ਗ੍ਰਾਮ ਪੰਚਾਇਤ ਹਾਕਮ ਵਾਲਾ ਦਾ ਵਫਦ ਵੱਢੀਖੋਰ ਕਾਨੂੰਗੋ ਖਿਲਾਫ ਐਸ.ਡੀ.ਐਮ ਨੂੰ ਮਿਲਿਆ
Posted on:- 23-11-2014
ਬੇਸ਼ੱਕ ਪੰਜਾਬ ਸਰਕਾਰ ਨੇ ਸੁਵਿਧਾ ਕੇਂਦਰ ਖੋਲਕੇ ਇੱਕ ਛੱਤ ਹੇਠ ਗਿਣਵੇਂ ਦਿਨਾਂ ਚ ਲੋਕਾਂ ਦੇ ਕੰਮ ਕਰਨ ਦਾ ਤਹਈਆ ਕੀਤਾ ਹੈ ਪਰ ਕੁਝ ਪ੍ਰਸ਼ਾਸਨਕ ਅਧਿਕਾਰੀ ਸਰਕਾਰੀ ਅਦੇਸ਼ਾਂ ਦੀ ਅਦੂਲੀ ਕਰਕੇ ਲਾਹੇਵੰਦ ਸਕੀਮਾਂ ਤੋ ਲੋਕਾਂ ਨੂੰ ਪਰੇ ਕਰ ਰਹੇ ਹਨ।ਇਸੇ ਤਰਾਂ ਦੀ ਸਮੱਸਿਆ ਚ ਘਿਰੀ ਹੈ ਹਲਕੇ ਦੇ ਪਿੰਡ ਹਾਕਮ ਵਾਲਾ ਦੀ ਪੰਚਾਇਤ,ਜਿਸ ਨੇ ਪਿੰਡ ਦੀ ਪੰਚਾਇਤੀ ਜ਼ਮੀਨ ਨੂੰ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਾਉਣ ਦੇ ਮਕਸਦ ਨਾਲ ਜ਼ਮੀਨ, ਰਾਹਾਂ ਅਤੇ ਫਿਰਨੀਆਂ ਦੀ ਨਿਸ਼ਾਨਦੇਹੀ ਲਈ ਐਸ.ਡੀ.ਐਮ ਦਫਤਰ ਬੁੱਢਲਾਡਾ ਵਿਖੇ ਸਥਿਤ ਸੁਵੀਧਾ ਕੇਂਦਰ ਚ ਮਿਤੀ 21 ਜੁਲਾਈ 2014 ਨੂੰ ਸਰਪੰਚ ਜਸਵਿੰਦਰ ਕੌਰ ਦੁਆਰਾ ਦਰਖਾਸਤ ਦਿੱਤੀ ਸੀ ਅਤੇ ਦਰਖਾਸਤ ਪ੍ਰਾਪਤ ਕਰਨ ਦੀ ਰਸੀਦ ਮੁਤਾਬਕ ਜ਼ਮੀਨ ਦੀ ਨਿਸ਼ਾਨਦੇਹੀ ਮਿਤੀ 27 ਅਗਸਤ 2014 ਤੋ ਪਹਿਲਾਂ ਕਰਨੀ ਸੀ।
ਐਸ.ਡੀ.ਐਮ ਬੁਢਲਾਡਾ ਸ੍ਰ.ਅਨਮੋਲਦੀਪ ਸਿੰਘ ਧਾਲੀਵਾਲ ਕੋਲ ਅੱਜ ਆਪਣਾ ਦੁੱਖ ਰੋਦਿਆਂ ਸਰਪੰਚ ਜਸਵਿੰਦਰ ਕੌਰ ਨੇ ਦੱਸਿਆ ਕਿ ਸਰਕਾਰ ਦੇ ਅਦੇਸ਼ਾਂ ਮੁਤਾਬਕ ਪੰਚਾਇਤੀ ਜਮੀਨਾਂ,ਰਾਹਾਂ ਅਤੇ ਪਿੰਡ ਦੀ ਫਿਰਨੀ ਨੂੰ ਨਾਜਾਇਜ ਕਬਜਿਆਂ ਤੋ ਮੁਕਤ ਕਰਾਉਣ ਲਈ ਦਿੱਤੀ ਦਰਖਾਸਤ ਉਪਰ ਅੱਜ ਤੱਕ ਵੀ ਕੋਈ ਅਸਰ ਨਹੀ ਹੋਇਆ।ਉਨਾ ਕਿਹਾ ਕਿ ਇਥੇ ਹੀ ਬੱਸ ਨਹੀ ਇਸ ਕੰਮ ਲਈ ਨਿਯੁਕਤ ਕਾਨੂੰਗੋ ਪਿੰਡ ਦੇ ਕੁਝ ਅਜਿਹੇ ਲੋਕ ਜਿੰਨਾਂ ਨੇ ਨਾਜਾਇਜ਼ ਕਬਜ਼ੇ ਜਮਾਏ ਹੋਏ ਹਨ, ਨਾਲ ਗੰਢ/ਤੁੱਪ ਕਰਕੇ ਨਿਸ਼ਾਨਦੇਹੀ ਕਰਨ ਲਈ ਲਗਾਤਾਰ ਟਾਲ ਮਟੋਲ ਕਰ ਰਿਹਾ ਹੈ।ਉਨ੍ਹਾਂ ਕਿਹਾ ਕਿ ਉਕਤ ਕਾਨੂੰਗੋ ਨੇ ਲੰਘੀ 20 ਨਵੰਬਰ ਦੇ ਦਿਨ ਪਿੰਡ ਦੇ ਲੋਕਾਂ ਨੂੰ ਆਪਣੇ ਘਰਾਂ ਚ ਰਹਿਣ ਲਈ ਗੁਰੂਘਰ ਦੇ ਸਪੀਕਰ ਰਾਂਹੀ ਅਲਾਂਉਮੈਟ ਕਰਵਾਈ ਸੀ ਜਿਸ ਨਾਲ ਸਮੁੱਚੇ ਪਿੰਡ ਦੇ ਲੋਕ ਆਪਣੇ ਕੰਮ ਕਾਜ ਛੱਡ ਘਰਾਂ ਚ ਰਹੇ ਪਰ ਪੂਰਾ ਦਿਨ ਕਾਨੂੰਗੋ ਸਾਹਿਬ ਨਾ ਪੁੱਜੇ।ਉਨ੍ਹਾਂ ਦੋਸ਼ ਲਾਇਆ ਕਿ ਇਸ ਸਬੰਧੀ ਜਦ ਕਾਨੂੰਗੋ ਸਾਹਿਬ ਨਾਲ ਰਾਬਤਾ ਕੀਤਾ ਤਾਂ ਉਸ ਨੇ ਸਰੰਪਚ ਨੂੰ ਭੱਦੀ ਸ਼ਬਦਾਬਲੀ ਰਾਂਹੀ ਨਿਰਲੱਜ ਵੀ ਕੀਤਾ।
ਗ੍ਰਾਮ ਪੰਚਾਇਤ ਅਤੇ ਸ਼ਹੀਦ ਭਗਤ ਸਿੰਘ ਯੂਥ ਕਲੱਬ ਹਾਕਮ ਵਾਲਾ ਦੇ ਪ੍ਰਧਾਨ ਜਸਵਿੰਦਰ ਸਿੰਘ,ਪੰਚ ਬਲਵਿੰਦਰ ਸਿੰਘ,ਪ੍ਰਦੀਪ ਕੌਰ,ਅਮਰੀਕ ਸਿੰਘ,ਛਿੰਦਰ ਸਿੰਘ,ਗੁਰਮੇਲ ਸਿੰਘ,ਜਗਤਾਰ ਸਿੰਘ ਅਦਿ ਨੇ ਉਕਤ ਕਾਨੂੰਗੋ ਖਿਲਾਫ ਬਣਦੀ ਕਰਾਵਾਈ ਕਰਨ ਅਤੇ ਡਿਊਟੀ ਅਧਿਕਾਰੀ ਬਦਲਣ ਦੀ ਮੰਗ ਕਰਦਿਆਂ ਕਿਹਾ ਕਿ ਅਜਿਹੇ ਅਧਿਕਾਰੀ ਸਰਕਾਰ ਦਾ ਅਕਸ ਖਰਾਬ ਕਰ ਰਹੇ ਹਨ ਜਿਸ ਬਾਰੇ ਉਸ ਕੇਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਵੀ ਮਿਲਣਗੇ।ਓਧਰ ਇਸ ਸਬੰਧੀ ਜਦ ਸਬੰਧਤ ਕਾਨੂੰਗੋ ਬਲਦੇਵ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨਾ ਇਹ ਕਹਿਕੇ ਫੋਨ ਕੱਟ ਦਿੱਤਾ ਕਿ ਉਹ ਬਿਮਾਰ ਹਨ।ਇਸ ਉਪਰੰਤ ਬਾਰ ਬਾਰ ਫੋਨ ਮਿਲਾਉਣ ਤੇ ਵੀ ਉਨ੍ਹਾਂ ਗੱਲ ਨਾ ਕੀਤੀ।ਇਸ ਸਬੰਧੀ ਜਦ ਐਸ.ਡੀ.ਐਮ ਬੁਢਲਾਡਾ ਸ੍ਰ.ਅਨਮੋਲਦੀਪ ਸਿੰਘ ਧਾਲੀਵਾਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਰਪੰਚ ਜਸਵਿੰਦਰ ਕੌਰ ਅਤੇ ਗ੍ਰਾਮ ਪੰਚਾਇਤ ਹਾਕਮ ਵਾਲਾ ਨੇ ਇਹ ਮਾਮਲਾ ਅੱਜ ਉਨ੍ਹਾਂ ਦੇ ਧਿਆਨ ਚ ਲਿਆਂਦਾ ਹੈ।ਉਨ੍ਹਾਂ ਕਿਹਾ ਕਿ ਦੋਸ਼ੀ ਕਾਨੂੰਗੋ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਜਲਦੀ ਹੀ ਨਿਸ਼ਾਨਦੇਹੀ ਦਾ ਕੰਮ ਵੀ ਕਰਵਾਇਆ ਜਾਵੇਗਾ।