ਜੰਮੂ-ਕਸ਼ਮੀਰ ਤੇ ਝਾਰਖੰਡ 'ਚ ਚੋਣ ਪ੍ਰਚਾਰ ਸਿਖ਼ਰ 'ਤੇ
Posted on:- 21-11-2014
ਪਰਿਵਾਰਵਾਦ ਤੇ ਭ੍ਰਿਸ਼ਟਾਚਾਰ ਤੋਂ ਮੁਕਤ ਕਰਵਾਉਣਾ ਹੋਵੇਗਾ ਝਾਰਖੰਡ ਨੂੰ : ਮੋਦੀ
ਰਾਂਚੀ : ਜੰਮੂ-ਕਸ਼ਮੀਰ
ਅਤੇ ਝਾਰਖੰਡ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਸਿਖ਼ਰਾਂ 'ਤੇ ਪੁੱਜ
ਗਿਆ ਹੈ। ਭਾਰਤੀ ਜਨਤਾ ਪਾਰਟੀ ਤੇ ਕਾਂਗਰਸ ਸਮੇਤ ਹੋਰਨਾਂ ਪਾਰਟੀਆਂ ਨੇ ਆਪੋ-ਆਪਣੇ
ਉਮੀਦਵਾਰਾਂ ਦੇ ਹੱਕ ਵਿੱਚ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ।
ਝਾਰਖੰਡ ਵਿੱਚ ਅੱਜ
ਭਾਰਤੀ ਜਨਤਾ ਪਾਰਟੀ ਦੇ ਚੋਣ ਪ੍ਰਚਾਰ ਦੀ ਸ਼ੁਰੂਆਤ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ
ਮੋਦੀ ਨੇ ਵਿਕਾਸ ਦੇ ਮੁੱਦੇ ਨੂੰ ਲੈ ਕੇ ਸੂਬਾ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਲੋਕਾਂ ਨੂੰ
ਭ੍ਰਿਸ਼ਟਾਚਾਰ ਖ਼ਤਮ ਕਰਨ ਲਈ ਸੂਬੇ ਨੂੰ ਪਰਿਵਾਰਵਾਦ ਤੋਂ ਮੁਕਤ ਕਰਨ ਲਈ ਕਿਹਾ। ਪ੍ਰਧਾਨ
ਮੰਤਰੀ ਨੇ ਕਿਹਾ ਕਿ ਜੇਕਰ ਤੁਸੀਂ ਚਾਹੁੰਦੇ ਹੋ ਕਿ ਝਾਰਖੰਡ ਵਿਕਾਸ ਦੇ ਰਾਹ 'ਤੇ ਅੱਗੇ
ਵਧੇ ਤਾਂ ਇਸ ਸੂਬੇ ਨੂੰ ਪਰਿਵਾਰਵਾਦ ਤੋਂ ਮੁਕਤ ਕਰੋ। ਝਾਰਖੰਡ ਮੁਕਤੀ ਮੋਰਚਾ ਦੇ ਮੁਖੀ
ਸ਼ਿਬੂ ਸੋਰੇਨ ਅਤੇ ਉਨ੍ਹਾਂ ਦੇ ਪੁੱਤਰ ਮੁੱਖ ਮੰਤਰੀ ਹੇਂਮਤ ਸੋਰੇਨ ਵੱਲ ਇਸ਼ਾਰਾ ਕਰਦਿਆਂ
ਸ੍ਰੀ ਮੋਦੀ ਨੇ ਕਿਹਾ ਕਿ ਜੇਕਰ ਤੁਸੀਂ ਝਾਰਖੰਡ ਨੂੰ ਪਰਿਵਾਰਵਾਦ ਤੋਂ ਮੁਕਤ ਨਹੀਂ ਕਰੋਗੇ
ਤਾਂ ਉਨ੍ਹਾਂ ਦੇ ਘਰ ਅਤੇ ਪਰਿਵਾਰ ਹੋਰ ਅਮੀਰ ਹੋ ਜਾਣਗੇ ਅਤੇ ਜਨਤਾ ਨੂੰ ਕੋਈ ਲਾਭ ਨਹੀਂ
ਮਿਲੇਗਾ। ਸ੍ਰੀ ਮੋਦੀ ਨੇ ਇੱਥੇ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਤੁਸੀਂ
ਚਾਹੁੰਦੇ ਹੋ ਕਿ ਝਾਰਖੰਡ ਵਿੱਚ ਵਿਕਾਸ ਹੋਵੇ, ਨੌਜਵਾਨਾਂ ਨੂੰ ਰੋਜ਼ਗਾਰ ਮਿਲੇ ਅਤੇ ਸੂਬਾ
ਤਰੱਕੀ ਵਲ ਵਧੇ ਤਾਂ ਤੁਹਾਨੂੰ ਪਰਿਵਾਰਵਾਦ ਦੀ ਰਾਜਨੀਤੀ ਨੂੰ ਖ਼ਤਮ ਕਰਨਾ ਹੋਵੇਗਾ। ਸ੍ਰੀ
ਮੋਦੀ ਨੇ ਕਿਸੇ ਦਾ ਨਾਂ ਲਏ ਬਿਨਾਂ ਕਿਹਾ ਕਿ ਇਸ ਸੂਬੇ ਨੂੰ ਲੁੱਟਿਆ ਗਿਆ ਹੈ ਅਤੇ ਇੱਥੇ
ਭ੍ਰਿਸ਼ਟਾਚਾਰ ਦਾ ਬੋਲ ਬਾਲਾ ਹੈ। ਉਨ੍ਹਾਂ ਕਿਹਾ ਕਿ ਝਾਰਖੰਡ ਨੂੰ ਅੱਗੇ ਵਧਾਉਣ ਲਈ
ਵਿਕਾਸ ਇੱਕ ਮਾਤਰ ਹੱਲ ਹੈ। ਉਨ੍ਹਾਂ ਨੇ ਆਪਣੀ ਪਾਰਟੀ ਲਈ ਲੋਕਾਂ ਨੂੰ ਸੇਵਾ ਦਾ ਇੱਕ
ਮੌਕਾ ਦੇਣ ਦੀ ਅਪੀਲ ਵੀ ਕੀਤੀ। ਸ੍ਰੀ ਮੋਦੀ ਨੇ ਕਿਹਾ ਕਿ ਸੂਬੇ ਵਿੱਚ 5 ਨਦੀਆਂ ਹਨ, ਪਰ
ਕਿਸਾਨ ਆਪਣੇ ਖੇਤਾਂ ਲਈ ਬਿਨਾਂ ਪਾਣੀ ਤੋਂ ਦਿਨ ਕੱਟ ਰਹੇ ਹਨ ਅਤੇ ਪਿੰਡਾਂ ਦੇ ਲੋਕ ਪਾਣੀ
ਦੀ ਸਮੱਸਿਆ ਨਾਲ ਜੂਝ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸੂਬਾ ਕੁਦਰਤੀ ਸਾਧਨਾਂ ਦੇ
ਸੰਦਰਭ ਵਿੱਚ ਅਮੀਰ ਹੈ, ਪਰ ਇਸ ਦੇ ਕਿਸਾਨ ਗਰੀਬ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ
ਭਲਾਈ ਲਈ ਨਦੀਆਂ ਨੂੰ ਆਪਸ ਵਿੱਚ ਜੋੜਨ ਲਈ ਕਦਮ ਚੁੱਕੇ ਜਾਣਗੇ। ਨਕਸਲਵਾਦ ਤੋਂ ਪ੍ਰਭਾਵਤ
ਸੂਬੇ ਦੇ ਲਾਤੇਆਰ ਜ਼ਿਲ੍ਹੇ ਦੇ ਚੰਦਵਾ ਵਿਖੇ ਚੋਣ ਰੈਲੀ ਵਿੱਚ ਪ੍ਰਧਾਨ ਮੰਤਰੀ ਨੇ
ਨਕਸਲੀਆਂ ਨੂੰ ਹਿੰਸਾ ਛੱਡਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਗੌਤਮ ਬੁੱਧ ਅਤੇ ਮਹਾਤਮਾ
ਗਾਂਧੀ ਦੇ ਦੇਸ਼ ਵਿੱਚ ਹਿੰਸਾ ਲਈ ਕੋਈ ਥਾਂ ਨਹੀਂ ਹੈ। ਹਿੰਸਾ ਨਾਲ ਕਿਸੇ ਦਾ ਭਲਾ ਨਹੀਂ
ਹੁੰਦਾ।
ਜ਼ਿਕਰਯੋਗ ਹੈ ਕਿ ਝਾਰਖੰਡ ਵਿੱਚ ਵੀ ਚੋਣਾਂ 25 ਨਵੰਬਰ ਨੂੰ ਹੋਣੀਆਂ ਹਨ।
---------
ਭਾਜਪਾ ਕਰ ਰਹੀ ਹੈ ਰਾਹਤ ਕਾਰਜਾਂ 'ਤੇ ਰਾਜਨੀਤੀ : ਸੋਨੀਆ ਗਾਂਧੀ
ਬਾਂਦੀਪੁਰਾ (ਜੰਮੂ-ਕਸ਼ਮੀਰ)
ਕੇਂਦਰ
ਦੀ ਐਨਡੀਏ ਸਰਕਾਰ ਨੇ ਵੱਡੇ-ਵੱਡੇ ਵਾਅਦੇ ਕੀਤੇ ਹਨ, ਪਰ ਉਨ੍ਹਾਂ ਨੂੰ ਪੂਰਾ ਕਰਨ ਲਈ
ਕਦਮ ਨਹੀਂ ਚੁੱਕੇ ਗਏ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ
ਅੱਜ ਇੱਥੇ ਅਗਾਮੀ ਵਿਧਾਨ ਸਭਾ ਚੋਣਾਂ ਲਈ ਕਾਂਗਰਸੀ ਉਮੀਦਵਾਰ ਓਸਮਾਨ ਮਾਜਿਦ ਦੇ ਹੱਕ
ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਕੀਤਾ। ਭਾਰਤੀ ਜਨਤਾ ਪਾਰਟੀ 'ਤੇ ਜੰਮੂ-ਕਸ਼ਮੀਰ ਦੇ
ਹੜ੍ਹ ਪੀੜ੍ਹਤਾਂ ਨੂੰ ਰਾਹਤ ਮੁਹੱਈਆ ਕਰਵਾਉਣ ਨੂੰ ਲੈ ਕੇ ਰਾਜਨੀਤੀ ਕਰਨਦਾ ਦੋਸ਼
ਲਗਾਉਂਦਿਆਂ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਮੋਦੀ ਸਰਕਾਰ ਨੇ ਵੱਡੇ-ਵੱਡੇ ਵਾਅਦੇ ਤਾਂ
ਕੀਤੇ, ਪਰ ਕੀਤਾ ਕੁਝ ਨਹੀਂ। ਸੋਨੀਆ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਅਜਿਹੇ ਸਮੇਂ ਹੋ
ਰਹੀਆਂ ਹਨ, ਜਦੋਂ ਕਸ਼ਮੀਰ ਦੀ ਜਨਤਾ ਹੜ੍ਹ ਨਾਲ ਹੋਈ ਬਰਬਾਦੀ ਤੋਂ ਹਾਲੇ ਤੱਕ ਉਭਰੀ
ਨਹੀਂ। ਕਾਂਗਰਸ ਪ੍ਰਧਾਨ ਨੇ ਸ੍ਰੀਨਗਰ ਤੋਂ 45 ਕਿਲੋਮੀਟਰ ਦੂਰ ਇੱਥੇ ਇੱਕ ਚੋਣ ਰੈਲੀ ਨੂੰ
ਸੰਬੋਧਨ ਕਰਦਿਆਂ ਕਿਹਾ ਕਿ ਇਸ ਮੌਕੇ ਰਾਜਨੀਤੀ ਬਾਰੇ ਗੱਲ ਕਰਨਾ ਚੰਗਾ ਨਹੀਂ ਲੱਗਦਾ,
ਪਰ ਰਾਹਤ ਅਤੇ ਮੁੜ ਵਸੇਬਾ ਕਾਰਜ ਬਹੁਤ ਢਿੱਲੀ ਰਫ਼ਤਾਰ ਨਾਲ ਚੱਲ ਰਹੇ ਹਨ।
ਉਨ੍ਹਾਂ
ਕਿਹਾ ਕਿ ਯੂਪੀਏ ਸਰਕਾਰ ਨੇ 2005 ਵਿੱਚ ਕੰਟਰੋਲ ਰੇਖਾ ਖਾਸ ਕਰ ਬਾਰਾਮੂਲਾ ਜ਼ਿਲ੍ਹੇ ਦੇ
ਓੜੀ ਖੇਤਰ ਵਿੱਚ ਆਏ ਭੂਚਾਲ ਦੇ ਪੀੜਤਾਂ ਨੂੰ ਰਾਹਤ ਮੁਹੱਈਆ ਕਰਵਾਉਣ ਲਈ ਪੂਰਾ ਯਤਨ
ਕੀਤਾ। ਉਨ੍ਹਾਂ ਕਿਹਾ ਕਿ ਹੁਣ ਜਦੋਂ ਕੇਂਦਰ ਵਿੱਚ ਭਾਜਪਾ ਸਰਕਾਰ ਹੈ ਤਾਂ ਅਜਿਹਾ ਲੱਗਦਾ
ਹੈ ਕਿ ਉਨ੍ਹਾਂ ਦੀ ਇਸ ਸੂਬੇ ਨੂੰ ਰਾਹਤ ਪਹੁੰਚਾਉਣ ਦੀ ਕੋਈ ਰੁਚੀ ਨਹੀਂ ਹੈ। ਉਨ੍ਹਾਂ
ਕਿਹਾ ਕਿ ਭਾਜਪਾ ਦੇ ਆਗੂ ਆਏ ਅਤੇ ਉਨ੍ਹਾਂ ਨੇ ਵੱਡੇ ਵੱਡੇ ਵਾਅਦੇ ਕੀਤੇ, ਪਰ ਅਸਲ ਵਿੱਚ
ਕੀਤਾ ਕੁਝ ਨਹੀਂ। ਇੱਥੋਂ ਤੱਕ ਕਿ ਸੂਬਾ ਸਰਕਾਰ ਨੇ ਜੋ ਮੰਗਿਆ, ਉਹ ਵੀ ਨਹੀਂ ਦਿੱਤਾ
ਗਿਆ। ਸੋਨੀਆ ਗਾਂਧੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਸੂਬੇ ਵਿੱਚਹੜ੍ਹ ਪ੍ਰਭਾਵਤ ਲੋਕਾਂ
ਨੂੰ ਰਾਹਤ, ਮੁੜ ਵਸੇਬਾ ਅਤੇ ਪੁਨਰ ਨਿਰਮਾਣ ਤੇ ਬੁਨਿਆਦੀ ਢਾਂਚੇ ਲਈ 44 ਹਜ਼ਾਰ ਕਰੋੜ
ਰੁਪਏ ਦਾ ਪੈਕਜ ਮੰਗਿਆ ਹੈ, ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 23 ਅਕਤੂਬਰ ਨੂੰ
ਦੀਵਾਲੀ ਮੌਕੇ ਸੂਬੇ ਦੇ ਦੌਰੇ ਦੌਰਾਨ ਸਿਰਫ਼ 745 ਕਰੋੜ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ
ਕੀਤਾ।
ਜੰਮੂ ਕਸ਼ਮੀਰ ਵਿੱਚ ਪਹਿਲੇ ਪੜਾਅ ਦੀਆਂ ਚੋਣਾਂ 25 ਨਵੰਬਰ ਨੂੰ ਹੋਣਗੀਆਂ। ਇਸ
ਦਿਨ 15 ਵਿਧਾਨ ਸਭਾ ਹਲਕਿਆਂ ਵਿੱਚ ਵੋਟਾਂ ਪਾਈਆਂ ਜਾਣਗੀਆਂ। ਇਨ੍ਹਾਂ ਹਲਕਿਆਂ ਵਿੱਚ
ਲੱਗਭਗ 10 ਲੱਖ 61 ਹਜ਼ਾਰ 275 ਵੋਟਰ ਹਨ। ਇਨ੍ਹਾਂ ਹਲਕਿਆਂ ਵਿੱਚ 14 ਜਰਨਲ ਕੈਟੇਗਿਰੀ
ਅਤੇ ਇਕ ਸੀਟ ਅਨੁਸੂਚਿਤ ਜਾਤੀ ਲਈ ਰਾਖਵੀਂ ਕੀਤੀ ਗਈ ਹੈ। 123 ਉਮੀਦਵਾਰ ਚੋਣ ਮੈਦਾਨ
ਵਿੱਚ ਹਨ, ਜਿਨ੍ਹਾਂ ਵਿੱਚੋਂ 2 ਮਹਿਲਾਂ ਉਮੀਦਵਾਰ ਹਨ। ਇਸ ਚੋਣ ਦੌਰਾਨ 1787 ਈਵੀਐਮ
ਮਸ਼ੀਨਾਂ ਦੀ ਵਰਤੋਂ ਕੀਤੀ ਜਾਵੇਗੀ। ਚੋਣਾਂ ਲਈ 1787 ਪੋਲਿੰਗ ਸਟੇਸ਼ਨ ਬਣਾਏ ਜਾਣਗੇ।