ਕੁਦਰਤੀ ਸਰੋਤ ਲੋਕਾਂ ਦੇ ਹੱਥਾਂ 'ਚ ਹੋਣੇ ਚਾਹੀਦੇ ਨੇ : ਸੋਨੀਆ
Posted on:- 23-11-2014
ਭਾਜਪਾ ਨਫ਼ਰਤ ਫੈਲਾਉਣ ਵਾਲੀ ਪਾਰਟੀ
ਡਾਲਟਨਗੰਜ (ਰਾਂਚੀ) : ਨਰਿੰਦਰ
ਮੋਦੀ ਨੇ ਸੱਤਾ ਦੇ ਲਾਲਚ 'ਚ ਲੋਕਾਂ ਨਾਲ ਝੂਠੇ ਵਾਅਦੇ ਕੀਤੇ ਹਨ, ਜਦਕਿ ਕਾਂਗਰਸ ਨੇ
ਹਮੇਸ਼ਾ ਲੋਕਾਂ ਦੇ ਸਨਮਾਨ ਲਈ ਕੰਮ ਕੀਤਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ਉਪ
ਪ੍ਰਧਾਨ ਸੋਨੀਆ ਗਾਂਧੀ ਨੇ ਝਾਰਖੰਡ 'ਚ ਵਿਧਾਨ ਸਭਾ ਚੋਣਾਂ ਦੇ ਪਹਿਲੇ ਗੇੜ ਦੇ ਚੋਣ
ਪ੍ਰਚਾਰ ਦੇ ਆਖਰੀ ਦਿਨ ਡਾਲਟਨਗੰਜ 'ਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਕੀਤਾ।
ਭਾਰਤੀ ਜਨਤਾ ਪਾਰਟੀ 'ਤੇ ਤਿੱਖੇ ਹਮਲੇ ਕਰਦਿਆਂ ਸੋਨੀਆ ਗਾਂਧੀ ਨੇ ਕਿਹਾ ਕਿ ਇਹ ਨਫ਼ਰਤ ਫੈਲਾਉਣ ਵਾਲੀ ਪਾਰਟੀ ਹੈ।
ਉਨ੍ਹਾਂ
ਕਿਹਾ ਕਿ ਜਨਤਾ ਦੇ ਵਿਕਾਸ ਲਈ ਇਸ ਦੇਸ਼ ਦੇ ਕੁਦਰਤੀ ਸਰੋਤ ਉਨ੍ਹਾਂ ਦੇ ਹੱਥਾਂ 'ਚ ਹੋਣੇ
ਚਾਹੀਦੇ ਹਨ ਅਤੇ ਉਨ੍ਹਾਂ ਦੀ ਪਾਰਟੀ ਨੇ ਹੀ ਆਦੀਵਾਸੀਆਂ ਤੇ ਗਰੀਬਾਂ ਨੂੰ ਇਹ ਅਧਿਕਾਰ
ਦੇਣ ਦੀ ਪਹਿਲ ਕੀਤੀ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਪਹਿਲ 'ਤੇ ਆਦੀਵਾਸੀਆਂ,
ਗਰੀਬਾਂ, ਦਲਿਤਾਂ, ਪੱਛੜੇ ਵਰਗ ਦੇ ਲੋਕਾਂ ਅਤੇ ਘੱਟ ਗਿਣਤੀ ਨੂੰ ਜ਼ਮੀਨ ਦਿੱਤੇ ਜਾਣ ਦੇ
ਅਧਿਨਿਯਮ ਤਹਿਤ ਅਧਿਕਾਰ ਦਿੱਤੇ ਗਏ ਸਨ, ਪਰ ਕੇਂਦਰ ਦੀ ਭਾਜਪਾ ਸਰਕਾਰ 'ਚ ਸੋਧ ਕਰਨ 'ਤੇ
ਵਿਚਾਰ ਕਰ ਰਹੀ ਹੈ।
ਸੋਨੀਆ ਨੇ ਕਿਹਾ ਕਿ ਸੱਤਾ ਦੇ ਲਾਲਚ 'ਚ ਭਾਜਪਾ ਨੇ ਲੋਕਾਂ ਨਾਲ ਕਾਫ਼ੀ ਵਾਅਦੇ ਕੀਤੇ, ਪਰ ਇਨ੍ਹਾਂ ਨੂੰ ਪੂਰਾ ਨਹੀਂ ਕੀਤਾ ਗਿਆ।
ਸੋਨੀਆ
ਗਾਂਧੀ ਨੇ ਕਿਹਾ ਕਿ ਕੁਰਸੀ ਲਈ ਭਾਜਪਾ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ। ਕਾਂਗਰਸ
ਪ੍ਰਧਾਨ ਨੇ ਕਿਹਾ ਕਿ ਇਕ ਪਾਸੇ ਕਾਂਗਰਸ ਪਾਰਟੀ ਹੈ, ਜਿਸ ਨੇ ਸਾਰੇ ਵਰਗਾਂ ਦੇ ਲੋਕਾਂ ਲਈ
ਕੰਮ ਕੀਤਾ ਤੇ ਦੂਜੇ ਪਾਸੇ ਭਾਜਪਾ ਸਮਾਜ 'ਚ ਫਿਰਕੂ ਤਣਾਅ ਪੈਦਾ ਕਰ ਰਹੀ ਹੈ। ਉਨ੍ਹਾਂ
ਨੇ ਇਥੋਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਵੋਟ ਪਾਉਣ ਤੋਂ ਪਹਿਲਾਂ ਤਮਾਮ
ਪਹਿਲੂਆਂ 'ਤੇ ਵਿਚਾਰ ਕਰਨ। ਸੋਨੀਆ ਗਾਂਧੀ ਨੇ ਕਿਹਾ ਕਿ ਲੋਕਾਂ ਦੇ ਸਨਮਾਨ ਲਈ ਸਿਰਫ਼
ਕਾਂਗਰਸ ਨੇ ਕੰਮ ਕੀਤਾ ਹੈ, ਪਰ ਚੰਗੇ ਦਿਨ ਦੇ ਲੁਭਾਉਣੇ ਵਾਅਦਿਆਂ ਦੇ ਨਾਲ ਜੋ ਲੋਕ ਸੱਤਾ
'ਚ ਆਏ ਹਨ ਉਨ੍ਹਾਂ ਦੀ ਨਾਕਾਮਯਾਬੀ ਹਰ ਪਾਸੇ ਨਜ਼ਰ ਆ ਰਹੀ ਹੈ। ਸੋਨੀਆ ਨੇ ਦਾਅਵਾ ਕੀਤਾ
ਕਿ ਪਿਛਲੇ ਯੂਪੀਏ ਸਰਕਾਰ ਦੇ ਯਤਨਾਂ ਅਤੇ ਉਸ ਦੀਆਂ ਵਿਕਾਸ ਯੋਜਨਾਵਾਂ ਨਾਲ ਹੀ ਅੱਜ ਦੇਸ਼
ਨੂੰ ਵਿਕਸਤ ਦੇਸ਼ ਬਣਨ ਵੱਲ ਵਧਣ 'ਚ ਮਦਦ ਮਿਲ ਰਹੀ ਹੈ। ਝਾਰਖੰਡ ਦੀਆਂ ਸਮੱਸਿਆਵਾਂ ਸਬੰਧੀ
ਭਾਜਪਾ 'ਤੇ ਹਮਲਾ ਕਰਦਿਆਂ ਸੋਨੀਆ ਨੇ ਕਿਹਾ ਕਿ ਲੋਕਾਂ ਨੂੰ ਪ੍ਰਧਾਨ ਮੰਤਰੀ ਨੂੰ ਦੱਸਣਾ
ਚਾਹੀਦਾ ਹੈ ਕਿ ਸੂਬੇ 'ਚ 14 ਸਾਲ 'ਚ 11 ਸਾਲ ਭਾਜਪਾ ਸੱਤਾ 'ਚ ਰਹੀ, ਪਰ ਇਥੋਂ ਦੀਆਂ
ਸਮੱਸਿਆਵਾਂ ਜਿਉਂ ਦੀਆਂ ਤਿਉਂ ਹਨ।
ਉਨ੍ਹਾਂ ਦੋਸ਼ ਲਾਇਆ ਕਿ ਜਦੋਂ ਯੂਪੀਏ ਸਰਕਾਰ
ਕੇਂਦਰ 'ਚ ਸੱਤਾ 'ਚ ਸੀ ਤਾਂ ਝਾਰਖੰਡ ਨੂੰ ਬਿਜਲੀ, ਸੜਕ, ਪਾਣੀ ਤੇ ਸਿਹਤ ਜਿਹੇ ਖੇਤਰਾਂ
'ਚ ਪ੍ਰੋਗਰਾਮਾਂ ਦੇ ਲਾਗੂ ਕਰਨ ਲਈ ਕਰੋੜਾਂ ਰੁਪਏ ਦਿੱਤੇ, ਪਰ ਭਾਜਪਾ ਸਾਸਤ ਸੂਬੇ 'ਚ ਉਸ
ਦਾ ਕੋਈ ਇਸਤੇਮਾਲ ਨਹੀਂ ਕੀਤਾ ਗਿਆ। ਸੋਨੀਆ ਨੇ ਕਿਹਾ ਕਿ ਅੱਜ ਭਾਜਪਾ ਵਾਲੇ ਕੁਪੋਸ਼ਣ
ਦੀਆਂ ਗੱਲਾਂ ਕਰਦੇ ਹਨ, ਪਰ ਭਾਜਪਾ ਦੇ ਸਾਸ਼ਨ ਵਾਲੇ ਰਾਜਾਂ 'ਚ ਲੱਖਾਂ ਅਜਿਹੇ ਲੋਕਾਂ 'ਤੇ
ਉਹ ਧਿਆਨ ਕਿਉਂ ਨਹੀਂ ਦੇ ਰਹੇ। ਉਨ੍ਹਾਂ ਕਿਹਾ ਕਿ ਝਾਰਖੰਡ 'ਚ ਦੇਸ਼ ਦੀ 40 ਫੀਸਦੀ ਖਾਨਾ
ਹਨ, ਫਿਰ ਵੀ ਇਹ ਸੂਬਾ ਪੱਛੜਿਆ ਹੋਇਆ ਹੈ।