ਪੰਜਾਬ ਦੇ ਵੱਡੇ ਸ਼ਹਿਰਾਂ ਨੂੰ ਸੂਚਨਾ ਤਕਨਾਲੋਜੀ ਨਾਲ ਲੈਸ ਸਮਾਰਟ ਸ਼ਹਿਰਾਂ ਵਜੋਂ ਵਿਕਸਤ ਕੀਤਾ ਜਾਵੇਗਾ : ਸੁਖਬੀਰ
Posted on:- 19-11-2014
ਚੰਡੀਗੜ੍ਹ
: ਸੂਬਾ ਸਰਕਾਰ ਵੱਲੋਂ ਪੰਜਾਬ ਦੇ ਮੁੱਖ ਸ਼ਹਿਰਾਂ ਨੂੰ ਵਾਤਾਵਰਨ ਪੱਖੀ ਤੇ ਸੂਚਨਾ
ਤਕਨਾਲੋਜੀ ਨਾਲ ਲੈਸ ਸਮਾਰਟ ਸ਼ਹਿਰਾਂ ਵਜੋਂ ਉਸਾਰਨ ਦੇ ਤਹਿਤ ਉਪ ਮੁੱਖ ਮੰਤਰੀ ਸੁਖਬੀਰ
ਸਿੰੰਘ ਬਾਦਲ ਨੇ ਅੱਜ ਬਹੁ-ਕੌਮੀ ਕੰਪਨੀਆਂ ਨੂੰ ਸੂਬੇ 'ਚ ਅਜਿਹੇ ਸ਼ਹਿਰਾਂ ਨੂੰ ਵਿਕਸਤ
ਕਰਨ ਦਾ ਸੱਦਾ ਦਿੱਤਾ ਹੈ।
ਸਪੇਨ ਦੇ ਬਾਰਸੀਲੋਨਾ ਸ਼ਹਿਰ ਵਿਖੇ ਚੱਲ ਰਹੀ ਸਮਾਰਟ ਸਿਟੀ
ਐਕਸੋ ਵਿਸ਼ਵ ਕਾਂਗਰਸ ਦੇ ਦੂਜੇ ਦਿਨ ਸ. ਬਾਦਲ ਨੇ ਨਾਮੀ ਬਹੁ-ਕੌਮੀ ਕੰਪਨੀਆਂ ਦੇ
ਨੁਮਾਇੰਦਿਆਂ ਨਾਲ ਮੀਟਿੰਗਾਂ ਕਰਕੇ ਉਨ੍ਹਾਂ ਨੂੰ ਸੂਬਾ ਸਰਕਾਰ ਵੱਲੋਂ ਪੰਜਾਬ ਦੇ ਵੱਡੇ
ਸ਼ਹਿਰਾਂ ਦੇ ਬੁਨਿਆਦੀ ਢਾਂਚੇ ਨੂੰ ਵਿਕਸਤ ਕਰਨ ਲਈ ਚੁੱਕੇ ਗਏ ਕਦਮਾਂ ਅਤੇ ਸੁਧਾਰਾਂ ਬਾਰੇ
ਜਾਣਕਾਰੀ ਦਿੱਤੀ। ਉਪ ਮੁੱਖ ਮੰਤਰੀ ਨੇ ਸ਼ਹਿਰੀ ਖੇਤਰ ਵਿੱਚ ਨਿਵੇਸ਼ ਕਰਨ ਲਈ ਇਨ੍ਹਾਂ
ਬਹੁ-ਕੌਮੀ ਕੰਪਨੀਆਂ ਨੂੰ ਸੱਦਾ ਦਿੰਦੇ ਹੋਏ ਦੱਸਿਆ ਕਿ ਕਿਉਂ ਜੋ ਸ਼ਹਿਰੀ ਵਿਕਾਸ ਆਰਥਿਕ
ਵਿਕਾਸ ਲਈ ਅਤੀ ਜ਼ਰੂਰੀ ਹੈ, ਇਸ ਲਈ ਕੇਂਦਰ ਸਰਕਾਰ ਨੇ ਵੀ ਰੀਅਲ ਅਸਟੇਟ ਅਤੇ ਨਿਰਮਾਣ
ਖੇਤਰਾਂ ਵਿੱਚ ਸਿੱਧੇ ਵਿਦੇਸ਼ੀ ਨਿਵੇਸ਼ ਦੇ ਨਿਯਮਾਂ ਵਿੱਚ ਢਿੱਲ ਦੇ ਦਿੱਤੀ ਹੈ ਜਿਸ ਦੌਰਾਨ
ਬਹੁ-ਕੌਮੀ ਕੰਪਨੀਆਂ ਨੂੰ ਹੋਰ ਵੀ ਲਾਭ ਮਿਲੇਗਾ। ਉਪ ਮੁੱਖ ਮੰਤਰੀ ਨੇ ਆਈ.ਬੀ.ਐਮ. ,
ਸਿਸਕੋ, ਓਰੈਕਲ ਜਿਹੀਆਂ ਨਾਮੀ ਬਹੁ-ਕੌਮੀ ਕੰਪਨੀਆਂ ਦੇ ਉਚ ਅਧਿਕਾਰੀਆਂ ਨਾਲ ਬੈਠਕਾਂ
ਕੀਤੀਆਂ ਜਿਨ੍ਹਾਂ ਨੇ ਸਮਾਰਟ ਸ਼ਹਿਰਾਂ ਲਈ ਆਈ.ਸੀ.ਟੀ. ਵਿਧੀ ਬਾਰੇ ਜਾਣੂੰ ਕਰਵਾਉਂਦਿਆਂ
ਸ਼ਹਿਰੀ ਵਿਕਾਸ ਦੇ ਖੇਤਰ ਵਿੱਚ ਆਪਣੀਆਂ ਪ੍ਰਾਪਤੀਆਂ ਵੀ ਦੱਸੀਆਂ। ਦੂਰ-ਅੰਦੇਸ਼ੀ ਵਾਲੇ
ਫੈਸਲੇ ਵਿੱਚ ਉਪ ਮੁੱਖ ਮੰਤਰੀ ਨੇ ਇਨ੍ਹਾਂ ਕੰਪਨੀਆਂ ਨੂੰ ਅਜਿਹੇ ਸਮਾਰਟ ਸ਼ਹਿਰ ਉਸਾਰਨ ਦਾ
ਸੱਦਾ ਦਿੱਤਾ, ਜਿਨ੍ਹਾਂ ਵਿੱਚ ਅਤੀ ਆਧੁਨਿਕ ਆਵਾਜਾਈ ਪ੍ਰਣਾਲੀ, ਸੁਰੱਖਿਆ ਅਤੇ
ਮੰਨੋਰੰਜਨ ਲਈ ਢੁਕਵੀਆਂ ਸਹੂਲਤਾਂ ਦੇ ਨਾਲ-ਨਾਲ ਉਥੇ ਰਹਿਣ ਵਾਲੇ ਲੋਕਾਂ ਤੇ ਵਪਾਰੀਆਂ ਲਈ
ਢੁਕਵੀਂਆਂ ਸਿਹਤ ਤੇ ਸਿੱਖਿਆ ਦੀਆਂ ਸੁਵਿਧਾਵਾਂ ਵੀ ਹੋਣ। ਇਸ ਦੇ ਨਾਲ ਹੀ ਸ. ਬਾਦਲ ਨੇ
ਜ਼ੋਰ ਦੇ ਕੇ ਆਖਿਆ ਕਿ ਅਜਿਹੇ ਸਮਾਰਟ ਸ਼ਹਿਰਾਂ ਵਿੱਚ 24 ਘੰਟੇ ਬਿਜਲੀ-ਪਾਣੀ ਦੀ ਸਹੂਲਤ ਦੇ
ਨਾਲ-ਨਾਲ ਅਜਿਹੀ ਪ੍ਰਣਾਲੀ ਹੋਣੀ ਚਾਹੀਦੀ ਹੈ ਜਿਸ ਵਿੱਚ ਇਨ੍ਹਾਂ ਦੀ ਸੁਚੱਜੀ ਵਰਤੋਂ ਦੇ
ਨਾਲ-ਨਾਲ ਕੂੜੇ ਦੀ ਰੀ-ਸਾਈਕਲਿੰਗ ਦਾ ਵੀ ਪ੍ਰਬੰਧ ਹੋਵੇ। ਨਾਲ ਹੀ ਉਨ੍ਹਾਂ ਆਖਿਆ ਕਿ
ਵਾਤਾਵਰਨ ਪੱਖੀ ਇਨ੍ਹਾਂ ਸ਼ਹਿਰਾਂ ਵਿੱਚ ਬਿਜਲੀ ਦੀ ਘੱਟੋ-ਘੱਟ ਖਪਤ ਹੋਣੀ ਚਾਹੀਦੀ ਹੈ।
ਬਾਰਸੀਲੋਨਾ ਸ਼ਹਿਰ ਵੱਲੋਂ ਆਪਣੀ ਵਿਰਾਸਤ ਸੰਜੋਏ ਰੱਖਣ ਲਈ ਚੁੱਕੇ ਗਏ ਕਦਮ ਲਈ
ਸ਼ਲਾਘਾ ਕਰਦਿਆਂ ਉਪ ਮੁੱਖ ਮੰਤਰੀ ਨੇ ਬਾਰਸੀਲੋਨਾ ਦੇ ਅਧਿਕਾਰੀਆਂ ਨੂੰ ਦੱਸਿਆ ਕਿ ਸੂਬਾ
ਸਰਕਾਰ ਅੰਮ੍ਰਿਤਸਰ ਅਤੇ ਨਿਊ ਚੰਡੀਗੜ੍ਹ ਵਿੱਚ ਵੀ ਆਪਣੀ ਪੁਰਾਤਨ ਸੱਭਿਅਤਾ ਨੂੰ ਸੰਭਾਲਣ
ਲਈ ਪੁਰਜ਼ੋਰ ਉਪਰਾਲੇ ਕਰੇਗੀ। ਇਸ ਮੌਕੇ ਉਨ੍ਹਾਂ ਨੇ ਬਾਰਸੀਲੋਨਾ ਵਿਖੇ ਰਿਹਾਇਸ਼ੀ ਤੇ
ਦਫਤਰੀ ਕੰਪਲੈਕਸਾਂ ਦਾ ਦੌਰਾ ਕੀਤਾ ਅਤੇ ਇਸ ਦੌਰਾਨ ਕਿਹਾ ਕਿ ਇਸ ਨਾਲ ਪੰਜਾਬ 'ਚ ਮਕਾਨ
ਉਸਾਰੀ ਲਈ ਬਹੁਤ ਫਾਇਦਾ ਹੋਵੇਗਾ।
ਇਸ ਮੌਕੇ ਸਕੱਤਰ ਸਥਾਨਕ ਸਰਕਾਰ ਅਸ਼ੋਕ
ਗੁਪਤਾ, ਉਪ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਪੀ.ਐਸ. ਔਜਲਾ ਤੇ ਸਕੱਤਰ ਸ਼ਹਿਰੀ ਵਿਕਾਸ
ਏ.ਵੇਨੂੰ ਪ੍ਰਸਾਦ ਹਾਜ਼ਰ ਸਨ।