ਖਾਨ ਗੁਰੇਜੀ, ਸੋਨਾਬਰੀ ਤੋਂ ਮੁਹੰਮਦ ਅਕਬਰ ਲੋਨ, ਕੰਗਨ ਤੋਂ ਮਿਆਂ ਅਲਤਾਫ਼,
ਕਿਸ਼ਤਵਾੜ ਤੋਂ ਸਜਾਦ ਕਿਚਲੂ, ਡੋਡਾ ਤੋਂ ਅਬਦੁੱਲ ਮਾਜਿਦ ਬਾਨੀ, ਲੇਹ ਤੋਂ ਨਵਾਂਗ
ਰਿਗਜਿਨ ਜੋਆ ਅਤੇ ਬਨਿਹਾਲ ਤੋਂ ਵਿਕਾਸ ਰਸੂਲੀ ਬਾਨੀ ਸ਼ਾਮਲ ਹਨ।
ਜਿਹੜੇ ਹਲਕਿਆਂ ਵਿੱਚ
ਮੰਗਲਵਾਰ ਨੂੰ ਵੋਟਾਂ ਪੈਣੀਆਂ ਹਨ, ਉਨ੍ਹਾਂ ਵਿੱਚ ਜੰਮੂ ਖੇਤਰ ਵਿੱਚ ਕਿਸ਼ਤਵਾੜ,
ਇੰਦਰਵਾਲ, ਡੋਡਾ, ਭਦਰਵਾਹ, ਰਾਮਬਨ ਅਤੇ ਬਨਿਹਾਲ, ਕਸ਼ਮੀਰ 'ਚ ਗੋਰੇਜੂ, ਬਾਂਦੀਪੁਰਾ,
ਸੋਨਾਬਰੀ, ਕੰਗਨ ਅਤੇ ਗਾਂਦਰਬਲ, ਲੱਦਾਖ਼ ਖੇਤਰ ਵਿੱਚ ਨੁਬਰਾ, ਲੇਹ, ਕਾਰਗਿਲ ਅਤੇ ਜਨਸਕਾਰ
ਆਦਿ ਸ਼ਾਮਲ ਹਨ। ਪਹਿਲੇ ਗੇੜ ਵਿੱਚ ਕੁੱਲ 10,502,50 ਵੋਟਰ ਆਪਣੇ ਵੋਟ ਦੇ ਅਧਿਕਾਰ ਦੀ
ਵਰਤੋਂ ਕਰਨਗੇ। ਇਨ੍ਹਾਂ ਵਿੱਚ 549,698 ਪੁਰਸ਼ ਅਤੇ 500,539 ਔਰਤਾਂ ਸ਼ਾਮਲ ਹਨ। 15
ਹਲਕਿਆਂ ਵਿੱਚ ਭਦਰਵਾਹ 'ਚ ਸਭ ਤੋਂ ਜ਼ਿਆਦਾ 104354 ਵੋਟਰ ਹਨ, ਜਦਕਿ ਲੱਦਾਖ਼ ਦੇ ਨੁਬਰਾ
'ਚ ਸਭ ਤੋਂ ਘੱਟ 13054 ਵੋਟਰ ਹਨ।
ਝਾਰਖੰਡ ਵਿੱਚ ਪਹਿਲੇ ਪੜਾਅ ਦੀਆਂ ਚੋਣਾਂ 25
ਨਵੰਬਰ ਨੂੰ ਹੋਣਗੀਆਂ। ਇਸ ਦਿਨ 13 ਵਿਧਾਨ ਸਭਾ ਹਲਕਿਆਂ ਵਿੱਚ ਵੋਟਾਂ ਪਾਈਆਂ ਜਾਣਗੀਆਂ।
ਇਨ੍ਹਾਂ ਹਲਕਿਆਂ ਵਿੱਚ ਲਗਭਗ 33 ਲੱਖ 65 ਹਜ਼ਾਰ 780 ਵੋਟਰ ਹਨ। ਇਨ੍ਹਾਂ ਹਲਕਿਆਂ ਵਿੱਚ 6
ਜਰਨਲ ਕੈਟੇਗਿਰੀ ਅਤੇ 3 ਸੀਟਾਂ ਅਨੁਸੂਚਿਤ ਜਾਤੀ ਤੇ 4 ਸੀਟਾਂ ਅਨੁਸੂਚਿਤ ਜਨਜਾਤੀ ਲਈ
ਰਾਖਵੀਂਆਂ ਕੀਤੀਆਂ ਗਈਆਂ ਹਨ। 199 ਉਮੀਦਵਾਰ ਚੋਣ ਮੈਦਾਨ ਵਿੱਚ ਹਨ, ਜਿਨ੍ਹਾਂ ਵਿੱਚੋਂ
18 ਮਹਿਲਾਂ ਉਮੀਦਵਾਰ ਹਨ। ਇਨ੍ਹਾਂ ਉਮੀਦਵਾਰਾਂ ਵਿੱਚ 46 ਕਰੋੜਪਤੀ ਅਤੇ 55 ਦਾਗੀ ਹਨ।
ਭਾਜਪਾ, ਝਾਰਖੰਡ ਮੁਕਤੀ ਮੋਰਚਾ ਅਤੇ ਬਸਪਾ ਨੇ 12/12 ਉਮੀਦਵਾਰ ਖੜ੍ਹੇ ਕੀਤੇ ਹਨ।
ਝਾਰਖੰਡ ਵਿਕਾਸ ਮੋਰਚਾ (ਪ) ਦੇ 11 ਉਮੀਦਵਾਰ ਮੈਦਾਨ ਵਿੱਚ ਹਨ, ਕਾਂਗਰਸ ਦੇ 7, ਰਾਸ਼ਟਰੀ
ਜਨਤਾ ਦਲ ਦੇ 6, ਸੀਪੀਆਈ ਦੇ 6, ਸੀਪੀਐਮ ਦੇ 2 ਅਤੇ ਆਜਸੂ ਦਾ ਇੱਕ ਉਮੀਦਵਾਰ ਚੋਣ ਮੈਦਾਨ
ਵਿੱਚ ਹੈ। ਕੁੱਲ ਆਜ਼ਾਦ ਉਮੀਦਵਾਰ 72 ਹਨ। ਵੋਟਾਂ ਲਈ 3061 ਮਤਦਾਨ ਕੇਂਦਰ ਬਣਾਏ ਗਏ
ਹਨ। ਇਨ੍ਹਾਂ ਚੋਣਾਂ ਦੌਰਾਨ ਈਵੀਐਮ ਮਸ਼ੀਨਾਂ ਵਿੱਚ 3961 ਕੰਟਰੋਲ ਯੂਨਿਟ ਅਤੇ 5637
ਵੋਟਿੰਗ ਯੂਨਿਟਾਂ ਦੀ ਵਰਤੋਂ ਕੀਤੀ ਜਾਵੇਗੀ।
ਚੋਣਾਂ ਲਈ 3961 ਪੋਲਿੰਗ ਸਟੇਸ਼ਨ ਬਣਾਏ
ਜਾਣਗੇ ਅਤੇ ਲਗਭਗ 35 ਹਜ਼ਾਰ 425 ਕਰਮਚਾਰੀ ਡਿਊਟੀ ਉਤੇ ਤੈਨਾਤ ਰਹਿਣਗੇ। ਪ੍ਰਧਾਨ ਮੰਤਰੀ
ਨਰਿੰਦਰ ਮੋਦੀ , ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਅਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ
ਸਮੇਤ ਕਈ ਸਟਾਰ ਪ੍ਰਚਾਰਕਾਂ ਨੇ ਚੋਣਾਂ ਦੇ ਪਹਿਲੇ ਗੇੜ ਲਈ ਆਪਣੀ ਆਪਣੀ ਪਾਰਟੀ ਦੇ
ਉਮੀਦਵਾਰਾਂ ਦੇ ਹੱਕ ਵਿੱਚ ਪ੍ਰਚਾਰ ਕੀਤਾ ਹੈ।