ਕੈਨੇਡਾ ਵਿਚਲੇ ਸੂਬੇ ਸਸਕੈਚਵੈਨ ਦੇ ਪ੍ਰੀਮੀਅਰ ਵੱਲੋਂ ਬਾਦਲ ਨਾਲ ਮੁਲਕਾਤ
Posted on:- 21-11-2014
ਦੋਵਾਂ ਸੂਬਿਆਂ 'ਚ ਦੁਵੱਲੀ ਸਾਂਝ ਲਈ ਇੱਛਾ ਪ੍ਰਗਟਾਈ
ਚੰਡੀਗੜ੍ਹ : ਡੇਅਰੀ,
ਪਸ਼ੂ ਧਨ ਪ੍ਰਬੰਧਨ, ਦੁੱਧ ਪ੍ਰੋਸੈਸਿੰਗ ਸੈਂਟਰ ਤੋਂ ਇਲਾਵਾ ਖੇਤੀਬਾੜੀ, ਫੂਡ ਤਕਨਾਲੋਜੀ,
ਹੁਨਰ ਵਿਕਾਸ, ਤਕਨੀਕੀ ਸਿੱਖਿਆ ਸਮੇਤ ਵੱਖ-ਵੱਖ ਖੇਤਰਾਂ 'ਚ ਪੰਜਾਬ ਨਾਲ ਸਹਿਯੋਗ ਕਰਨ
ਲਈ ਕੈਨੇਡਾ ਦੇ ਸਸਕੈਚਵੈਨ ਸੂਬੇ ਦੇ ਪ੍ਰੀਮੀਅਰ ਬਰੈਡ ਵਾਲ ਨੇ ਡੂੰਘੀ ਦਿਲਚਸਪੀ ਵਿਖਾਈ
ਹੈ।
ਸ੍ਰੀ ਬਰੈਡ ਵਾਲ ਅੱਜ ਸ਼ਾਮ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ
ਉਨ੍ਹਾਂ ਦੇ ਨਿਵਾਸ ਸਥਾਨ 'ਤੇ ਇਕ ਵਫ਼ਦ ਦੇ ਨਾਲ ਮਿਲੇ।
ਮੁੱਖ ਮੰਤਰੀ ਨਾਲ
ਵਿਚਾਰ-ਚਰਚਾ ਦੌਰਾਨ ਸ੍ਰੀ ਬਰੈਡ ਵਾਲ ਨੇ ਕਿਹਾ ਕਿ ਇਨ੍ਹਾਂ ਖੇਤਰਾਂ ਵਿੱਚ ਦੁਵੱਲੇ
ਸਹਿਯੋਗ ਦੀਆਂ ਬਹੁਤ ਜ਼ਿਆਦਾ ਸੰਭਾਵਨਾਵਾਂ ਹਨ ਕਿਉਂਕਿ ਦੋਵੇਂ ਸੂਬਿਆਂ ਵਿੱਚ ਖੇਤੀਬਾੜੀ
ਦੇ ਖੇਤਰ ਵਿੱਚ ਵੱਡਾ ਕੰਮਕਾਜੀ ਤਜਰਬਾ ਤੇ ਮੁਹਾਰਤ ਹੈ। ਉਨ੍ਹਾਂ ਨੇ ਮੁੱਖ ਮੰਤਰੀ ਨੂੰ
ਦੱਸਿਆ ਕਿ ਦੋਵੇਂ ਸੂਬੇ ਵੈਟਰਨਰੀ ਸਾਇੰਸ ਦੇ ਖੇਤਰ ਵਿੱਚ ਬਹੁਤ ਜ਼ਿਆਦਾ ਸਾਂਝ ਨਾਲ
ਪਹਿਲਾਂ ਹੀ ਕੰਮ ਕਰ ਰਹੇ ਹਨ ਅਤੇ ਦੋਵਾਂ ਸੂਬਿਆਂ ਵਿੱਚ ਖੇਤੀ ਅਤੇ ਪਸ਼ੂ ਧਨ ਨਾਲ ਸਬੰਧਤ
ਹੋਰਨਾਂ ਸੈਕਟਰਾਂ ਵਿੱਚ ਦੁਵੱਲੇ ਸਹਿਯੋਗ ਦੀ ਵੱਡੀ ਸਮਰੱਥਾ ਹੈ। ਦੌਰੇ 'ਤੇ ਆਏ
ਸਸਕੈਚਵੈਨ ਦੇ ਪ੍ਰੀਮੀਅਰ ਨੇ ਸ. ਬਾਦਲ ਨੂੰ ਤਕਨੀਕੀ, ਫੂਡ ਤਕਨਾਲੋਜੀ, ਫੂਡ
ਪ੍ਰੋਸੈਸਿੰਗ, ਖੇਤੀ ਬਾਇਓ ਤਕਨਾਲੋਜੀ, ਫਸਲ ਦੀ ਗਹਾਈ ਉਪਰੰਤ ਪ੍ਰਬੰਧਨ/ਭੰਡਾਰਨ ਵਿੱਚ
ਮਦਦ ਕਰਨ ਦਾ ਭਰੋਸਾ ਦਿਵਾਇਆ।
ਦੋਵਾਂ ਦੇਸ਼ਾਂ ਵਿੱਚ ਕਿਸਾਨਾਂ ਦੇ ਆਦਾਨ-ਪ੍ਰਦਾਨ ਸ਼ੁਰੂ
ਕਰਨ ਲਈ ਮੁੱਖ ਮੰਤਰੀ ਵੱਲੋਂ ਪੇਸ਼ ਕੀਤੇ ਪ੍ਰਸਤਾਵ ਦਾ ਸਵਾਗਤ ਕਰਦਿਆਂ ਸ੍ਰੀ ਬਰੈਡ ਵਾਲ
ਨੇ ਉਮੀਦ ਜ਼ਾਹਰ ਕੀਤੀ ਕਿ ਇਸ ਨਾਲ ਦੋਵਾਂ ਸੂਬਿਆਂ ਨੂੰ ਵੱਡਾ ਲਾਭ ਹੋ ਸਕਦਾ ਹੈ। ਉਨ੍ਹਾਂ
ਕਿਹਾ ਕਿ ਸਸਕੈਚਵੈਨ ਵੱਖ-ਵੱਖ ਖੇਤਰਾਂ ਵਿੱਚ ਪੰਜਾਬ ਨਾਲ ਸਹਿਯੋਗ ਕਰਨ ਨੂੰ ਪਹਿਲ
ਦੇਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਤੇਲ ਬੀਜਾਂ ਦੀਆਂ ਨਵੀਆਂ
ਕਿਸਮਾਂ ਵਿਕਸਤ ਕਰਨ ਸਬੰਧੀ ਸਸਕੈਚਵੈਨ ਯੂਨੀਵਰਸਿਟੀ ਦੇ ਨਾਲ ਮੌਜਾ ਪ੍ਰਬੰਧਾਂ ਨੂੰ ਹੋਰ
ਵਧਾਇਆ ਜਾਣਾ ਚਾਹੀਦਾ ਹੈ ਅਤੇ ਇਸ ਦੇ ਹੇਠ ਨਵੇਂ ਖੇਤਰਾਂ ਨੂੰ ਲਿਆ ਕੇ ਗੁਰੂ ਅੰਗਦ
ਦੇਵ ਵੈਟਰਨਰੀ ਯੂਨੀਵਰਸਿਟੀ ਨਾਲ ਵੀ ਵਿਦਿਆਰਥੀਆਂ ਦੇ ਆਦਾਨ-ਪ੍ਰਦਾਨ ਪ੍ਰੋਗਰਾਮ ਕੀਤੇ
ਜਾਣੇ ਚਾਹੀਦੇ ਹਨ।
ਇਸ ਤੋਂ ਪਹਿਲਾਂ ਵਿਚਾਰ-ਚਰਚਾ ਦੌਰਾਨ ਮੁੱਖ ਮੰਤਰੀ ਨੇ
ਪੰਜਾਬ ਤੇ ਕੈਨੇਡਾ ਵਿਚਕਾਰ ਇਤਿਹਾਸਕ ਤੇ ਮਜ਼ਬੂਤ ਸਬੰਧਾਂ ਨੂੰ ਚੇਤੇ ਕਰਦਿਆਂ ਸ੍ਰੀ ਬਰੈਡ
ਵਾਲ ਨੂੰ ਦੱਸਿਆ ਕਿ ਸਾਰੇ ਪੰਜਾਬੀ ਲਈ ਕੈਨੇਡਾ ਦੂਜਾ ਘਰ ਹੈ। ਉਨ੍ਹਾਂ ਕਿਹਾ ਕਿ ਦੋਵੇਂ
ਸੂਬੇ ਬੁਨਿਆਦੀ ਤੌਰ 'ਤੇ ਖੇਤੀ ਆਰਥਿਕਤਾ ਵਾਲੇ ਹਨ ਅਤੇ ਇਨ੍ਹਾਂ ਦੋਵਾਂ ਦਾ ਖੇਤੀਬਾੜੀ
ਸੈਕਟਰ ਬਹੁਤ ਜ਼ਿਆਦਾ ਸ਼ਕਤੀਸ਼ਾਲੀ ਹੈ, ਇਸ ਕਰਕੇ ਦੋਵੇਂ ਸੂਬੇ ਇਕ-ਦੂਜੇ ਨਾਲ ਸਹਿਯੋਗ ਕਰਕੇ
ਲਾਭ ਹਾਸਲ ਕਰ ਸਕਦੇ ਹਨ। ਸ. ਬਾਦਲ ਨੇ ਦੌਰੇ 'ਤੇ ਆਏ ਵਫ਼ਦ ਨੂੰ ਇਨ੍ਹਾਂ ਪ੍ਰਸਤਾਵਾਂ
ਨੂੰ ਅੱਗੇ ਲਿਜਾਣ ਦੀ ਅਪੀਲ ਕੀਤੀ ਤਾਂ ਕਿ ਇਹ ਪ੍ਰਸਤਾਵ ਕਾਗਜ਼ਾਂ ਤੱਕ ਹੀ ਸੀਮਿਤ ਨਾ ਰਹਿ
ਜਾਣ ਸਗੋਂ ਅਮਲ ਵਿੱਚ ਆਉਣ। ਉਨ੍ਹਾਂ ਕਿਹਾ ਕਿ ਇਕ ਸਹਿਮਤੀ ਪੱਤਰ 'ਤੇ ਸਹੀ ਪਾ ਕੇ ਅਨਾਜ
ਦੇ ਮਿਆਰੀ ਉਤਪਦਾਨ ਤੇ ਫੂਡ ਤਕਨਾਲੋਜੀ ਨੂੰ ਹੁਲਾਰਾ ਦੇਣ ਲਈ ਪੰਜਾਬ ਤੇ ਸਸਕੈਚਵੈਨ
ਖੇਤੀਬਾੜੀ ਅਤੇ ਖੇਤੀ ਅਮਲਾਂ ਦੇ ਖੇਤਰ ਵਿੱਚ ਛੇਤੀ ਹੀ ਰਣਨੀਤਿਕ ਗੱਠਜੋੜ ਪੈਦਾ ਕਰਨਗੇ।
ਉਨ੍ਹਾਂ ਨੇ ਇੱਥੋਂ ਦੇ ਵਿਦਿਆਰਥੀਆਂ ਨੂੰ ਦੋਹਰੀ ਡਿਗਰੀ ਤੇ ਦੋਹਰੀ ਡਿਪਲੋਮਾ ਪ੍ਰਦਾਨ
ਕਰਨ ਲਈ ਸਸਕੈਚਵੈਨ ਪੋਲੀਟੈਕਨਿਕ ਇੰਸਟੀਚਿਊਟ ਦਾ ਸੂਬੇ ਦੇ ਟੈਕਨੀਕਲ ਸਿੱਖਿਆ ਵਿਭਾਗ ਦੇ
ਨਾਲ ਸਮਝੌਤਾ ਕਰਨ 'ਤੇ ਵੀ ਸਹਿਮਤੀ ਪ੍ਰਗਟਾਈ ਤਾਂ ਜੋ ਉਨ੍ਹਾਂ ਦੇ ਅੰਤਰਰਾਸ਼ਟਰੀ ਪੱਧਰ
'ਤੇ ਰੁਜ਼ਗਾਰ ਦੇ ਮੌਕਿਆਂ ਵਿੱਚ ਵਾਧਾ ਕੀਤਾ ਜਾ ਸਕੇ।