ਮਾਮਲਾ ਪੰਜਾਬੀ ਯੂਨੀਵਰਸਿਟੀ 'ਚ ਹੋਏ ਲਾਠੀਚਾਰਜ ਦਾ
Posted on:- 21-11-2014
ਮੰਗਾਂ ਨੂੰ ਲੈ ਕੇ ਤਿੰਨ ਜਥੇਬੰਦੀਆਂ ਵੱਲੋਂ ਵੀਸੀ ਦੇ ਦਫ਼ਤਰ ਅੱਗੇ ਭੁੱਖ ਹੜਤਾਲ ਸ਼ੁਰੂ
ਪਟਿਆਲਾ : ਪੰਜਾਬੀ
ਯੂਨੀਵਸਿਟੀ ਪਟਿਆਲਾ ਵਿਖੇ ਬੀਤੇ ਕੱਲ ਵਿਦਿਆਰਥੀਆਂ 'ਤੇ ਪੁਲਿਸ ਵੱਲੋਂ ਕੀਤੇ ਗਏ ਭਾਰੀ
ਲਾਠੀਚਾਰਜ ਤੋਂ ਬਾਅਦ ਵੀ ਆਪਣੀਆਂ ਮੰਗਾਂ 'ਤੇ ਅੜੇ ਵਿਦਿਆਰਥੀਆਂ ਨੇ ਯੂਨੀਵਰਸਿਟੀ
ਪ੍ਰਸ਼ਾਸ਼ਨ ਤੇ ਪੁਲਿਸ ਦੇ ਜਬਰ ਖਿਲਾਫ ਯੂਨੀਵਰਸਿਟੀ ਕੈਂਪਸ ਅੰਦਰ 2 ਵੱਖ-ਵੱਖ ਥਾਵਾਂ 'ਤੇ
ਮੋਰਚੇ ਲਗਾ ਦਿੱਤੇ ਹਨ। ਵਿਦਿਆਰਥੀ ਮੰਗਾਂ ਨੂੰ ਲੈ ਕੇ ਐਸਐਫਆਈ, ਏਆਈਐਸਐਫ, ਪੁਰਸਾ ਅਤੇ
ਯੂਐਸਓ ਵੱਲੋਂ ਲੰਘੇ ਕੱਲ੍ਹ ਪੰਜਾਬੀ ਯੂਨੀਵਰਸਿਟੀ ਦਾ ਮੇਨ ਗੇਟ ਬੰਦ ਕਰਕੇ ਪ੍ਰਦਰਸ਼ਨ
ਕੀਤਾ ਗਿਆ ਸੀ ਤੇ ਇਨ੍ਹਾਂ 'ਚੋਂ ਏਆਈਐਸਐਫ, ਐਸਐਫਆਈ ਪੁਰਸਾ ਨੇ ਉਪ ਕੁਲਪਤੀ ਦੇ ਦਫਤਰ
ਅੱਗੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ।
ਦੂਜੇ ਪਾਸੇ ਕੁਝ ਜਥੇਬੰਦੀਆਂ ਨੇ ਮਿਲ ਕੇ
ਜਬਰਵਿਰੁੱਧ ਸਾਝਾ ਵਿਦਿਆਰਥੀ ਫਰੰਟ ਕਾਇਮ ਕਰਕੇ ਯੂਨੀਵਰਸਿਟੀ ਮੁੱਖ ਗੇਟ ਬੰਦ ਕਰਕੇ ਧਰਨਾ
ਠੋਕ ਦਿੱਤਾ ਹੈ, ਜਿਸ ਨਾਲ ਸਾਰਾ ਦਿਨ ਯੂਨੀਵਰਸਿਟੀ ਪ੍ਰਸ਼ਾਸ਼ਨ ਅਤੇ ਜਿਲਾ ਪ੍ਰਸ਼ਾਸਨ ਨੂੰ
ਭਾਜੜਾਂ ਪਈਆਂ ਰਹੀਆਂ, ਤੇ ਯੂਨੀਵਰਸਿਟੀ ਵਿਚ ਭਾਰੀ ਪੁਲਿਸ ਫੋਰਸ ਮੌਜੂਦ ਰਹੀ। ਇਸ ਮੌਕੇ
ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਸੁਮੀਤ ਸ਼ੰਮੀ ਨੇ ਧਰਨੇ ਨੂੰ ਸੰਬੋਧਨ
ਕਰਦਿਆਂ ਕਿਹਾ ਕਿ ਵਿਦਿਆਰਥੀਆਂ ਉੱਪਰ ਕੀਤੇ ਲਾਠੀਚਾਰਜ ਦੀ ਜ਼ੁੰਮੇਵਾਰ ਯੂਨੀਵਰਸਿਟੀ
ਪ੍ਰਸ਼ਾਸਨ ਅਤੇ ਸਿਵਲ ਪ੍ਰਸ਼ਾਸਨ ਹੈ। ਖੁਦ ਵਾਈਸ ਚਾਂਸਲਰ ਸਾਹਿਬ ਨੂੰ ਇਸ ਅਣਮਨੁੱਖੀ ਘਟਨਾ
ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ। ਉਹਨਾਂ ਅੱਗੇ ਕਿਹਾ ਕਿ ਕੱਲ ਸ਼ਾਮ ਵਿਦਿਆਰਥੀ ਸ਼ਾਂਤਮਈ
ਢੰਗ ਨਾਲ ਰੋਸ ਪ੍ਰਦਰਸ਼ਨ ਕਰ ਰਹੀਆਂ ਸਨ ਤੇ ਜਦੋਂ ਉਨ੍ਹਾਂ ਦੇਖਿਆ ਕਿ ਯੂਨੀਵਰਸਿਟੀ ਦੇ
ਅੰਦਰ ਕਿਰਪਾਨ, ਲੋਹੇ ਦੀਆਂ ਰਾਡਾਂ ਅਤੇ ਹੋਰ ਹਥਿਆਰ ਯੂਨੀਵਰਸਿਟੀ ਵਿਚ ਕੁਝ ਸ਼ਰਾਰਤੀ
ਅਨਸਰਾਂ ਕੋਲ ਦੇਖੇ ਗਏ ਜਿਸ ਕਾਰਨ ਉਹਨਾਂ ਵਿਦਿਆਰਥੀਆਂ ਦਾ ਧਰਨਾ ਭੁੱਖ ਹੜਤਾਲ ਵਿਚ
ਬਦਲਣਾ ਪਿਆ। ਉਨ੍ਹਾਂ ਕਿਹਾ ਕਿ ਤਿੰਨੋ ਜਥੇਬੰਦੀਆਂ ਐਸ.ਐਫ.ਆਈ, ਏ.ਆਈ.ਐਸ.ਐਫ, ਅਤੇ
ਪੁਰਸਾ ਨਹੀਂ ਚਾਹੁੰਦੀਆਂ ਕਿ ਵਿਦਿਆਰਥੀਆਂ ਦਾ ਜਾਂ ਪੁਲਿਸ ਕਰਮਚਾਰੀਆਂ ਕੋਈ ਸਰੀਰਿਕ
ਨੁਕਸਾਨ ਹੋਵੇ ਧਰਨੇ ਦੌਰਾਨ ਲੜਕੀਆਂ ਦੀ ਗਿਣਤੀ ਜ਼ਿਆਦਾ ਸੀ ਤੇ ਵਿਦਿਆਰਥੀ ਜਥੇਬੰਦੀਆਂ
ਵੱਲੋਂ ਧਰਨੇ ਨੂੰ ਭੁੱਖ ਹੜਤਾਲ ਵਿਚ ਤਬਦੀਲ ਕਰ ਦਿੱਤਾ ਗਿਆ ਹੈ। ਇਸ ਸਮੇਂ ਤਿੰਨਾਂ
ਜਥੇਬੰਦੀਆਂ ਦੇ ਇੱਕ ਇੱਕ ਆਗੂ ਅਰਸ਼ਦੀਪ ਕੌਰ, ਏ.ਆਈ.ਐਸ.ਐਫ. ਦੇ ਸੂਰਜ ਸ਼ਰਮਾ ਐਸ.ਐਫ.ਆਈ.
ਦੇ ਕਮਲੇਸ਼ ਗੋਇਲ ਵਾਈਸ ਚਾਂਸਲਰ ਦੇ ਦਫਤਰ ਦੇ ਸਾਹਮਣੇ ਭੁੱਖ ਹੜਤਾਲ 'ਤੇ ਬੈਠੇ ਹਨ।
ਇਸ
ਦੌਰਾਨ ਵਿਦਿਆਰਥੀ ਮੰਗਾਂ ਬਾਰੇ ਦੱਸਦਿਆਂ ਐਸ.ਐਫ.ਆਈ ਦੇ ਸੂਬਾ ਪ੍ਰਧਾਨ ਹਰਿੰਦਰ ਬਾਜਵਾ
ਨੇ ਦੱਸਿਆ ਕਿ ਵਿਦਿਆਰਥੀਆਂ ਇਸ ਸਮੇਂ ਮੁੱਖ ਮੰਗਾਂ ਫੀਸਾਂ ਵਿਚ ਕੀਤੇ ਵਾਧੇ ਨੂੰ ਤੁਰੰਤ
ਵਾਪਸ ਕੀਤਾ ਜਾਵੇ। ਪੀ.ਐਚ.ਡੀ. ਅਤੇ ਐਮ.ਫਿਲ. ਦੀਆਂ ਫੀਸਾਂ ਦਾ ਵਾਧਾ ਵਾਪਿਸ ਲੈ ਕੇ
ਵਿਦਿਆਰਥੀਆਂ ਦਾ ਬਕਾਇਆ ਤੁਰੰਤ ਵਾਪਸ ਕੀਤਾ ਜਾਵੇ। ਨਵੇਂ ਹੋਸਟਲਾਂ ਦੀ ਉਸਾਰੀ ਕੀਤੀ
ਜਾਵੇ। ਨਵੀਆਂ ਕੰਟੀਨਾਂ ਦੀ ਉਸਾਰੀ ਕਰਕੇ ਨਵੇਂ ਟੈਂਡਰ ਕੱਡੇ ਜਾਣ ਕੀਤੀ ਜਾਵੇ। ਕੌਫੀ
ਹਾਊਸ ਮੁੜ ਚਾਲੂ ਕੀਤਾ ਜਾਵੇ ਅਤੇ ਕੰਟੀਨਾਂ ਦੇ ਖਾਣੇ ਦੀ ਗੁਣਵੱਤਾ ਵਿਚ ਸੁਧਾਰ ਕਰਕੇ
ਰੇਟ ਲਿਸਟਾਂ ਨੂੰ ਪ੍ਰਦ੍ਰਸ਼ਕ ਕੀਤਾ ਜਾਵੇ। ਰਿਸਰਚ ਸਕਾਲਰ ਨੂੰ (ਐਮ.ਫਿਲ ਅਤੇ
ਪੀ-ਐਚ.ਡੀ.) ਲਈ ਹੋਸਟਲ ਦੀ ਸੁਵਿਧਾ ਯਕੀਨੀ ਬਣਾਇਆ ਜਾਵੇ। ਲੜਕੀਆਂ ਦੇ ਹੋਸਟਲ ਬੰਦ ਹੋਣ
ਦਾ ਸਮਾਂ ਸ਼ਾਮ ਨੂੰ 6 ਵਜੇ ਦੀ ਜਗ੍ਹਾ 8 ਵਜੇ ਤੱਕ ਕੀਤਾ ਜਾਵੇ। ਰਿਸਰਚ ਸਕਾਲਰ ਨੂੰ
(ਐਮ.ਫਿਲ ਅਤੇ ਪੀ-ਐਚ.ਡੀ.) ਸਟਾਇਫਨ 3000 ਅਤੇ 8000 ਰੁਪਏ ਪ੍ਰਤੀ ਮਹੀਨਾ ਦਿੱਤਾ ਜਾਵੇ।
ਰਿਸਰਚ ਸਕਾਲਰ ਜੋ ਵਿਭਾਗਾਂ ਵਿਚ ਕਲਾਸਾਂ ਲਗਾਉਂਦੇ ਹਨ ਉਹਨਾਂ ਨੂੰ ਤਜ਼ਰਬਾ ਪ੍ਰਮਾਣ
ਪੱਤਰ ਦਿੱਤਾ ਜਾਵੇ। ਪ੍ਰਿਖਿਆ ਫੀਸਾਂ ਜੋ ਸਿਰਫ ਯੂਨੀਵਰਸਿਟੀ ਕੈਂਪਸ ਦੇ ਵਿਦਿਆਰਥੀਆਂ
ਦੀਆਂ ਘਟਾਈਆਂ ਹਨ ਉਹਨਾਂ ਨੂੰ ਕਾਲਜਾਂ ਦੇ ਵਿਦਿਆਰਥੀਆਂ ਦੀਆਂ ਫੀਸਾਂ ਉੱਪਰ ਵੀ ਲਾਗੂ
ਕੀਤਾ ਜਾਵੇ। ਜਿੰਨਾਂ ਵਿਭਾਗਾਂ ਦਾ ਸਲੇਬਸ ਅਜੇ ਤੱਕ ਪੂਰਾ ਨਹੀਂ ਹੋਇਆ ਉਹਨਾਂ ਵਿਭਾਗਾ
ਦੇ ਪੇਪਰ ਮੁਲਤਵੀ ਕੀਤੇ ਜਾਣ। ਇਸ ਦੇ ਨਾਲ ਕੱਲ ਵਿਦਿਆਰਥੀਆਂ ਉੱਪਰ ਕੀਤੇ ਲਾਠੀਚਾਰਜ ਦੀ
ਯੂਨੀਵਰਸਿਟੀ ਪ੍ਰਸ਼ਾਸਨ ਜ਼ਿੰਮੇਵਾਰੀ ਲਵੇ। ਨਾਲ ਹੀ ਇਸ ਘਟਨਾ ਕਾਰਨ ਯੂਨੀਵਰਸਿਟੀ
ਸਕਿਉਰਟੀ ਅਫਸਰ ਆਪਣੇ ਪਦ ਤੋਂ ਅਸਤੀਫਾ ਦੇਵੇ। ਜਿੰਨਾਂ ਵਿਦਿਆਰਥੀਆਂ ਉੱਪਰ ਝੂਠੇ ਪਰਚੇ
ਦਰਜ਼ ਕੀਤੇ ਗਏ ਹਨ ਉਹ ਵਾਪਸ ਲਏ ਜਾਣ। ਐਸ.ਐਫ.ਆਈ ਦੇ ਸੂਬਾ ਪ੍ਰਧਾਨ ਹਰਿੰਦਰ ਸਿੰਘ ਬਜਾਵਾ
ਨੇ ਕਿਹਾ ਕਿ ਵਿਦਿਆਰਥੀਆਂ ਜਿੰਨਾਂ ਵਿਚ ਜ਼ਿਆਦਾ ਗਿਣਤੀ ਲੜਕੀਆਂ ਦੀ ਸੀ ਉਹਨਾਂ ਦੀ ਜਿਸ
ਸਮੇਂ ਪੁਲਿਸ ਪ੍ਰਸ਼ਾਸਨ ਵੱਲੋਂ ਕੁੱਟਮਾਰ ਕੀਤੀ ਗਈ ਉਸ ਸਮੇਂ ਪੁਲਿਸ ਪ੍ਰਸ਼ਾਸਨ ਨਾਲ ਕੋਈ
ਮਹਿਲਾ ਪੁਲਿਸ ਹਾਜ਼ਰ ਨਹੀਂ ਸੀ। ਜਿਸ ਕਾਰਨ ਪੰਜਾਬ ਪੁਲਿਸ ਦੇ ਅਧਿਕਾਰੀਆਂ 'ਤੇ ਕਾਨੂੰਨੀ
ਕਾਰਵਾਈ ਕੀਤੀ ਜਾਵੇ। ਯੂਨੀਵਰਸਿਟੀ ਪ੍ਰਸ਼ਾਸਨ ਦੀ ਸਹਿਮਤੀ ਨਾਲ ਪੁਲਿਸ ਪ੍ਰਸ਼ਾਸਨ ਪੰਜਾਬੀ
ਯੂਨੀਵਰਸਿਟੀ ਦੇ ਅੰਦਰ ਦਾਖਲ ਹੋਇਆ ਜਿਸ ਕਾਰਨ ਵਿਦਿਆਰਥੀਆਂ ਵਿਚ ਬਹੁਤ ਰੋਸ ਹੈ।
ਵਿਦਿਆਰਥੀਆਂ ਦੀਆਂ ਮੰਗਾਂ ਨੂੰ ਮੰਨ ਕੇ ਪੂਰਾ ਨਾ ਕਰਨਾ ਵਿਦਿਆਰਥੀਆਂ ਨਾਲ ਸ਼ਰੇਆਮ ਧੋਖਾ
ਹੈ ਇਸ ਨਾਲ ਵਿਦਿਆਰਥੀਆਂ ਦਾ ਯੂਨੀਵਰਸਿਟੀ ਪ੍ਰਸ਼ਾਸਨ ਤੋਂ ਭਰੋਸਾ ਉੱਠਦਾ ਹੈ। ਪੁਲਿਸ
ਪ੍ਰਸ਼ਾਸਨ ਨੇ ਲਾਠੀਚਾਰਜ ਦੇ ਨਾਲ ਅੱਥਰੂ ਗੈਸ ਦੇ ਗੋਲੇ ਵੀ ਸੁੱਟੇ ਗਏ। ਹਰਿੰਦਰ ਬਾਜਵਾ
ਨੇ ਕਿਹਾ ਕਿ ਜਿੰਨੀ ਦੇਰ ਪੰਜਾਬੀ ਯੂਨੀਵਰਸਿਟੀ ਪ੍ਰਸ਼ਾਸਨ ਵਿਦਿਆਰਥੀਆਂ ਦੀਆਂ ਮੰਗਾਂ
ਪੂਰੀਆਂ ਨਹੀਂ ਕਰਦਾ ਅਤੇ ਪੁਲਿਸ ਵੱਲੋਂ ਵਿਦਿਆਰਥੀਆਂ 'ਤੇ ਕੀਤੇ ਪਰਚੇ ਰੱਦ ਨਹੀਂ ਕੀਤੇ
ਜਾਂਦੇ ਉਦੋਂ ਤੱਕ ਉਹ ਆਪਣਾ ਸੰਘਰਸ਼ ਜਾਰੀ ਰੱਖਣਗੇ। ਉੱਧਰ ਨਵੇ ਬਣੇ ਜਬਰ ਵਿਰੁੱਧ ਸਾਝਾ
ਵਿਦਿਅਰਥੀ ਫਰੰਟ ਨੇ ਮੁੱਖ ਕੇਟ ਸਵੇਰ ਤੋ ਜਾਮ ਕਰਕੇ ਧਰਨਾ ਠੋਕ ਦਿੱਤਾ ਹੈ ਤੇ ਮੰਗ ਕੀਤੀ
ਕਿ ਤਰੁੰਤ ਵਿਦਿਆਰਥੀਆਂ ਤੇ ਹੋਏ ਪਰਚੇ ਕੈਂਸਲ ਹੋਣ ਤੇ ਯੂਨੀਵਰਸਿਟੀ ਦੇ ਸਕਿਉਰਿਟੀ
ਇੰਨਚਾਰਜ ਨੂੰ ਮੁਅੱਤਲ ਕੀਤਾ ਜਾਵੇ। ਸਾਝਾ ਫਰੰਟ ਦੇ ਨੇਤਾ ਅਮਰਜੀਤ ਸਿੰਘ, ਅਮਨਦੀਪ ਦਿਉਲ
,ਗੁਰਸੇਵਕ ਸਿੰਘ, ਜਤਿੰਦਰ ਜੀਤਾ ਅਤੇ ਹੋਰ ਨੇਤਾਵਾਂ ਨੇ ਕਿਹਾ ਕਿ ਪੁਲਿਸ ਨੇ ਧੱਕੇਸ਼ਾਹੀ
ਦੀ ਹੱਦ ਕਰ ਦਿੱਤੀ ਹੈ। ਇਸ ਪੁਲਿਸ ਅਧਿਕਾਰੀਆਂ ਖਿਲਾਫ ਕਾਰਵਾਈ ਜਰੂਰੀ ਹੈ। ਇਨ੍ਹਾਂ
ਨੇਤਾਵਾਂ ਨੇ ਕਿਹਾ ਕਿ ਸੰਘਰਸ਼ ਜਾਰੀ ਰਹੇਗਾ, ਜਦੋਂ ਤੱਕ ਉਨ੍ਹਾਂ ਦੀਆਂ ਮੰਗਾ ਨਹੀ ਮੰਨੀਆ
ਜਾਦੀਆਂ ਅਤੇ ਯੂਨੀਵਰਸਿਟੀ ਦੇ ਗੇਟ ਬੰਦ ਰਹਿਣਗੇ, ਉਧਰੋਂ ਯੂਨੀਵਰਸਿਟੀ ਪ੍ਰਸ਼ਾਸ਼ਨ
ਇਨ੍ਹਾਂ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਅਤੇ ਕੋਈ ਹਲ ਨਾ ਨਿਕਲਿਆ। ਭਰੋਸੇਯੋਗ ਸੂਤਰਾਂ
ਤੋਂ ਪਤਾ ਲੱਗਿਆ ਹੈ ਕਿ ਪੁਲਿਸ ਨੇ 22 ਲੜਕੇ ਅਤੇ 5 ਲੜਕੀਆਂ ਸਮੇਤ ਕਰੀਬ 150
ਵਿਦਿਆਰੀਥਆਂ ਖਿਲਾਫ ਮਾਮਲਾ ਦਰਜ ਕੀਤਾ ਹੈ ਜਿਹਨਾਂ ਵਿੱਚ ਐਸ.ਐਫ.ਆਈ ਦੇ ਸੂਬਾ ਪ੍ਰਧਾਨ
ਹਰਿੰਦਰ ਸਿੰਘ ਬਾਜਵਾ, ਐਸ.ਐਫ.ਆਈ ਦੇ ਯੂਨਿਟ ਪ੍ਰਧਾਨ ਜਸਪ੍ਰੀਤ ਸਿੰਘ ਸੰਧੂ ਅਤੇ
ਐਸ.ਐਫ.ਆਈ ਦੇ ਸੂਬਾ ਜਨਰਲ ਸਕੱਤਰ ਹਰਪ੍ਰੀਤ ਸਿੰਘ ਸਮੇਤ ਬਾਕੀ ਜਥੇਬੰਦੀਆਂ ਦੇ ਆਗੂਆਂ
ਖਿਲਾਫ ਵੀ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ। ਓਧਰ ਦੂਜੇ ਪਾਸੇ ਜਦੋਂ ਡੀ.ਐਸ.ਪੀ
ਸਿਟੀ-2 ਗੁਰਦੇਵ ਸਿੰਘ ਧਾਲੀਵਾਲ ਨਾਲ ਰਾਬਤਾ ਕਾਇਮ ਕੀਤਾ ਗਿਆ ਤਾਂ ਉਹਨਾਂ ਦੱਸਿਆ ਕਿ
ਪੁਲਿਸ ਨੇ ਸਿਰਫ ਅਣਪਛਾਤੇ ਵਿਦਿਆਰਥੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ।
ਇਸ ਸੰਬੰਧੀ
ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਦੇ
ਵਿਦਿਆਰਥੀਆਂ ਅਤੇ ਪੁਲਿਸ ਪ੍ਰਸ਼ਾਸ਼ਨ ਵਿਚਕਾਰ ਚਲ ਰਹੇ ਮਾਮਲੇ ਦੀ ਜਾਂਚ ਪਟਿਆਲਾ ਦੇ ਡਿਪਟੀ
ਕਮਿਸ਼ਨਰ ਵਰੁਣ ਰੂਜ਼ਮ ਅਤੇ ਐਸ.ਐਸ.ਪੀ ਸ. ਹਰਦਿਆਲ ਸਿੰਘ ਮਾਨ ਨੂੰ ਪੂਰੀ ਨਿਰਪਖਤਾ ਨਾਲ
ਕਰਨ ਦੇ ਆਦੇਸ਼ ਦਿੱਤੇ ਹਨ। ਸ. ਬਾਦਲ ਅੱਜ ਇਥੇ ਪੰਜਾਬ ਦੇ ਕੈਬਨਿਟ ਮੰਤਰੀ ਸ. ਸੁਰਜੀਤ
ਸਿੰਘ ਰੱਖੜਾ ਦੇ ਪਿਤਾ ਬਾਪੂ ਕਰਤਾਰ ਸਿੰਘ ਧਾਲੀਵਾਲ ਦੇ ਸਰਧਾਂਜਲੀ ਸਮਾਗਮ ਮੌਕੇ
ਪੱਤਰਕਾਰਾਂ ਨਾਲ ਗਲਬਾਤ ਕਰ ਰਹੇ ਸਨ। ਮੁੱਖ ਮਤਰੀ ਸ. ਬਾਦਲ ਨੇ ਕਿਹਾ ਕਿ ਜੇਕਰ ਕੋਈ
ਪੁਲਿਸ ਕਰਮਚਾਰੀ ਜਾਂ ਅਧਿਕਾਰੀ ਦੋਸੀ ਪਾਇਆ ਗਿਆ ਤਾਂ ਉਸ ਖਿਲਾਫ ਵੀ ਕਾਰਵਾਈ ਹੋਵੇਗੀ।
ਉਂਝ ਉਨਾਂ ਕਿਹਾ ਕਿ ਵਿਦਿਆਰਥੀਆ ਨੂੰ ਅਜਿਹੇ ਮਾਮਲੇ ਟੇਬਲ ਤੇ ਬੈਠ ਕੇ ਹੱਲ ਕਰਾਉਣੇ
ਚਾਹੀਦੇ ਹਨ।
ਸਾਬਕਾ ਕੇਂਦਰੀ ਮੰਤਰੀ ਤੇ ਪਟਿਆਲਾ ਤੋਂ ਵਿਧਾਇਕ ਪ੍ਰਨੀਤ ਕੌਰ ਨੇ ਫੀਸ
'ਚ ਵਾਧੇ ਖਿਲਾਫ ਰੋਸ ਪ੍ਰਗਟਾ ਰਹੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਿਦਿਆਰਥੀਆਂ
ਵਿਰੁੱਧ ਬੇਰਹਿਮੀਪੂਰਨ ਤਾਕਤ ਦਾ ਪ੍ਰਯੋਗ ਕੀਤੇ ਜਾਣ ਦੀ ਨਿੰਦਾ ਕੀਤੀ ਹੈ। ਇਥੇ ਜਾਰੀ
ਬਿਆਨ 'ਚ ਪ੍ਰਨੀਤ ਕੌਰ ਨੇ ਵਿਦਿਆਰਥੀਆਂ ਖਿਲਾਫ ਬੇਰਹਿਮੀਪੂਰਵਕ ਤਾਕਤ ਦਾ ਇਸਤੇਮਾਲ ਕਰਨ
ਵਾਲੇ ਪੁਲਿਸ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ। ਸਾਬਕਾ ਮੰਤਰੀ
ਨੇ ਕਿਹਾ ਕਿ ਯੂਨੀਵਰਸਿਟੀ ਅਥਾਰਿਟੀਜ ਨੂੰ ਸਥਿਤੀ ਨੂੰ ਇਨ੍ਹਾਂ ਹਾਲਾਤਾਂ 'ਤੇ ਨਹੀਂ
ਪਹੁੰਚਣ ਦੇਣਾ ਚਾਹੀਦਾ ਸੀ। ਉਹ ਹੈਰਾਨ ਹਨ ਕਿ ਕਿਉਂ ਅਥਾਰਿਟੀਜ ਪ੍ਰਦਰਸ਼ਨਕਾਰੀ
ਵਿਦਿਆਰਥੀਆਂ ਨਾਲ ਗੱਲ ਕਰਨ ਦੀ ਬਜਾਏ ਉਨ੍ਹਾਂ ਖਿਲਾਫ ਬੇਰਹਿਮੀ ਨਾਲ ਤਾਕਤ ਦਾ ਪ੍ਰਯੋਗ
ਕੀਤਾ। ਪ੍ਰਨੀਤ ਕੌਰ ਨੇ ਕਿਹਾ ਕਿ ਵਿਦਿਆਰਥੀਆਂ ਦੀਆਂ ਮੰਗਾਂ ਉਚਿਤ ਹਨ ਅਤੇ ਅਥਾਰਿਟੀਜ
ਨੂੰ ਫੀਸ ਵਾਧੇ ਨੂੰ ਵਾਪਿਸ ਲੈਣਾ ਚਾਹੀਦਾ ਹੈ।