ਹਾਈ ਕੋਰਟ ਨੇ ਭੇਜਿਆ ਰਾਮਪਾਲ ਅਦਾਲਤੀ ਹਿਰਾਸਤ 'ਚ
Posted on:- 20-11-2014
ਬਾਬੇ ਦੀ ਸੰਪਤੀ ਦਾ ਬਿਊਰਾ ਦੇਵੇਗੀ ਹਰਿਆਣਾ ਸਰਕਾਰ, ਅਗਲੀ ਪੇਸ਼ੀ 28 ਨਵੰਬਰ ਨੂੰ
ਚੰਡੀਗੜ੍ਹ : ਕਈ
ਦਿਨਾ ਤੋਂ ਪੁਲਿਸ ਲਈ ਸਿਰਦਰਦੀ ਬਣਿਆ ਹਰਿਆਣਾ ਦੇ ਹਿਸਾਰ 'ਚ ਪੈਂਦੇ ਬਰਵਾਲਾ 'ਚ ਸਤਲੋਕ
ਆਸ਼ਰਮ ਦਾ ਬਾਬਾ ਰਾਮਪਾਲ ਜਿਸ ਨੂੰ ਕਿ ਪੁਲਿਸ ਨੇ ਬੀਤੇ ਦਿਨ ਉਸ ਦੇ ਆਸ਼ਰਮ ਤੋਂ
ਗ੍ਰਿਫਤਾਰ ਕਰ ਲਿਆ ਸੀ ਨੂੰ ਅੱਜ ਹਰਿਆਣਾ ਪੁਲਿਸ ਨੇ ਪੰਜਾਬ ਤੇ ਹਰਿਆਣਾ ਹਾਈ ਹਾਈ ਕੋਰਟ
'ਚ ਪੇਸ਼ ਕੀਤਾ ਜਿਥੋਂ ਅਦਾਲਤ ਨੇ ਉਸ ਨੂੰ 28ਨਵੰਬਰ ਤੱਕ ਜੁਡੀਸ਼ੀਅਲ ਹਿਰਾਸਤ 'ਚ ਭੇਜ
ਦਿੱਤਾ ਤੇ 28ਨਵੰਬਰ ਨੂੰ ਉਸ ਨੂੰ ਮੁੜ ਅਦਾਲਤ 'ਚ ਪੇਸ਼ ਕਰਨ ਦੇ ਹੁਕਮ ਦਿੱਤੇ। ਦੂਜੇ
ਪਾਸੇ ਹਰਿਆਣਾ ਪੁਲਿਸ ਉਸ 'ਤੇ ਦਰਜ ਕੀਤੇ ਗਏ ਨਵੇਂ ਮਾਮਲਿਆਂ ਦੀ ਤਫਤੀਸ਼ 'ਚ ਸ਼ਾਮਲ ਕਰਨ
ਲਈ ਉਸ ਨੂੰ ਹਿਸਾਰ ਲੈ ਗਈ।
ਇਸ ਦੌਰਾਨ ਅੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ
ਰਾਮਪਾਲ ਦੀ ਪਿਛਲੇ ਮਾਮਲੇ 'ਚ ਅਦਾਲਤ ਵੱਲੋਂ ਦਿੱਤੀ ਹੋਈ ਜਮਾਨਤ ਖਾਰਜ ਕਰ ਦਿੱਤੀ।
ਅਦਾਲਤ ਨੇ ਅੱਜ ਇਹ ਹੁਕਮ ਵੀ ਜਾਰੀ ਕੀਤੇ ਕਿ ਰਾਮਪਾਲ ਦੀ ਜਾਇਦਾਦ ਦਾ ਪੂਰਾ ਬਿਊਰਾ ਪੇਸ਼
ਕੀਤਾ ਜਾਵੇ ਤੇ ਪੁਲਿਸ ਵੱਲੋਂ ਉਸ ਨੂੰ ਫੜਣ ਲਈ ਚਲਾਏ ਗਏ ਅਪਰੇਸ਼ਨ 'ਤੇ ਹੋਏ ਖਰਚ ਬਾਰੇ
ਵੀ ਦੱਸਿਆ ਜਾਵੇ। ਅੱਜ ਅਦਾਲਤ 'ਚ ਰਾਮਪਾਲ ਦੇ ਵਕੀਲ ਨੇ ਦਲੀਲ ਦਿੱਤੀ ਕਿ ਰਾਮਪਾਲ ਤਾਂ
ਅਦਾਲਤ 'ਚ ਪੇਸ਼ ਹੋਣਾ ਚਾਹੁੰਦਾ ਸੀ ਪਰ ਉਸ ਨੂੰ ਉਥੇ ਬੰਧਕ ਬਣਾਇਆ ਹੋਇਆ ਸੀ। ਵਕੀਲ ਨੇ
ਕਿਹਾ ਕਿ ਰਾਮਪਾਲ ਇਕ ਚੰਗਾ ਸ਼ਹਿਰੀ ਹੈ ਤੇ ਉਹ ਅਦਾਲਤ ਦੀ ਮਰਿਆਦਾ ਦੀ ਕਦਰ ਕਰਦਾ ਹੇ। ਇਸ
'ਤੇ ਅਦਾਲਤ ਨੇ ਚੁਟਕੀ ਲੈਂਦੇ ਹੋਏ ਕਿਹਾ ਕਿ ਤਾਹੀ ਉਹ ਆਸਾਨੀ ਨਾਲ ਅਦਾਲਤ 'ਚ ਪੇਸ਼ ਹੋ
ਗਿਆ ਸੀ। ਹਰਿਆਣਾ ਪੁਲਿਸ ਮੁੱਖੀ ਐਸ.ਐਨ.ਵਸ਼ਿਸ਼ਠ ਵੱਲੋਂ ਸਥਾਨਕ ਹਰਿਆਣਾ ਸਿਵਲ ਸਕੱਤਰੇਤ
ਵਿਖੇ ਕੀਤੀ ਗਈ ਇਕ ਪ੍ਰੈਸ ਕਾਨਫਰੰਸ 'ਚ ਦੱਸਿਆ ਗਿਆ ਕਿ ਸਤਲੋਕ ਆਸ਼ਰਮ ਤੇ ਦੋਸ਼ੀ ਰਾਮਪਾਲ
ਦੇ ਮਾਮਲੇ ਵਿਚ ਹਿਸਾਰ ਪੁਲਿਸ ਸੁਪਰਡੈਂਟ ਦੀ ਅਗਵਾਈ ਹੇਠ ਵਿਸ਼ੇਸ਼ ਜਾਂਚ ਟੀਮ ਗਠਿਤ ਕੀਤੀ
ਗਈ ਹੈ, ਜੋ ਅੱਜ ਦੁਪਹਿਰ ਬਾਅਦ ਸਰਚ ਵਰੰਟ ਦੇ ਨਾਲ ਆਸ਼ਰਮ ਵਿਚ ਦਾਖਲ ਹੋ ਚੁੱਕੀ ਹੈ । ਇਸ
ਟੀਮ ਵਿਚ ਇਕ ਪੁਲਿਸ ਸੁਪਰਡੈਂਟ, ਦੋ ਡੀਐਸਪੀ, ਚਾਰ ਇੰਸਪੈਕਟਰ ਅਤੇ ਇਕ ਐਸਐਸਓ
ਫੋਰੈਂਸਿਕ ਅਤੇ ਸਾਇਬਰ ਯੁਨਿਟ ਸਹਿਯੋਗੀ ਸ਼ਾਮਿਲ ਹਨ । ਉਨ੍ਹਾਂ ਦੱਸਿਆ ਕਿ ਇਹ ਆਸ਼ਰਮ 12
ਏਕੜ ਵਿਚ ਫੈਲਿਆ ਹੋਇਆ ਹੈ ਤੇ ਜਾਂਚ ਰਿਪੋਰਟ ਇਕ ਦੋ ਦਿਨ ਵਿਚ ਆ ਜਾਵੇਗੀ । ਪੁਲਿਸ
ਮੁੱਖੀ ਅੱਜ ਇੱਥੇ ਪੱਤਰਕਾਰਾਂ ਨੂੰ ਸੰਬੋਧਨ ਕਰ ਰਹੇ ਸਨ । ਇਸ ਮੌਕੇ 'ਤੇ ਗ੍ਰਹਿ ਵਿਭਾਗ
ਦੇ ਵਧੀਕ ਮੁੱਖ ਸਕੱਤਰ ਪੀ.ਕੇ.ਮਹਾਪਾਤਰਾ, ਮੁੱਖ ਮੰਤਰੀ ਦੇ ਓ.ਐਸ.ਡੀ. ਜਵਾਹਰ ਯਾਦਵ ਅਤੇ
ਸੂਚਨਾ, ਲੋਕ ਸੰਰਪਕ ਅਤੇ ਸਭਿਆਚਾਰਕ ਮਾਮਲੇ ਵਿਭਾਗ ਦੇ ਡਾਇਰੈਕਟਰ ਜਰਨਲ ਸੁਧੀਰ ਰਾਜਪਾਲ
ਵੀ ਹਾਜ਼ਿਰ ਸਨ । ਸ੍ਰੀ ਵਸ਼ਿਸ਼ਠ ਨੇ ਕਿਹਾ ਕਿ ਕਲ੍ਹ ਰਾਤ ਨੂੰ ਬਰਵਾਲਾ ਦੇ ਸਤਲੋਕ ਆਸ਼ਰਮ
ਤੋਂ ਦੋਸ਼ੀ ਰਾਮਪਾਲ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ, ਇਸ ਤੋਂ ਬਾਅਦ ਉਨ੍ਹਾਂ ਨੂੰ
ਐਂਬੂਲੈਂਸ ਰਾਹੀਂ ਪੰਚਕੂਲਾ ਦੇ ਸੈਕਟਰ 6 ਸਥਿਤ ਜਰਨਲ ਹਸਪਤਾਲ ਵਿਚ ਮੈਡੀਕਲ ਜਾਂਚ ਲਈ
ਲਿਜਾਇਆ ਗਿਆ । ਡਾਕਟਰਾਂ ਨੇ ਜਾਂਚ ਤੋਂ ਬਾਅਦ ਰਾਮਪਾਲ ਨੂੰ ਸਿਹਤਮੰਦ ਦੱਸਿਆ, ਉਸ ਤੋਂ
ਬਾਅਦ ਦੋਸ਼ੀ ਰਾਮਪਾਲ ਨੂੰ ਪੰਚਕੂਲਾ ਦੇ ਸੈਕਟਰ 5 ਸਥਿਤ ਪੁਲਿਸ ਥਾਣੇ ਦੀ ਹਵਾਲਾਤ ਵਿਚ
ਰੱਖਿਆ ਗਿਆ । ਉਨ੍ਹਾਂ ਦੱਸਿਆ ਕਿ ਹਾਈ ਕੋਰਟ 'ਚ ਰਾਮਪਾਲ ਨੂੰ ਅੱਜ ਹੀ ਪੇਸ਼ ਕਰਨ ਦੀ
ਅਪੀਲ ਕੀਤੀ ਗਈ, ਜਿਸ ਨੂੰ ਹਾਈ ਕੋਰਟ ਨੇ ਮਨਜ਼ੂਰ ਕਰਦੇ ਹੋਏ ਦੁਪਹਿਰ ਬਾਅਦ 2:00 ਵਜੇ
ਪੇਸ਼ ਕਰਨ ਨੂੰ ਕਿਹਾ । ਉਨ੍ਹਾਂ ਦੱਸਿਆ ਕਿ ਜਿਲ੍ਹਾ ਹਿਸਾਰ ਦੇ ਬਰਵਾਲਾ ਦੇ ਸਤਲੋਕ ਆਸ਼ਰਮ
ਦੇ ਮੋਢੀ ਦੋਸ਼ੀ ਰਾਮਪਾਲ ਨੂੰ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਪੇਸ਼ ਕੀਤਾ ਗਿਆ ।
ਹਾਈ ਕੋਰਟ ਨੇ ਰਾਮਪਾਲ ਨੂੰ 28 ਨਬੰਵਰ ਤਕ ਨਿਆਂਇਕ ਹਿਰਾਸਤ ਵਿਚ ਰੱਖਣ ਦੇ ਹੁਕਮ
ਦਿੱਤੇ। ਉਨ੍ਹਾਂ ਦੱਸਿਆ ਕਿ ਰਾਮਪਾਲ 'ਤੇ ਦਰਜ ਨਵੇਂ ਮਾਮਲਿਆਂ 'ਚ ਪੁਛੱਗਿੱਛ ਲਈ ਦੋਸ਼ੀ
ਰਾਮਪਾਲ ਨੂੰ ਪੁਲਿਸ ਹਿਸਾਰ ਲੈ ਗਈ ਹੈ। ਉਨ੍ਹਾਂ ਦੱਸਿਆ ਕਿ ਰਾਮਪਾਲ ਤੋਂ ਇਲਾਵਾ, ਪੁਲਿਸ
ਨੇ 459 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ 'ਚੋਂ 118 ਰਾਜਸਥਾਨ, 116
ਹਰਿਆਣਾ, 72 ਮੱਧ ਪ੍ਰਦੇਸ਼, 10 ਬਿਹਾਰ, 83 ਉਤਰ ਪ੍ਰਦੇਸ਼ ਤੇ 3 ਵਿਅਕਤੀ ਨੇਪਾਲ ਦੇ ਹਨ,
ਇੰਨ੍ਹਾਂ ਸਾਰਿਆਂ ਤੋਂ ਪੁੱਛਗਿੱਛ ਕੀਤੀ ਜਾਵੇਗੀ । ਉਨ੍ਹਾਂ ਦੱਸਿਆ ਕਿ ਰਾਮਪਾਲ ਦਾ
ਨੇੜਲਾ ਸਹਿਯੋਗੀ ਬਲਜੀਤ ਅਤੇ ਉਸ ਦੀ ਲੜਕੀ ਬਵੀਤਾ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ,
ਬਵੀਤਾ ਦੇ ਕੋਲੋ ਇਕ ਲੈਪਟਾਪ, 6 ਮੋਬਾਇਲ ਫੋਨ, 10 ਹਾਰਡ ਡਿਸਕ, 17 ਸੀਡੀ, 3 ਟੈਲੀਫੋਨ
ਡਾਇਰੀਆਂ ਤੇ 5 ਫਾਇਲਾਂ ਮਿਲੀਆ ਹਨ, ਇੰਨ੍ਹਾਂ ਸਾਰੀਆ ਚੀਜਾਂ ਨੂੰ ਸਕੈਨ ਕਰਨ ਲਈ ਇਕ
ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ ਹੈ । ਉਨ੍ਹਾਂ ਅੱਗੇ ਦੱਸਿਆ ਕਿ ਰਾਮਕੁਮਾਰ ਢਾਕਾ, ਜੋ ਕਿ
ਅਦਾਲਤ ਦੇ ਹੁਕਮ ਨਾ ਮੰਨਣ ਵਿਚ ਵੀ ਦੋਸ਼ੀ ਹੈ, ਪੁਰੂਸ਼ੋਤਮ, ਰਾਮ ਅਵਤਾਰ ਸਮੇਤ ਹੋਰਾਂ ਦੇ
ਵਿਰੁੱਧ ਐਫ.ਆਈ.ਆਰ. ਨੰਬਰ 429 ਤੇ 430 ਬਰਵਾਲਾ ਥਾਣੇ 'ਚ ਦਰਜ ਕੀਤੀ ਗਈ ਹੈ ਅਤੇ
ਇਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ । ਇਹ ਐਫ.ਆਈ.ਆਰ. ਹੱਤਿਆ ਨਾਲ ਸਬੰਧਤ ਹੈ ਜਿਸ
'ਚ ਆਸ਼ਰਮ ਵਿਚ ਹੋਈਆਂ 6 ਲੋਕਾਂ ਦੀਆਂ ਮੌਤਾਂ ਵੀ ਸ਼ਾਮਿਲ ਹਨ । ਉਨ੍ਹਾਂ ਦੱਸਿਆ ਕਿ
ਅਪਰੇਸ਼ਨ ਦੌਰਾਨ ਜਿਨ੍ਹਾਂ 6 ਲੋਕਾਂ ਦੀ ਮੌਤ ਹੋਈ ਸੀ, ਉਨ੍ਹਾਂ ਦੇ ਪੋਸਟ ਮਾਟਰਮ ਹੋ
ਚੁੱਕੇ ਹਨ, ਇਨ੍ਹਾਂ ਵਿਚ ਸੰਤੋਸ਼ ਤੇ ਰਾਜਬਾਲਾ ਦੇ ਸਰੀਰ 'ਚ ਫਰੈਕਚਰ ਦੱਸਿਆ ਗਿਆ ਹੈ ।
ਪੁਲਿਸ ਮੁੱਖੀ ਨੇ ਦੱਸਿਆ ਕਿ ਅੱਜ ਵੀ ਆਸ਼ਰਮ 'ਚੋਂ 4,000 ਲੋਕਾਂ ਨੂੰ ਬਾਹਰ ਕੱਢਿਆ ਗਿਆ,
ਜਿਨ੍ਹਾਂ 'ਚ 1500 ਮਹਿਲਾਵਾਂ ਸ਼ਾਮਿਲ ਹਨ ਅਤੇ ਹੁਣ ਆਸ਼ਰਮ ਪੂਰੀ ਤਰ੍ਹਾਂ ਨਾਲ ਖਾਲੀ ਹੋ
ਚੁੱਕਾ ਹੈ । ਹਾਈ ਕੋਰਟ ਵੱਲੋਂ ਹਰਿਆਣਾ 'ਚ ਹੋਰ ਡੇਰਿਆਂ ਦੀ ਜਾਂਚ ਦੇ ਸਬੰਧ 'ਚ ਪੁੱਛੇ
ਗਏ ਸਵਾਲ ਦੇ ਜਵਾਬ ਚ ਪੁਲਿਸ ਮੁੱਖੀ ਨੇ ਕਿਹਾ ਕਿ ਉਨ੍ਹਾਂ ਨੂੰ ਹਾਲੇ ਤੱਕ ਅਦਾਲਤ ਦੇ
ਇਹਨਾਂ ਹੁਕਮਾਂ ਦੀ ਕਾਪੀ ਨਹੀਂ ਮਿਲੀ। ਬੱਚਿਆਂ ਦੇ ਲਵਾਰਸ ਹੋਣ ਤੇ ਉਨ੍ਹਾਂ ਨੂੰ ਢਾਲ
ਬਣਾ ਕੇ ਇਸਤੇਮਾਲ ਕਰਨ ਦੇ ਸਬੰਧ ਵਿਚ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਪੁਲਿਸ ਮੁੱਖੀ ਨੇ
ਕਿਹਾ ਕਿ ਉਨ੍ਹਾਂ ਦੀ ਇਸ ਸਬੰਧ ਵਿਚ ਆਈ.ਜੀ. ਹਿਸਾਰ ਨਾਲ ਗੱਲ ਹੋਈ ਹੈ ਅਤੇ ਉਨ੍ਹਾਂ ਨੇ
ਡਿਪਟੀ ਕਮਿਸ਼ਨਰ, ਹਿਸਾਰ ਨਾਲ ਗਲ ਕੀਤੀ ਹੈ, ਇਸ ਬਾਰੇ ਵਿਚ ਜੋ ਚਿਲਡਰਨ ਐਕਟ ਵਿਚ
ਪਾ੍ਰਵਧਾਨ ਹੋਵੇਗਾ ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ ਅਤੇ ਇਨ੍ਹਾਂ ਬੱਚਿਆਂ ਨੂੰ
ਇਨ੍ਹਾਂ ਵੱਲੋਂ ਉਪਲੱਬਧ ਕਰਵਾਈ ਗਈ ਜਾਣਕਾਰੀ ਅਨੁਸਾਰ ਇਨ੍ਹਾਂ ਦੇ ਘਰ ਭੇਜਿਆ ਜਾਵੇਗਾ
ਜਾਂ ਸਟੇਟ ਪ੍ਰੋਟੈਕਸ਼ਨ 'ਚ ਰੱਖਿਆ ਜਾਵੇਗਾ । ਦੋਸ਼ੀ ਰਾਮਪਾਲ ਦੇ ਵਕੀਲ ਵੱਲੋਂ ਰਾਮਪਾਲ
ਨੂੰ ਆਸ਼ਰਮ 'ਚ ਲੋਕਾਂ ਵੱਲੋਂ ਬੰਦੀ ਬਣਾਏ ਜਾਣ ਦੇ ਸਬੰਧ ਵਿਚ ਪੁੱਛੇ ਸਵਾਲ ਦੇ ਜਵਾਬ ਵਿਚ
ਸ੍ਰੀ ਵਸ਼ਿਸ਼ਠ ਨੇ ਕਿਹਾ ਕਿ ਇਸ ਦਾ ਤਾਂ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ । ਦੋਸ਼ੀ
ਰਾਮਪਾਲ ਨੂੰ ਗ੍ਰਿਫਤਾਰ ਕਰਨ ਲਈ ਚਲਾਏ ਜਾ ਰਹੇ ਅਪਰੇਸ਼ਨ ਦੌਰਾਨ ਫੱਟੜ ਹੋਏ ਪੁਲਿਸ
ਕਰਮਚਾਰੀਆਂ ਦੇ ਸਬੰਧ 'ਚ ਪੁਲਿਸ ਮੁੱਖੀ ਨੇ ਕਿਹਾ ਕਿ ਇਸ ਦੌਰਾਨ 105 ਪੁਲਿਸ ਕਰਮਚਾਰੀ
ਫੱਟੜ ਹੋਏ ਹਨ, ਜਿਨ੍ਹਾਂ 'ਚੋਂ 2 ਨੂੰ ਗੋਲੀ ਤੇ ਤਿੰਨ ਨੂੰ ਛਰੇ ਲੱਗੇ ਹਨ । ਇਸ ਤੋਂ
ਇਲਾਵਾ 96 ਪੁਲਿਸ ਕਰਮਚਾਰੀਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ । ਉਨ੍ਹਾਂ ਪੁਲਿਸ
ਕਰਮਚਾਰੀਆਂ ਦੀ ਕਾਰਜਪ੍ਰਣਾਲੀ, ਧੀਰਜ, ਸੰਵੇਦਨਸ਼ੀਲਤਾ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ
ਫੱਟੜ ਹੋਣ ਤੋਂ ਬਾਅਦ ਵੀ ਪੁਲਿਸ ਕਰਮਚਾਰੀਆਂ ਨੇ ਇਸ ਅਪਰੇਸ਼ਨ ਨੂੰ ਜਾਰੀ ਰੱਖਿਆ ਅਤੇ
ਆਪਣੇ ਵੱਲੋਂ ਗੋਲੀ ਨਹੀਂ ਚਲਾਈ । ਉਨ੍ਹਾਂ ਨੇ ਸਾਰੇ ਪੁਲਿਸ ਕਰਮਚਾਰੀਆਂ ਨੂੰ ਅਪਰੇਸ਼ਨ
ਸਫਲ ਹੋਣ 'ਤੇ ਵਧਾਈ ਵੀ ਦਿੱਤੀ । ਇਸੇ ਤਰ੍ਹਾਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ
ਖੱਟਰ ਨੇ ਅੱਜ ਦੋਸ਼ੀ ਰਾਮਪਾਲ ਦੀ ਗ੍ਰਿਫਤਾਰੀ ਮੁਹਿੰਮ ਵਿਚ ਪੁਲਿਸ, ਪ੍ਰਸ਼ਾਸਨ, ਮੀਡੀਆ
ਅਤੇ ਸਥਾਨਕ ਲੋਕਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਤੇ ਹਰਿਆਣਾ
ਉਚ ਅਦਾਲਤ ਨੇ ਰਾਮਪਾਲ ਦੇ ਵਿਰੁੱਧ ਗੈਰ ਜਮਾਨਤੀ ਵਰੰਟ ਜਾਰੀ ਕੀਤੇ ਸਨ। ਪੁਲਿਸ ਨੂੰ
ਆਸ਼ਰਮ ਵਿਚ ਨਿਰਦੋਸ਼ ਲੋਕਾਂ ਦੇ ਜੀਵਨ ਨੂੰ ਬਿਨਾਂ ਕਿਸੇ ਖਤਰੇ ਵਿਚ ਪਾਏ ਰਾਮਪਾਲ ਨੂੰ
ਗ੍ਰਿਫਤਾਰ ਕਰਨਾ ਸੀ। ਜਦੋਂ ਕਿ ਇਹ ਸਰਕਾਰ ਦੇ ਸਾਹਮਣੇ ਇਕ ਚੁਣੌਤੀ ਸੀ, ਜਿਸਦਾ
ਸਫਲਤਾਪੂਰਵਕ ਹੱਲ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮੀਡੀਏ ਨਾਲ ਸਬੰਧਤ ਕੁਝ ਸ਼ਿਕਾਇਤਾਂ
ਪ੍ਰਾਪਤ ਹੋਈਆਂ ਹਨ, ਜਿਸਦੀ ਜਾਂਚ ਕਰਕੇ ਉਚਿਤ ਕਾਰਵਾਈ ਕੀਤੀ ਜਾਵੇਗੀ।