ਮਾਮਲਾ ਸਿਵਲ ਹਸਪਤਾਲ 'ਚ ਜਣੇਪੇ ਦੌਰਾਨ ਬੱਚਿਆਂ ਦੀ ਮੌਤ ਦਾ
Posted on:- 24-11-2014
ਜਨਾਨਾ ਰੋਗ ਮਾਹਿਰ ਡਾਕਟਰ ਮੁਅੱਤਲ, ਐਸਐਮਓ ਦੀ ਬਦਲੀ
ਤਿੰਨ ਮੌਤਾਂ ਕੁਦਰਤੀ, ਦੋ ਕੇਸਾਂ 'ਚ ਵਰਤੀ ਅਣਗਹਿਲੀ : ਜਿਆਣੀ
ਲੁਧਿਆਣਾ : ਬੀਤੇ
ਦਿਨੀਂ ਸਥਾਨਕ ਲਾਰਡ ਮਹਾਵੀਰਾ ਸਿਵਲ ਹਸਪਤਾਲ ਵਿੱਚ ਇੱਕ ਤੋਂ ਬਾਅਦ ਇੱਕ ਕੁੱਲ 5
ਬੱਚਿਆਂ ਦੀ ਜਣੇਪੇ ਦੌਰਾਨ ਮੌਤ ਦੀ ਘਟਨਾ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ
ਪੰਜਾਬ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਪੀੜਤ
ਪਰਿਵਾਰਾਂ ਨਾਲ ਪੰਜਾਬ ਸਰਕਾਰ ਵੱਲੋਂ ਸੰਵੇਦਨਾ/ਦੁੱਖ ਪ੍ਰਗਟ ਕੀਤਾ ਹੈ।
ਉਨ੍ਹਾਂ ਨੇ ਇਸ
ਘਟਨਾ ਨੂੰ ਬੜੀ ਗੰਭੀਰਤਾ ਨਾਲ ਲੈਂਦਿਆਂ ਸਬੰਧਤ ਜਨਾਨਾ ਰੋਗ ਮਾਹਿਰ ਮਹਿਲਾ ਡਾਕਟਰ ਅਲਕਾ
ਮਿੱਤਲ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਅਤੇ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ
ਆਰ. ਕੇ. ਕਰਕਰਾ ਨੂੰ ਤਬਦੀਲ ਕਰਨ ਦੇ ਹੁਕਮ ਦੇ ਦਿੱਤੇ ਹਨ। ਇਸਦੇ ਨਾਲ ਹੀ ਇਸ ਪੂਰੀ
ਘਟਨਾ ਦੀ ਡੂੰਘਾਈ ਨਾਲ ਜਾਂਚ ਕਰਨ ਦੀ ਜ਼ਿੰਮੇਵਾਰੀ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਰਜਤ
ਅਗਰਵਾਲ ਨੂੰ ਸੌਂਪਦਿਆਂ ਅਗਲੇ 7 ਦਿਨਾਂ ਵਿੱਚ ਰਿਪੋਰਟ ਦੇਣ ਦੇ ਆਦੇਸ਼ ਦਿੱਤੇ ਹਨ।
ਇਸ
ਘਟਨਾ ਸਬੰਧੀ ਮੁੱਢਲੀ ਜਾਂਚ ਅਤੇ ਕਾਰਵਾਈ ਦਾ ਵੇਰਵਾ ਦੇਣ ਲਈ ਅੱਜ ਸਥਾਨਕ ਸਰਕਟ ਹਾਊਸ
ਵਿਖੇ ਸੱਦੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਜਿਆਣੀ ਨੇ ਕਿਹਾ ਕਿ ਇਸ ਘਟਨਾ
ਨਾਲ ਪੰਜਾਬ ਸਰਕਾਰ ਅਤੇ ਵਿਭਾਗ ਦਾ ਅਕਸ਼ ਖ਼ਰਾਬ ਹੋਇਆ ਹੈ, ਜਿਸ ਕਰਕੇ ਇਸ ਘਟਨਾ ਨੂੰ
ਕਿਸੇ ਵੀ ਹੀਲੇ ਅਣਗੌਲਿਆਂ ਨਹੀਂ ਕੀਤਾ ਜਾਵੇਗਾ ਅਤੇ ਇਸ ਸਾਰੀ ਘਟਨਾ ਦੀ ਬੜੀ ਡੂੰਘਾਈ
ਨਾਲ ਜਾਂਚ ਡਿਪਟੀ ਕਮਿਸ਼ਨਰ ਰਜਤ ਅਗਰਵਾਲ ਤੋਂ ਕਰਵਾਈ ਜਾਵੇਗੀ, ਜੋ ਕਿ ਅਗਲੇ 7 ਦਿਨਾਂ
ਵਿੱਚ ਆਪਣੀ ਰਿਪੋਰਟ ਸਰਕਾਰ ਨੂੰ ਦੇਣਗੇ।
ਇਸ ਤੋਂ ਇਲਾਵਾ ਮੁੱਢਲੀ ਜਾਂਚ ਵਿਭਾਗ ਦੇ
ਵਿਸ਼ੇਸ਼ ਸਕੱਤਰ ਵਿਕਾਸ ਗਰਗ, ਡਾਇਰੈਕਟਰ ਪਰਿਵਾਰ ਭਲਾਈ ਡਾਕਟਰ ਜਤਿੰਦਰ ਕੌਰ ਅਤੇ ਸਿਵਲ
ਸਰਜਨ ਲੁਧਿਆਣਾ ਡਾਕਟਰ ਸੁਭਾਸ਼ ਬੱਤਾ ਵੱਲੋਂ ਕੀਤੀ ਗਈ ਹੈ, ਜਿਸ ਦੇ ਆਧਾਰ 'ਤੇ ਸਬੰਧਤ
ਮਹਿਲਾ ਡਾਕਟਰ ਅਲਕਾ ਮਿੱਤਲ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ
ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਆਰ. ਕੇ. ਕਰਕਰਾ ਨੂੰ ਬਦਲਣ ਦੇ ਆਦੇਸ਼ ਦਿੱਤੇ
ਗਏ ਹਨ।
ਸ੍ਰੀ ਜਿਆਣੀ ਦੀ ਹਾਜ਼ਰੀ ਵਿੱਚ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਡਾਕਟਰ
ਜਤਿੰਦਰ ਕੌਰ ਨੇ ਦੱਸਿਆ ਕਿ ਜਣੇਪੇ ਦੌਰਾਨ ਮਰਨ ਵਾਲੇ 5 ਬੱਚਿਆਂ 'ਚੋਂ 3 ਬੱਚਿਆਂ ਦੀ
ਮੌਤ ਕੁਦਰਤੀ ਹੈ, ਜਦਕਿ 2 ਬੱਚਿਆਂ ਦੀ ਮੌਤ ਪਿੱਛੇ ਡਾਕਟਰ ਜਾਂ ਹਸਪਤਾਲ ਦੀ ਕਥਿਤ
ਅਣਗਹਿਲੀ ਬਾਰੇ ਜਾਂਚ ਕੀਤੀ ਜਾਵੇਗੀ, ਇਨ੍ਹਾਂ ਦੋਵਾਂ ਮਾਮਲਿਆਂ 'ਚੋਂ ਇੱਕ ਵਿੱਚ ਤਾਂ
ਜੱਚਾ ਅਤੇ ਬੱਚਾ ਨੂੰ ਬਚਾਉਣ ਲਈ ਵੱਡਾ ਆਪਰੇਸ਼ਨ (ਸੀਜੇਰੀਅਨ) ਕੀਤਾ ਗਿਆ ਸੀ ਪਰ ਬੱਚੇ
ਨੂੰ ਬਚਾਉਣ ਵਿੱਚ ਸਫ਼ਲਤਾ ਨਹੀਂ ਮਿਲ ਸਕੀ। ਸ੍ਰੀ ਜਿਆਣੀ ਨੇ ਕਿਹਾ ਕਿ ਪੰਜਾਬ ਸਰਕਾਰ
ਵੱਲੋਂ ਇਸ ਮਾਮਲੇ ਨੂੰ ਬੜੀ ਗੰਭੀਰਤਾ ਨਾਲ ਲਿਆ ਗਿਆ ਹੈ ਅਤੇ ਇਸ ਘਟਨਾ ਵਿੱਚ ਜੋ ਵੀ ਕੋਈ
ਦੋਸ਼ੀ ਪਾਇਆ ਜਾਵੇਗਾ, ਉਸ ਖ਼ਿਲਾਫ਼ ਬਣਦੀ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਐਲਾਨ
ਕੀਤਾ ਕਿ ਜੇਕਰ ਜਾਂਚ ਤੋਂ ਬਾਅਦ ਇਨ੍ਹਾਂ ਮੌਤਾਂ ਪਿੱਛੇ ਵਿਭਾਗੀ ਅਣਗਹਿਲੀ ਸਾਬਿਤ ਹੋ
ਜਾਂਦੀ ਹੈ ਤਾਂ ਪੰਜਾਬ ਸਰਕਾਰ ਵੱਲੋਂ ਪ੍ਰਤੀ ਪਰਿਵਾਰ ਇੱਕ ਲੱਖ ਰੁਪਏ ਦੀ ਰਾਸ਼ੀ ਬਤੌਰ
ਮੁਆਵਜ਼ਾ ਦਿੱਤੀ ਜਾਵੇਗੀ। ਉਨ੍ਹਾਂ ਡਿਪਟੀ ਕਮਿਸ਼ਨਰ ਨੂੰ ਹਦਾਇਤ ਕੀਤੀ ਕਿ ਉਹ ਇੱਕ ਕਮੇਟੀ
ਬਣਾ ਕੇ ਇਨ੍ਹਾਂ ਸਾਰੇ ਮਾਮਲਿਆਂ ਦੀ ਪੂਰਨ ਡੂੰਘਾਈ ਨਾਲ ਜਾਂਚ ਕਰਨ ਅਤੇ ਅਗਲੇ 7 ਦਿਨਾਂ
ਵਿੱਚ ਰਿਪੋਰਟ ਪੇਸ਼ ਕਰਨ।
ਸ੍ਰੀ ਜਿਆਣੀ ਨੇ ਹੋਰ ਕਿਹਾ ਕਿ ਪੰਜਾਬ ਸਰਕਾਰ ਵੱਲੋਂ
ਸਰਕਾਰੀ ਹਸਪਤਾਲਾਂ ਦੀਆਂ ਕਮੀਆਂ ਦੂਰ ਕਰਨ ਲਈ ਪੁਰਜੋਰ ਯਤਨ ਕੀਤੇ ਜਾ ਰਹੇ ਹਨ। ਜਲਦੀ ਹੀ
ਸਥਾਨਕ ਜੱਚਾ ਬੱਚਾ ਹਸਪਤਾਲ ਦੀਆਂ ਸਾਰੀਆਂ ਬੁਨਿਆਦੀ ਲੋੜਾਂ ਪੂਰੀਆਂ ਕਰ ਦਿੱਤੀਆਂ
ਜਾਣਗੀਆਂ ਅਤੇ ਵਿਭਾਗ ਵਿੱਚ 404 ਐੱਮ. ਬੀ. ਬੀ. ਐੱਸ. ਡਾਕਟਰਾਂ ਦੀ ਭਰਤੀ ਕੀਤੀ ਜਾ ਰਹੀ
ਹੈ। ਸ੍ਰੀ ਜਿਆਣੀ ਨੇ ਦਾਅਵੇ ਨਾਲ ਕਿਹਾ ਕਿ ਸੂਬੇ ਭਰ ਵਿੱਚ 53 ਫੀਸਦੀ ਤੋਂ ਵਧੇਰੇ
ਜਣੇਪਾ ਸਰਕਾਰੀ ਹਸਪਤਾਲਾਂ ਵਿਚ ਹੋ ਰਿਹਾ ਹੈ ਅਤੇ ਮਰੀਜ਼ਾਂ ਨੂੰ ਜਣੇਪੇ ਤੋਂ ਪਹਿਲਾਂ ਅਤੇ
ਬਾਅਦ ਸਾਰੀਆਂ ਸੁੱਖ ਸੁਵਿਧਾਵਾਂ ਬਿਲਕੁਲ ਮੁਫ਼ਤ ਦਿੱਤੀਆਂ ਜਾ ਰਹੀਆਂ ਹਨ। ਇਸ ਮੌਕੇ
ਉਨ੍ਹਾਂ ਨਾਲ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਵਿਸ਼ੇਸ਼ ਸਕੱਤਰ ਵਿਕਾਸ ਗਰਗ, ਡਿਪਟੀ
ਕਮਿਸ਼ਨਰ ਰਜਤ ਅਗਰਵਾਲ, ਡਾਇਰੈਕਟਰ ਪਰਿਵਾਰ ਭਲਾਈ ਡਾਕਟਰ ਜਤਿੰਦਰ ਕੌਰ, ਸਿਵਲ ਸਰਜਨ
ਲੁਧਿਆਣਾ ਡਾਕਟਰ ਸੁਭਾਸ਼ ਬੱਤਾ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਪਵਨ ਬਾਂਸਲ ਅਤੇ ਹੋਰ ਕਈ
ਅਧਿਕਾਰੀ ਹਾਜ਼ਰ ਸਨ।