ਦਹਿਸ਼ਤਗਰਦਾਂ ਵੱਲੋਂ ਬੱਸ ਰੁਕਵਾ ਕੇ 28 ਗੈਰ ਮੁਸਲਿਮ ਲੋਕਾਂ ਦਾ ਕਤਲ
Posted on:- 23-11-2014
ਨੈਰੋਬੀ : ਅਲਸ਼ਬਾਬ
ਦੇ ਦਹਿਸ਼ਤਗਰਦਾਂ ਨੇ ਕੀਨੀਆ ਦੇ ਉਤਰੀ ਹਿੱਸੇ 'ਚ ਇਕ ਮੁਸਾਫਰ ਬੱਸ ਨੂੰ ਅਗਵਾ ਕੇ ਉਸ 'ਚ
ਸਵਾਰ 28 ਗੈਰ ਮੁਸਲਿਮ ਭਾਈਚਾਰੇ ਦੇ ਲੋਕਾਂ ਦੀ ਹੱਤਿਆ ਕਰ ਦਿੱਤੀ। ਪੁਲਿਸ ਨੇ ਦੱਸਿਆ
ਕਿ ਨੈਰੋਬੀ ਆ ਰਹੀ ਇਸ ਬੱਸ ਨੂੰ ਦਹਿਸ਼ਤਗਰਦਾਂ ਨੇ ਸ਼ਹਿਰ ਤੋਂ ਕਰੀਬ 50 ਕਿਲੋ ਮੀਟਰ ਦੀ
ਦੂਰੀ 'ਤੇ ਮੰਦੇਰਾ ਕਸਬੇ 'ਚ ਅਗਵਾ ਕਰ ਲਿਆ। ਇਸ ਤੋਂ ਬਾਅਦ ਇਸ 'ਚ ਸਵਾਰ ਲੋਕਾਂ 'ਚੋਂ
ਗੈਰ ਮੁਸਲਿਮ ਮੁਸਾਫਰਾਂ ਨੂੰ ਵੱਖ ਕੀਤਾ ਗਿਆ ਅਤੇ ਉਨ੍ਹਾਂ ਦੀ ਗੋਲੀ ਮਾਰ ਕੇ ਹੱਤਿਆ ਕਰ
ਦਿੱਤੀ ਗਈ।
ਪੁਲਿਸ ਮੁਖੀ ਨੇ ਘਟਨਾ ਬਾਰੇ ਅਧਿਕਾਰੀਆਂ ਦੁਆਰਾ ਮੀਡੀਆ ਨੂੰ ਜਾਣਕਾਰੀ
ਦਿੱਤੇ ਜਾਣ 'ਤੇ ਵੀ ਪਾਬੰਦੀ ਲਗਾਈ ਹੋਈ ਹੈ। ਦੱਸਣਾ ਬਣਦਾ ਹੈ ਕਿ ਸਮਾਲੀਆ 'ਚ ਅਕਤੂਬਰ
2011 'ਚ ਸੈਨਿਕ ਭੇਜੇ ਜਾਣ ਤੋਂ ਬਾਅਦ ਕੀਨੀਆ ਉਥੇ ਸਰਗਰਮ ਦਹਿਸ਼ਤਗਰਦ ਸੰਗਠਨ ਅਲਸ਼ਬਾਬ ਦੇ
ਨਿਸ਼ਾਨੇ 'ਤੇ ਹੈ। ਇਸ ਦੇ ਚਲਦਿਆਂ ਦੇਸ਼ 'ਚ ਹੁਣ ਤੱਕ ਗੋਲੀਬਾਰੀ ਅਤੇ ਬੰਬ ਹਮਲਿਆਂ ਦੀਆਂ
ਕਈ ਵਾਰਦਾਤਾਂ ਵਾਪਰ ਚੁੱਕੀਆਂ ਹਨ।
ਅਧਿਕਾਰੀਆਂ ਮੁਤਾਬਕ ਅਲਸ਼ਬਾਬ 2011 ਤੋਂ ਲੈ ਕੇ
ਹੁਣ ਤੱਕ ਕੀਨੀਆ 'ਚ 135 ਦਹਿਸ਼ਤੀ ਹਮਲੇ ਕਰ ਚੁੱਕਾ ਹੈ। ਬਹੁਚਰਚਿਤ ਵੈਸਟ ਗੇਟ ਮਾਲ ਹਮਲਾ
ਵੀ ਇਨ੍ਹਾਂ 'ਚ ਸ਼ਾਮਲ ਹੈ, ਜਿਸ 'ਚ 60 ਤੋਂ ਵੱਧ ਲੋਕ ਮਾਰੇ ਗਏ ਸਨ। ਅਲਸ਼ਬਾਬ ਨੂੰ
ਅਲਕਾਇਦਾ ਨਾਲ ਜੁੜਿਆ ਆਤੰਕੀ ਸੰਗਠਨ ਮੰਨਿਆ ਜਾਂਦਾ ਹੈ।