ਯੂਨੀਵਰਸਿਟੀ ਵਿਦਿਆਰਥੀਆਂ ’ਤੇ ਕੀਤੇ ਲਾਠੀਚਾਰਜ ਦੀ ਨਿਖੇਧੀ
Posted on:- 21-11-2014
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਦਿਆਰਥੀ ਪਿਛਲੇ ਲੰਮੇ ਅਰਸੇ ਤੋਂ ਹੋਸਟਲ ਸਮੱਸਿਆ ਅਤੇ ਫੀਸਾਂ ‘ਚ ਵਾਧੇ ਖਿਲਾਫ ਸੰਘਰਸ਼ ਕਰਦੇ ਆ ਰਹੇ ਹਨ। ਵਿਦਿਆਰਥੀ ਏਕਤਾ ਤੇ ਸੰਘਰਸ਼ ਦੇ ਚਲਦਿਆਂ ਯੂਨੀਵਰਸਿਟੀ ਪ੍ਰਸ਼ਾਸ਼ਨ ਨੂੰ ਵਿਦਿਆਰਥੀਆਂ ਦੀਆਂ ਜਾਇਜ ਤੇ ਹੱਕੀ ਮੰਗਾਂ ਨੂੰ ਪੂਰਾ ਕਰਨ ਲਈ ਮਜਬੂਰ ਵੀ ਹੋਣਾ ਪਿਆ। ਯੂਨੀਵਰਸਿਟੀ ਪ੍ਰਸ਼ਾਸ਼ਨ ਤੇ ਪੰਜਾਬ ਸਰਕਾਰ ਨੇ ਵਿਦਿਆਰਥੀ ਏਕਤਾ ਤੇ ਸੰਘਰਸ਼ਾਂ ਨੂੰ ਜਬਰੀ ਡੰਡੇ ਦੇ ਜੋਰ ਤੇ ਦਬਾਉਣ ਲਈ ਬੀਤੇ ਦਿਨੀਂ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੇ ਵਿਦਿਆ੍ਰਥੀਆਂ ਉਪਰ ਲਾਠੀਚਾਰਜ ਵਰਗੀ ਗੈਰ-ਜਮਹੂਰੀ ਕਾਰਵਾਈ ਨੂੰ ਅੰਜਾਮ ਦਿੱਤਾ।
ਵਿਦਿਆਰਥੀ ਮੰਗਾਂ ਨੂੰ ਮੰਨਣ ਤੇ ਗੱਲਬਾਤ ਰਾਹੀ ਹੱਲ ਕਰਨ ਦੀ ਬਜਾਏ ਪ੍ਰਸ਼ਾਸ਼ਨ ਨੇ ਸਿਰੇ ਦਾ ਗੈਰ-ਜਿੰਮੇਵਾਰਨਾ ਵਤੀਰਾ ਅਪਣਾਇਆ। ਇਨਕਲਾਬੀ ਨੌਜਵਾਨ-ਵਿਦਿਆਰਥੀ ਮੰਚ ਦੇ ਕਨਵੀਨਰ ਮਨਦੀਪ ਤੇ ਸੂਬਾ ਕਮੇਟੀ ਮੈਂਬਰ ਰਣਦੀਪ ਸੰਗਤਪੁਰਾ, ਗੁਰਦੀਪ ਬਾਸੀ ਤੇ ਪ੍ਰਵੇਜ ਨੇ ਪੁਲਿਸ ਦੀ ਇਸ ਧੱਕੜ ਕਾਰਵਾਈ ਦੀ ਸਖਤ ਨਿਖੇਧੀ ਕੀਤੀ। ਉਹਨਾਂ ਯੂਨੀਵਰਸਿਟੀ ਵਿਦਿਆਰਥੀਆਂ ਦੇ ਹੱਕੀ ਸੰਘਰਸ਼ ਦੀ ਹਮਾਇਤ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਯੂਨੀਵਰਸਿਟੀ ਪ੍ਰਸ਼ਾਸ਼ਨ ਤੇ ਪੰਜਾਬ ਪੁਲਿਸ ਦੇ ਇਸ ਜਾਬਰ ਰਵੱਈਏ ਖਿਲਾਫ ਪੰਜਾਬ ਦੇ ਵਿਦਿਆਰਥੀਆਂ ਨੂੰ ਲਾਮਬੰਦ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਕੋਈ ਵੀ ਜਮਹੂਰੀ ਰਾਜ ਆਪਣੇ ਦੇਸ਼ ਜਾਂ ਸੂਬੇ ਦੇ ਪੜ੍ਹੇ-ਲਿਖੇ ਵਿਦਿਆਰਥੀ ਵਰਗ ਨਾਲ ਜੇਕਰ ਅਜਿਹਾ ਜ਼ਾਲਮਾਨਾ ਵਿਵਹਾਰ ਕਰਦਾ ਹੈ ਤਾਂ ਇਸ ਦਾ ਅਰਥ ਹੈ ਕਿ ਉਹ ਉਹਨਾਂ ਲਈ ਚੰਗੀ ਸਿੱਖਿਆ ਤੇ ਹੋਰ ਜ਼ਰੂਰੀ ਲੋੜਾਂ ਦਾ ਪ੍ਰਬੰਧ ਕਰਨ ਦੇ ਯੋਗ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿਦਿਆਰਥੀ ਵਰਗ ਨੂੰ ਸਰਕਾਰੀ ਜਬਰ ਦਾ ਜਵਾਬ ਵਿਦਿਆਰਥੀ ਏਕਤਾ ਰਾਹੀ ਦੇਣਾ ਚਾਹੀਦਾ ਹੈ।