ਨਵਜੋਤ ਕੌਰ ਸਿੱਧੂ ਲੁਟੇਰਿਆਂ ਦੀ ਟੋਲੀ 'ਚ ਸ਼ਾਮਲ ਕਿਉਂ : ਮਾਨ
Posted on:- 19-11-2014
ਅਕਾਲੀ-ਭਾਜਪਾ ਗਠਜੋੜ 'ਤੇ ਪੰਜਾਬ ਨੂੰ ਰਲ-ਮਿਲ ਕੇ ਲੁੱਟਣ ਦਾ ਦੋਸ਼
ਫਗਵਾੜਾ:
ਭਾਜਪਾ ਆਗੂ ਨਵਜੋਤ ਸਿੰਘ ਸਿੱਧੂ ਅਤੇ ਅਕਾਲੀਆਂ ਦਰਮਿਆਨ ਚਲ ਰਹੀ ਜੁਬਾਨੀ ਜੰਗ 'ਤੇ
ਵਿਅੰਗ ਕਰਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਅਤੇ ਹਲਕਾ ਵਿਧਾਨਸਭਾ
ਫਗਵਾੜਾ ਦੇ ਇੰਚਾਰਜ ਜੋਗਿੰਦਰ ਸਿੰਘ ਮਾਨ ਨੇ ਸਿੱਧੂ ਨੂੰ ਸਵਾਲ ਕੀਤਾ ਕਿ ਜੇਕਰ ਉਨ੍ਹਾਂ
ਨੂੰ ਪਤਾ ਹੈ ਕਿ ਅਕਾਲੀ ਲੁਟੇਰੇ ਹਨ ਤਾਂ ਲੁਟੇਰਿਆਂ ਦੀ ਇਸ ਟੋਲੀ ਵਿਚ ਉਨ੍ਹਾਂ ਦੀ ਧਰਮ
ਪਤਨੀ ਮੁੱਖ ਸੰਸਦੀ ਸਕੱਤਰ ਬਣ ਕੇ ਸ਼ਾਮਲ ਕਿਉਂ ਹੈ? ਅੱਜ ਇੱਥੇ ਗੱਲਬਾਤ ਕਰਦਿਆਂ ਮਾਨ ਨੇ
ਕਿਹਾ ਕਿ ਸ੍ਰੀਮਤੀ ਸਿੱਧੂ ਨੂੰ ਤਾਂ ਬਹੁਤ ਪਹਿਲਾਂ ਹੀ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ
ਚਾਹੀਦਾ ਸੀ।
ਹਰਿਆਣਾ ਵਿਧਾਨ ਸਭਾ ਚੋਣ ਪ੍ਰਚਾਰ ਤੋਂ ਹੁਣ ਤਕ ਨਵਜੋਤ ਸਿੰਘ ਸਿੱਧੂ
ਅਤੇ ਉਨ੍ਹਾਂ ਦੀ ਧਰਮ ਪਤਨੀ ਵੱਲੋਂ ਲਗਾਤਾਰ ਅਕਾਲੀਆਂ ਖਿਲਾਫ ਤਿੱਖੀ ਬਿਆਨਬਾਜ਼ੀ ਕੀਤੀ
ਜਾ ਰਹੀ ਹੈ, ਪਰ ਹੈਰਾਨੀ ਵਾਲੀ ਗੱਲ ਹੈ ਕਿ ਸ੍ਰੀਮਤੀ ਸਿੱਧੂ ਪੰਜਾਬ ਸਰਕਾਰ ਦੇ ਮੁੱਖ
ਸੰਸਦੀ ਸਕੱਤਰ ਦੇ ਅਹੁਦੇ ਤੋਂ ਅਸਤੀਫਾ ਕਿਉਂ ਨਹੀਂ ਦੇ ਰਹੀ। ਜਦੋਂ ਵੀ ਉਨ੍ਹਾਂ ਪਾਸੋਂ
ਅਸਤੀਫਾ ਨਾ ਦੇਣ ਬਾਰੇ ਸਵਾਲ ਕੀਤਾ ਜਾਂਦਾ ਹੈ ਤਾਂ ਜਵਾਬ ਹੁੰਦਾ ਹੈ ਕਿ ਉਹ ਹਾਈਕਮਾਂਡ
ਦੇ ਕਹਿਣ ਤੇ ਹੀ ਅਸਤੀਫਾ ਦੇਣਗੇ। ਮਾਨ ਨੇ ਕਿਹਾ ਕਿ ਜੇਕਰ ਸਿੱਧੂ ਪਰਿਵਾਰ ਭਾਜਪਾ
ਹਾਈਕਮਾਂਡ ਦਾ ਇੰਨਾ ਹੀ ਵਫਾਦਾਰ ਹੈ ਤਾਂ ਉਨ੍ਹਾਂ ਨੂੰ ਦੱਸਣਾ ਚਾਹੀਦਾ ਹੈ ਕਿ ਜੋ ਗੰਭੀਰ
ਦੋਸ਼ ਉਨ੍ਹਾਂ ਵਲੋਂ ਅਕਾਲੀਆਂ ਤੇ ਲਗਾਏ ਜਾ ਰਹੇ ਹਨ ਉਸਦੀ ਮੰਨਜੂਰੀ ਉਨ੍ਹਾਂ ਨੇ ਆਪਣੀ
ਪਾਰਟੀ ਦੀ ਹਾਈਕਮਾਂਡ ਤੋਂ ਲਈ ਹੈ? ਕਿਉਂਕਿ ਬੀ.ਜੇ.ਪੀ. ਦੀ ਸੀਨੀਅਰ ਲੀਡਰਸ਼ਿਪ ਤਾਂ ਹੁਣ
ਵੀ ਅਕਾਲੀਆਂ ਨਾਲ ਆਪਣੇ ਰਿਸ਼ਤੇ ਨੂੰ ਅਟੁੱਟ ਦਸ ਰਹੀ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਇਹ
ਜੁਬਾਨੀ ਤਕਰਾਰ ਅਕਾਲੀ-ਭਾਜਪਾ ਦਾ ਅੰਦਰੂਨੀ ਮਾਮਲਾ ਹੈ ਪਰ ਇਸ ਲੜਾਈ ਨਾਲ ਪੰਜਾਬ ਦਾ
ਬਹੁਤ ਨੁਕਸਾਨ ਹੋ ਰਿਹਾ ਹੈ, ਜਿਸ ਨੂੰ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ। ਜੋ ਗੱਲਾਂ
ਅੱਜ ਪੰਜਾਬ ਭਾਜਪਾ ਦੀ ਨਰਾਜ਼ ਲੀਡਰਸ਼ਿਪ ਵਲੋਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਨੂੰ ਤਾਂ
ਕਾਂਗਰਸ ਪਾਰਟੀ ਹਮੇਸ਼ਾ ਤੋਂ ਹੀ ਕਹਿੰਦੀ ਰਹੀ ਹੈ। ਜਿਸ ਵਿਚ ਪਿਛਲੇ ਕਰੀਬ 8 ਸਾਲ ਤੋਂ
ਅਕਾਲੀ-ਭਾਜਪਾ ਵਲੋਂ ਪੰਜਾਬ ਦੀ ਸੱਤਾ 'ਚ ਰਹਿੰਦਿਆਂ ਮਚਾਈ ਗਈ ਲੁੱਟ ਵੀ ਸ਼ਾਮਲ ਹੈ ਅਤੇ
ਇਨ੍ਹਾਂ ਦੋਸ਼ਾਂ ਦੀ ਸੱਚਾਈ ਨੂੰ ਹੁਣ ਭਾਜਪਾ ਆਗੂ ਹੀ ਤਸਦੀਕ ਕਰ ਰਹੇ ਹਨ।
ਉਨ੍ਹਾਂ
ਅਕਾਲੀ-ਭਾਜਪਾ ਨੂੰ ਇਕ ਹੀ ਥਾਲੀ ਦੇ ਚੱਟੇ-ਬੱਟੇ ਦੱਸਦਿਆਂ ਕਿਹਾ ਕਿ ਅਕਾਲੀਆਂ ਦੀ ਲੁੱਟ
ਦਾ ਨਾ ਸਿਰਫ ਭਾਜਪਾਈਆਂ ਨੂੰ ਪਹਿਲੇ ਦਿਨ ਤੋਂ ਪਤਾ ਸੀ ਬਲਕਿ ਬੀ.ਜੇ.ਪੀ. ਖੁਦ ਇਸ ਲੁੱਟ
ਵਿਚ ਅਕਾਲੀਆਂ ਦੀ ਭਾਈਵਾਲ ਰਹੀ ਹੈ, ਪਰ ਹੁਣ ਲੋਕਸਭਾ ਚੋਣਾਂ ਤੋਂ ਬਾਅਦ ਜਦੋਂ ਪੰਜਾਬ
ਵਿਚ ਅਕਾਲੀ ਬੁਰੀ ਤਰ੍ਹਾਂ ਬਦਨਾਮ ਹੋ ਗਏ ਤਾਂ ਭਾਜਪਾ ਨੂੰ ਆਪਣੇ ਵੋਟ ਬੈਂਕ ਦੀ ਚਿੰਤਾ
ਹੋ ਰਹੀ ਹੈ, ਜਿਸ ਕਰਕੇ ਇਹ ਪਾਰਟੀ ਹੁਣ ਦੋਹਰੇ ਚਰਿੱਤਰ ਦਾ ਦਿਖਾਵਾ ਕਰ ਰਹੀ ਹੈ ਤਾਂ ਜੋ
ਪੰਜਾਬ ਦੇ ਆਪਣੇ ਸ਼ਹਿਰੀ ਵੋਟ ਬੈਂਕ ਨੂੰ ਬਚਾਇਆ ਜਾ ਸਕੇ, ਪਰ ਇਹ ਭਾਜਪਾ ਦੀ ਗਲਤ ਫਹਿਮੀ
ਹੈ। ਪੰਜਾਬ ਦੇ ਲੋਕਾਂ ਸਾਹਮਣੇ ਇਨ੍ਹਾਂ ਦੋਵਾਂ ਹੀ ਪਾਰਟੀਆਂ ਦਾ ਅਸਲੀ ਚਿਹਰਾ ਬੇਨਕਾਬ
ਹੋ ਚੁੱਕਾ ਹੈ।
ਪੰਜਾਬ ਦੇ ਲੋਕ ਹੁਣ ਬੇਸਬਰੀ ਨਾਲ ਸਾਲ 2017 ਦੀਆਂ ਵਿਧਾਨ ਸਭਾ
ਚੋਣਾਂ ਦੀ ਉਡੀਕ ਕਰ ਰਹੇ ਹਨ ਤਾਂ ਜੋ ਲੁਟੇਰਿਆਂ ਦੀ ਟੋਲੀ ਅਕਾਲੀ-ਭਾਜਪਾ ਤੋਂ ਛੁਟਕਾਰਾ
ਪਾਇਆ ਜਾ ਸਕੇ। ਅਖੀਰ ਉਨ੍ਹਾਂ ਕਿਹਾ ਕਿ 2017 ਤੋਂ ਬਾਅਦ ਪੰਜਾਬ ਵਿਚ ਅਕਾਲੀ-ਭਾਜਪਾ ਦਾ
ਪੂਰੀ ਤਰ੍ਹਾਂ ਖਾਤਮਾ ਹੋਣਾ ਤੈਅ ਹੈ। ਇਸ ਮੌਕੇ ਬਲਾਕ ਕਾਂਗਰਸ ਫਗਵਾੜਾ ਸ਼ਹਿਰੀ ਦੇ
ਪ੍ਰਧਾਨ ਸੰਜੀਵ ਬੁੱਗਾ, ਸੀਨੀਅਰ ਆਗੂ ਦਲਜੀਤ ਰਾਜੂ ਦਰਵੇਸ਼ ਪਿੰਡ, ਕ੍ਰਿਸ਼ਨ ਕੁਮਾਰ ਹੀਰੋ,
ਸੁਨੀਲ ਪਰਾਸ਼ਰ, ਰਾਮ ਕੁਮਾਰ ਚੱਢਾ, ਪ੍ਰਮੋਦ ਜੋਸ਼ੀ, ਅਵਿਨਾਸ਼ ਗੁਪਤਾ ਬਾਸ਼ੀ, ਦੀਪ ਸਿੰਘ
ਹਰਦਾਸਪੁਰ, ਸੌਰਵ ਜੋਸ਼ੀ, ਰਾਕੇਸ਼ ਘਈ, ਬਲਵੀਰ ਗੌਸਲ, ਹਰਜੀ ਮਾਨ, ਅਸ਼ੋਕ ਡੀਲਕਸ, ਸਾਧੂ
ਰਾਮ ਪੀਪਾਰੰਗੀ ਆਦਿ ਵੀ ਹਾਜ਼ਰ ਸਨ।