ਸੰਤ ਰਾਮਪਾਲ ਜਿਹੇ ਬਾਬਿਆਂ ਦੀ ਮਹਿਮਾ ਅਪਰ-ਅਪਾਰ
Posted on:- 21-11-2014
ਫਤਿਹ ਪ੍ਰਭਾਕਰ/ਸੰਗਰੂਰ : ਹਰਿਆਣਾ
ਦੇ ਸ਼ਹਿਰ ਬਰਵਾਲਾ ਦੇ ਡੇਰਾ ਸਤਲੋਕ ਆਸ਼ਰਮ ਦਾ ਮੁੱਦਾ ਉਠਣ ਨਾਲ ਅਜਿਹੇ ਕਈ ਹੋਰ ਸੰਤਾਂ,
ਬਾਬਿਆਂ ਦੀ ਚਰਚਾ ਮੁੜ ਤੋਂ ਛਿੜਨ ਲੱਗੀ ਹੈ। ਸੰਤ ਰਾਮਪਾਲ ਜਿਹੇ ਸੰਤਾਂ ਤੇ ਸੰਗੀਨ ਦੋਸ਼
ਵੀ ਲਗਦੇ ਹਨ ਤੇ ਅਦਾਲਤਾਂ ਵਿਚ ਕੇਸ ਵੀ ਚਲਦੇ ਹਨ, ਫਿਰ ਉਹ ਕਾਨੂੰਨ ਨੂੰ ਆਪਣੇ ਨਾਲੋਂ
ਛੋਟਾ ਜਾਂ ਕਮਜ਼ੋਰ ਕਿਉਂ ਆਂਕਦੇ ਹਨ।
ਇਸ ਸਬੰਧ ਵਿਚ ਲੋਕਾਂ ਵਿਚ ਚਰਚਾ ਹੈ ਕਿ ਕਦੇ ਸੰਤ
ਲੋਕਾਂ ਨੂੰ ਸੱਚ ਦੇ ਮਾਰਗ ਤੇ ਚਲਦਿਆਂ ਸਾਦਗੀ ਭਰਿਆ ਜੀਵਨ ਜਿਉਂਣ ਤੇ ਸਮਾਜ ਦੇ ਹਿੱਤ
ਵਿਚ ਕੰਮ ਕਰਨ ਦੀ ਪ੍ਰੇਰਨਾ ਦਿੰਦੇ ਹਨ। ਉਨ੍ਹਾਂ ਲੋਕਾਂ ਨੂੰ ਨਾਂ ਜਾਇਦਾਦ, ਨਾਂ ਪੈਸੇ
ਤੇ ਨਾ ਸੋਹਰਤ ਦੀ ਜਰੂਰਤ ਹੁੰਦੀ ਸੀ। ਉਨ੍ਹਾਂ ਨੇ ਆਪਣਾ ਜੀਵਨ ਸੁਆਰਨ ਦੇ ਨਾਲੋਂ ਨਾਲ
ਸਮਾਜ ਨੂੰ ਤਾਰਨ ਦੀ ਗੱਲ ਹੁੰਦੀ ਸੀ। ਪਖੰਡੀ, ਦੁਸ਼ਟ ਤੇ ਹੋਰ ਮਾੜੇ ਕਰਮ ਸੰਤ ਤੇ ਬਾਬਿਆਂ
ਦੇ ਭੇਸ ਵਿਚ ਪਹਿਲਾਂ ਵੀ ਕੁਝ ਸੰਤ ਕਹਾਉਣ ਵਾਲੇ ਲੋਕ ਕਰਦੇ ਸਨ ਤੇ ਲੋਕ ਉਨ੍ਹਾਂ ਨੂੰ
ਸਾਧ ਪੂਪਨੇ ਕਹਿੰਦੇ ਸਨ। ਹੁਣ ਦੇ ਪਦਾਰਥਵਾਦੀ ਯੁੱਗ ਵਿਚ ਸੰਤ ਜਾਂ ਬਾਬੇ ਬਣੇ ਡੇਰੇ
ਵਾਲੇ ਸੰਤ ਦੇ ਪਿਛੋਕੜ ਵਾਰੇ ਉਨ੍ਹਾਂ ਦੇ ਪੈਰੋਕਾਰ ਪਹਿਲਾਂ ਤਾਂ ਅਸਲੀਅਤ ਜਾਣਦੇ ਹੀ
ਨਹੀਂ ਹੁੰਦੇ। ਜੇਕਰ ਪਤਾ ਵੀ ਲੱਗ ਜਾਵੇ ਤਾਂ ਐਨ੍ਹੀ ਸ਼ਰਧਾਂ ਤੇ ਅੰਧ-ਵਿਸ਼ਵਾਸ ਉਨ੍ਹਾਂ 'ਚ
ਭਾਰੀ ਹੁੰਦਾ ਹੈ ਕਿ ਉਹ ਆਪਣੇ ਬਾਬੇ ਜਾਂ ਸੰਤ ਦੇ ਵਾਰੇ ਕੋਈ ਸ਼ਬਦ ਸੁਣਨ ਲਈ ਹੀ ਤਿਆਰ
ਨਹੀਂ ਹੁੰਦੇ। ਇਸ ਅੰਨੀ ਆਸਥਾ ਕਾਰਨ ਇਹ ਬਾਬੇ ਆਪਣੇ ਅਨੁਆਈਆਂ ਦੀ ਆੜ ਹੇਠ ਮਾੜੇ ਕਰਮ
ਕਰਦੇ ਹਨ।
ਸੰਤ ਰਾਮਪਾਲ ਦੇ ਮਾਮਲੇ ਵਿਚ ਇਹ ਗੱਲ ਸਪੱਸ਼ਟ ਸੀ ਕਿ ਸੰਤ ਜਮਾਨਤ ਤੇ ਆਇਆ
ਹੋਇਆ ਸੀ ਤੇ ਉਸ ਨੂੰ ਰਾਮਪਾਲ ਦੇ ਆਸ਼ਰਮ ਸਤਲੋਕ ਦੇ ਬੁਲਾਰੇ ਸੰਤ ਨੂੰ ਬਿਮਾਰ ਕਹਿੰਦੇ
ਰਹੇ ਤੇ ਠੀਕ ਹੋਣ ਤੇ ਅਦਾਲਤ ਵਿਚ ਪੇਸ ਹੋਵੇਗਾ। ਜਦੋਂ ਸੰਤ ਰਾਮਪਾਲ ਜੀ ਕਾਬੂ ਆਏ ਤੇ
ਡਾਕਟਰਾਂ ਨੇ ਕਿਹਾ ਕਿ ਰਿਸਟ-ਪੁਸ਼ਟ ਹੈ ਬਿਮਾਰ ਹੈ ਹੀ ਨਹੀਂ। ਦੂਸਰੇ ਉਸ ਨੇ ਸਪੈਸ਼ਲ
ਕਮਾਡੋਂ ਤੇ ਹੋਰ ਸਰਧਾਲੂਆਂ ਨੂੰ ਨੰਗੇ ਚਿੱਟੇ ਹਥਿਆਰਾ ਨਾਲ ਲੈਸ ਹੋ ਕੇ ਕਾਨੂੰਨ ਨੂੰ
ਡਰਾਉਣ ਦਾ ਯਤਨ ਖੂਬ ਕੀਤਾ। ਸਰਧਾਲੂਆਂ ਨੂੰ ਢਾਲ ਦੇ ਤੌਰ 'ਤੇ ਵਰਤਿਆਂ ਤੇ ਅੰਦਰ-ਜਬਰੀ
ਰੋਕਕੇ ਰੱਖਣ ਕਾਰਨ 6 ਕੀਮਤੀ ਜਾਨਾਂ ਵੀ ਗਈਆਂ। ਦੂਸਰੇ ਬਾਬੇ ਦੇ ਵਕੀਲ ਸਾਹਿਬ ਫੁਰਮਾ
ਰਹੇ ਹਨ ਕਿ ਸੰਤ ਬਾਬਾ ਰਾਮਪਾਲ ਜੀ ਨੂੰ ਸਰਧਾਲੂਆਂ ਨੇ ਅੰਦਰ ਬੰਧਕ ਬਣਾਕੇ ਰੱਖਿਆ। ਜੇਕਰ
ਉਨ੍ਹਾਂ ਦੀ ਇਹ ਗੱਲ ਸੱਚ ਹੈ ਤਾਂ ਸੰਤ ਨੇ ਆਪਣੇ ਸਰਧਾਲੂਆਂ ਤੇ ਮੁਕੱਦਮਾਂ ਕਿਉਂ ਨਹੀਂ
ਦਰਜ ਕਰਾਇਆ। ਜਿਨ੍ਹਾਂ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਹੀ ਡੇਰੇ ਵਿਚ ਰੋਕ ਕੇ ਰੱਖਿਆ।
ਇਸ
ਦੇ ਨਾਲ ਹੀ ਇਹ ਗੱਲ ਹੈ ਕਿ ਸੁਰੱਖਿਆ ਏਜੰਸੀਆਂ ਨੇ ਕਰੋੜਾਂ ਰੁਪਏ ਦਾ ਖਰਚਾ ਕਰਕੇ ਸੰਤ
ਰਾਮਪਾਲ ਨੂੰ ਕਾਬੂ ਕੀਤਾ ਤੇ ਉਥੋਂ ਸਰਧਾਲੂਆਂ ਨੂੰ ਕੱਢਿਆ। ਇਥੇ ਇਹ ਸਵਾਲ ਪੈਦਾ ਹੁੰਦਾ
ਹੈ ਕਿ ਇਨ੍ਹਾਂ ਸੰਤਾਂ ਦੇ ਡੇਰਿਆਂ ਦੇ ਅੰਦਰ ਜਮ੍ਹਾ ਕੀਤੇ ਜਾਂਦੇ ਅਸਲੇ ਵਾਰੇ ਸਰਕਾਰਾਂ
ਨੂੰ ਸਮੇਂ ਸਿਰ ਕਿਉਂ ਪਤਾ ਨਹੀਂ ਚਲਦਾ। ਅਜਿਹੇ ਡੇਰੇ ਤਾਂ ਕੋਈ ਦੇਸ਼ ਧਰੋਹੀ ਢੋਗੀਂ ਬਾਬਾ
ਵੀ ਕਿਧਰੇ ਬਣਾਕੇ ਪੂਰੇ ਦੇਸ਼ ਦੀ ਆਜ਼ਾਦੀ ਨੂੰ ਖਤਰੇ ਵਿਚ ਪਾ ਸਕਦਾ ਹੈ। ਇਕ ਸਵਾਲ ਆਮ
ਲੋਕਾਂ ਵਿਚ ਇਹ ਵੀ ਹੈ ਕਿ ਆਖਰ ਬਾਬਿਆਂ ਨੂੰ ਖਤਰਾ ਕਿਸ ਤੋਂ ਹੈ। ਜਿਹੜੇ ਗੰਨਮੈਨ ਤੇ
ਮਹਿੰਗੀਆ ਗੱਡੀਆਂ ਜਾਇਜ਼ ਤੇ ਨਜਾਇਜ਼ ਅਸਲਾ ਆਉਂਦਾ ਕਿਥੋਂ ਹੈ ਤੇ ਕਿਉਂ ਆਉਂਦਾ ਹੈ।
ਇਸ
ਸੰਤ ਰਾਮ ਦੇ ਨਾਲ ਹੀ ਚਰਚਾ ਛਿੜ ਜਾਂਦੀ ਹੈ ਸੰਤ ਸਿਰਸੇ ਵਾਲੇ ਦੀ। ਉਨ੍ਹਾਂ ਵਿਰੁੱਧ ਵੀ
ਸੰਗੀਨ ਕਿਸਮ ਦੇ ਦੋਸ਼ ਲਗਦੇ ਰਹੇ ਹਨ ਤੇ ਉਨ੍ਹਾਂ ਨੇ ਵੀ ਸੇਵਕਾਂ ਨੂੰ ਢਾਲ ਬਣਾਈ ਤੇ
ਸਿੱਖਾਂ ਨਾਲ ਟਕਰਾਅ ਵੀ ਲਿਆ। ਇਸ ਤੋਂ ਪਹਿਲਾਂ ਚੰਦਰ ਸੁਆਮੀ, ਬਾਬਾ ਰਾਮ ਦੇਵ ਯੋਗ ਗੁਰੂ
ਤੇ ਬਾਬਾ ਆਸਾ ਰਾਮ ਬਾਪੂ ਤੇ ਆਸੂ ਤੋਸ ਜਿਹੇ ਬਾਬਿਆਂ ਦੀ ਵੀ ਚਰਚਾ ਹੋ ਰਹੀ ਹੈ।
ਇਨ੍ਹਾਂ ਬਾਬਿਆਂ ਦੀ ਸਾਂਝ ਵੀ ਕਿਸੇ ਨਾਂ ਕਿਸੇ ਰਾਜ ਕਰਦੀ ਪਾਰਟੀ ਨਾਲ ਹੀ ਹੁੰਦੀ ਹੈ।
ਇਹੋ ਵੱਡਾ ਕਾਰਨ ਹੁੰਦਾ ਹੈ ਕਿ ਰਾਜਨੀਤਿਕ ਆਗੂਆਂ ਦੀ ਆੜ ਹੇਠ ਇਹ ਸੰਤ, ਬਾਬੇ ਕਾਨੂੰਨ
ਨੂੰ ਛੋਟਾ ਤੇ ਕਮਜ਼ੋਰ ਸਮਝ ਬੈਠਦੇ ਹਨ। ਸਿਰਸੇ ਵਾਲੇ ਬਾਬੇ, ਬਾਬਾ ਰਾਮ ਦੇਵ ਤੇ ਸੰਤ
ਰਾਮਪਾਲ ਨੇ ਵੀ ਆਪਣੇ ਪੈਰੋਕਾਰਾਂ ਰਾਹੀਂ ਰਾਜਨੀਤਿਕ ਪਾਰਟੀਆਂ ਦੀ ਸਿੱਧੇ ਤੌਰ 'ਤੇ
ਵਰਤੋਂ ਕੀਤੀ ਹੈ। ਜਦੋਂ ਸਰਕਾਰਾਂ ਹੀ ਬਾਬਿਆਂ ਦੀ ਸਰਨ ਵਿਚ ਜਾਕੇ ਬਣਦੀਆਂ ਹਨ ਫਿਰ
ਸਰਕਾਰਾਂ ਚਲਾਉਂਣ ਵਾਲੇ ਤੇ ਕਾਨੂੰਨ ਬਣਾਉਣ ਵਾਲੇ ਇਨ੍ਹਾਂ ਬਾਬਿਆਂ ਦੇ ਅਹਿਸਾਨ ਹੇਠ
ਦਬਕੇ ਰਹਿ ਜਾਂਦੇ ਹਨ। ਜਦੋਂ ਆਲਮ ਇਹ ਬਣ ਜਾਵੇ ਫਿਰ ਕੋਈ ਕਾਨੂੰਨ ਕੀ ਕਰੇਗਾ। ਕਿਉਂਕਿ
ਬਣਾਉਣ ਵਾਲੇ ਹੀ ਆਪਣੇ ਬਣ ਜਾਂਦੇ ਹਨ ਤੇ ਲਾਗੂ ਕਰਾਉਣ ਵਾਲਾ ਸਿਵਲ ਪ੍ਰਸ਼ਾਸਨ ਤੇ ਪੁਲਿਸ
ਤੰਤਰ ਵੀ ਕਾਨੂੰਨ ਬਣਾਉਣ ਵਾਲਿਆਂ ਦੇ ਹੀ ਅਧੀਨ ਹੁੰਦਾ ਹੈ। ਅਜਿਹੇ ਹਾਲਾਤਾਂ ਵਿਚ ਸੰਤ
ਰਾਮਪਾਲ ਵਰਗੇ ਸੰਤ ਪੈਦਾ ਹੁੰਦੇ ਰਹਿਣਗੇ ਤੇ ਕੁਕਰਮ ਵੀ ਕਰਦੇ ਹੋਏ ਕਾਨੂੰਨ ਨੂੰ ਛੋਟਾ
ਗਿਣਦੇ ਰਹਿਣਗੇ।
ਇਨ੍ਹਾਂ ਵੋਟ ਬੈਂਕ ਵਾਲੇ ਬਾਬਿਆਂ ਨੂੰ ਚਾਹੀਦਾ ਹੈ ਕਿ ਉਨ੍ਹਾਂ ਪਾਸ
ਲੱਖਾਂ ਹੀ ਸਰਧਾਲੂ ਤਾਂ ਹੁੰਦੇ ਹੀ ਹਨ ਫਿਰ ਉਹ ਜਦੋਂ ਡੇਰੇ ਬਣਾ ਸਕਦੇ ਹਨ ਤਾਂ
ਰਾਜਨੀਤਿਕ ਪਾਰਟੀਆਂ ਵੀ ਆਪਣੀਆਂ ਹੀ ਬਣਾ ਲੈਣ ਤੇ ਦੂਸਰਿਆਂ ਦੀ ਵਿਸਾਖੀ ਨਾ ਬਣਨ ਤਾਂ
ਚੰਗਾ ਹੋਵੇਗਾ। ਸੰਤ ਦੇ ਡੇਰੇ ਦੀ ਹੁਣ ਛਾਣਬੀਣ ਕਰਨ ਵਾਲੇ ਜਦੋਂ ਹੁਣ ਤੱਕ ਸੁੱਤੇ ਰਹੇ
ਤਾਂ ਹੁਣ ਵੀ ਬਾਬੇ ਨੂੰ ਜੇਲ੍ਹ ਭੇਜਣ ਤੋਂ ਵੱਧ ਹੋ ਕੀ ਕਰਨਗੇ। ਦੇਖੋ ਕਦੋ ਸਾਡੇ ਲੋਕ
ਅਜਿਹੇ ਬਾਬਿਆਂ ਤੇ ਸੰਤਾਂ ਦੇ ਚੁੰਗਲ ਵਿਚੋਂ ਬਾਹਰ ਨਿਕਲਣਗੇ।