ਆਲਮਪੁਰ ਮੰਦਰਾਂ ਅਤੇ ਅਚਾਨਕ ਸਥਿਤ ਜਲ ਘਰਾਂ ਦੇ ਬਿਜਲੀ ਕੁਨੈਕਸ਼ਨ ‘ਕੱਟੇ’
Posted on:- 18-11-2014
- ਜਸਪਾਲ ਸਿੰਘ ਜੱਸੀ
ਬੁਢਲਾਡਾ: ਪੱਛੜੇ ਖੇਤਰ ਬੋਹਾ ਦੇ ਪਿੰਡਾਂ ਅੰਦਰ ਆਉਣ ਵਾਲੇ ਦਿਨਾਂ ’ਚ ਪੀਣ ਯੋਗ ਪਾਣੀ ਦਾ ਸੰਕਟ ਹੋਰ ਗਹਿਰਾ ਜਾਣ ਦੀ ਸ਼ੰਕਾ ਹੈ।ਕਿਉਕਿ ਵੱਡੀ ਗਿਣਤੀ ਪਿੰਡਾਂ ਦੇ ਜਲ ਘਰ ਬਿਜਲੀ ਬੋਰਡ ਦੇ ਡਿਫਲਟਰ ਹਨ ਜਿੰਨਾਂ ਨੂੰ ਵਿਭਾਗ ਨੇ ਤੁਰਤ ਬਕਾਇਆ ਰਾਸ਼ੀ ਅਦਾ ਕਰਨ ਦੇ ਨੋਟਿਸ ਜਾਰੀ ਕਰਦਿਆਂ ਚਿਤਵਾਇਆ ਗਿਆ ਕਿ ਅਜਿਹਾ ਨਾ ਕਰਨ ਦੀ ਸੂਰਤ ਚ ਵਿਭਾਗ ਜਲ ਘਰਾਂ ਦੀ ਬਿਜਲੀ ਸ਼ਪਲਾਈ ਜਾਰੀ ਰੱਖਣ ਚ ਅਸਮਰੱਥ ਰਹੇਗਾ।ਸ਼ੇਰਖਾਂਵਾਲਾ, ਗਾਮੀਵਾਲਾ, ਰਾਮਪੁਰਮੰਡੇਰ, ਆਲਮਪੁਰਮੰਦਰਾਂ, ਅਚਾਨਕ, ਆਂਡਿਆਂਵਾਲੀ ਅਤੇ ਟਾਹਲੀਆਂ ਆਦਿ ਪਿੰਡਾਂ ਚ ਸਥਿਤ ਜਲ ਘਰਾਂ ਲਈ ‘ਪੰਚਾਇਤਾਂ’ ਨੂੰ ਅਜਿਹੇ ਯਾਦ ਪੱਤਰ ਭੇਜਕੇ ਜਿਥੇ ‘ਹੱਥਾਂ-ਪੈਰਾਂ’ ਦੀ ਪਾ ਦਿੱਤੀ ਹੈ ਉਥੇ ਟੂਟੀ ਪਾਣੀ ਖਪਤਕਾਰਾਂ ਚ ਡਾਢੀ ਚਿੰਤਾ ਦੇਖਣ ਨੂੰ ਮਿਲ ਰਹੀ ਹੈ।
ਕਿਹੜੇ ਜਲ ਘਰ ਵੱਲ ਕਿੰਨੀ ਰਾਸ਼ੀ ਹੈ ਬਕਾਇਆ :
ਸ਼ੇਰਖਾਂ ਵਾਲਾ ਜਲ ਸਕੀਮ ਵੱਲ 2.95 ਲੱਖ, ਗਾਮੀਵਾਲਾ ਜਲ ਸਕੀਮ ਵੱਲ 2.98 ਲੱਖ, ਰਾਮਪੁਰ ਮੰਡੇਰ 78 ਹਜਾਰ, ਸੈਦੇਵਾਲਾ 30 ਹਜਾਰ, ਟਾਹੀਲੀਆਂ 3.57 ਲੱਖ, ਆਂਡਿਆਂਵਾਲੀ 1.45 ਲੱਖ ਰੁਪਏ ਰਾਸ਼ੀ ਬਕਾਇਆ ਹੈ।ਆਲਮਪੁਰ ਮੰਦਰਾਂ ਸਥਿਤ ਜਲ ਘਰ ਡਿਫਲਟਰ ਚ ਸਭ ਤੋ ਅੱਗੇ ਹੈ ਜਿਸ ਵੱਲ ਬਿਜਲੀ ਬੋਰਡ ਦੇ 6.22 ਲੱਖ ਰੁਪਏ ਬਾਕੀ ਹਨ ਅਤੇ ਦੂਜਾ ਨੰਬਰ ਅਚਾਨਕ ਜਲ ਸਕੀਮ ਦਾ ਹੈ ਜਿਹੜੀ ਬਿਜਲੀ ਬੋਰਡ ਦੀ 6.08 ਲੱਖ ਰੁਪਏ ਦੀ ਕਰਜਈ ਹੈ।
ਕਿਹੜੇ-ਕਿਹੜੇ ਪਿੰਡ ਹੋਣਗੇ ਪ੍ਰਭਾਵਤ :
ਸ਼ੇਰਖਾਂ ਵਾਲਾ, ਗਾਮੀਵਾਲਾ, ਰਾਮਪੁਰ ਮੰਡੇਰ, ਟਾਹਲੀਆਂ ਪਿੰਡਾਂ ਚ ਸਥਿਤ ਜਲ ਸਕੀਮਾਂ ਕੇਵਲ ਉਕਤ ਪਿੰਡਾਂ ਦੀ ਜਲ ਸਪਲਾਈ ਲਈ ਹੀ ਹਨ ਜਦਕਿ ਆਲਪੁਰਮੰਦਰਾਂ ਸਕੀਮ ਨਾਲ ਉੱਡਤ ਸੈਦੇਵਾਲਾ, ਅਚਾਨਕ ਜਲ ਸਕੀਮ ਨਾਲ ਅਚਾਨਕ ਸਮੇਤ ਅਚਾਨਕ ਕੋਠੇ, ਫੁੱਲੂਵਾਲਾ ਡੋਡ, ਸਤੀਕੇ, ਸਸਪਾਲੀ ਆਦਿ ਪੰਜ ਪਿੰਡਾਂ ਦੀ ਜਲ ਸਪਲਾਈ ਜੁੜੀ ਹੋਈ ਹੈ।ਇਸੇ ਤਰਾਂ ਆਂਡਿਆਂ ਵਾਲੀ ਜਲ ਸਕੀਮ ਨਾਲ ਆਂਡਿਆਂਵਾਲੀ ਅਤੇ ਭਖੜਿਆਲ ਪਿੰਡ ਸ਼ਾਮਲ ਹਨ।
ਠੱਪ ਹੈ ਬਿਜਲੀ ਸਪਲਾਈ:
ਆਲਪੁਰ ਮੰਦਰਾਂ ਅਤੇ ਅਚਾਨਕ ਪਿੰਡਾਂ ਚ ਸਥਿਤ ਜਲ ਸਕੀਮਾਂ ਵੱਲੋ ਬਿਜਲੀ ਬੋਰਡ ਦੀ ਬਕਾਇਆ ਰਾਸ਼ੀ ਕ੍ਰਮਵਾਰ 6.22 ਲੱਖ ਅਤੇ 6.08 ਲੱਖ ਰੁਪਏ ਦੀ ਅਦਾਇਗੀ ਨਾ ਹੋਣ ਕਾਰਨ ਬਿਜਲੀ ਬੋਰਡ ਦੁਅਰਾ ਉਕਤ ਜਲ ਸਕੀਮਾਂ ਦੇ ਕੂਨੈਕਸ਼ਨ ਕੱਟ ਦਿੱਤੇ ਹਨ।ਜਿਸ ਕਾਰਨ ਆਲਮਪੁਰ ਮੰਦਰਾਂ, ਉੱਡਤ ਸੈਦੇਵਾਲਾ, ਅਚਾਨਕ, ਸਤੀਕੇ, ਸਸਪਾਲੀ, ਅਚਾਨਕ ਖੁਰਦ ਅਤੇ ਫੁੱਲੂਵਾਲਾ ਡੋਡ ਆਦਿ ਪਿੰਡਾਂ ਦੇ ਲੋਕਾਂ ਨੂੰ ਦਿੱਤੀ ਜਾਂਦੀ ਪੀਣ ਯੋਗ ਟੂਟੀ ਪਾਣੀ ਦੀ ਸਪਲਾਈ ਠੱਪ ਹੈ।
ਕੀ ਕਹਿੰਦੇ ਹਨ ਪਿੰਡਾਂ ਦੇ ਲੋਕ :
ਬਿਜਲੀ ਕੁਨੈਕਸ਼ਨ ਕੱਟੇ ਜਾਣ ਕਾਰਨ ਠੱਪ ਸਪਲਾਈ ਦੇ ਚਲਦੇ ਬੂੰਦ-ਬੂੰਦ ਪਾਣੀ ਤਰਸਦੇ ਪਿੰਡ ਆਲਮਪੁਰ ਮੰਦਰਾਂ ਵਾਸੀ ਅਮਰੀਕ ਸਿੰਘ, ਸੁਰਜੀਤ ਸਿੰਘ, ਹਰੀ ਪਾਲ ਸਿੰਘ, ਰਾਜਾ ਸਿੰਘ, ਗੁਰਦੀਪ ਸਿੰਘ, ਗੁਰਮੇਲ ਸਿੰਘ, ਜੀਵਨ ਸਿੰਘ, ਮੁੱਖਤਿਆਰ ਸਿੰਘ, ਲੀਲੂ ਸਿੰਘ, ਜੀਤ ਆਦਿ ਨੇ ਅੱਜ ਪਿੰਡ ਦੀ ਰਵੀਦਾਸੀਆ ਧਰਮਸ਼ਾਲਾ ਚ ਲੋਕਾਂ ਦਾ ਇਕੱਠ ਕਰਕੇ ਜਿੱਥੇ ਪੰਜਾਬ ਸਰਕਾਰ ਅਤੇ ਜਿਲਾ ਪ੍ਰਸ਼ਾਸਨ ਵਿਰੱਧ ਤਿੱਖੀ ਬਿਆਨਬਾਜੀ ਕੀਤੀ ਉਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਲੰਘੀਆਂ ਲੋਕ ਸਭਾ ਚੋਣਾਂ ਦੌਰਾਨ ਕੇਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਅੱਗੇ ਜਦ ਦਲਿਤ ਲੋਕਾਂ ਨੇ ਪੀਣਯੋਗ ਪਾਣੀ ਦੀ ਸਮੱਸਿਆ ਦਾ ਦੁੱਖੜਾ ਰੋਇਆ ਤਾਂ ਬੀਬਾ ਬਾਦਲ ਨੇ ਆਪਣੇ ਨਾਲ ਲਾਮ-ਲਸ਼ਕਰ ਨੂੰ ਹਦਾਇਤ ਕੀਤੀ ਕਿ ਦਲਿਤ ਵਿਹੜਿਆਂ ਚ ਤੁਰੰਤ ਮੁਫਤ ਟੂਟੀ ਕੁਨੈਕਸ਼ਨ ਕੀਤੇ ਜਾਣ।ਜਿਸ ਉਪਰੰਤ ਉਨਾਂ ਨੂੰ ਪੀਣ ਯੋਗ ਪਾਣੀ ਮੁਹਈਆ ਹੋਇਆ ਸੀ।ਲੋਕਾਂ ਕਿਹਾ ਕਿ ਵੋਟਾਂ ਲੈਣ ਉਪਰੰਤ ਮੁਫਤ ਕਹਿਕੇ ਟੂਟੀ ਕੁਨੈਕਸ਼ਨ ਲਗਾਉਣ ਵਾਲੇ ਘੜੰਮ ਚੋਧਰੀ ਅਤੇ ਸਰਕਾਰੀ ਅਮਲਾ ਅੱਜ ਉਨਾਂ ਤੋ 15-15 ਸੌ ਰੁਪਏ ਮੰਗ ਰਿਹਾ ਹੈ।ਆਗੁਆਂ ਕਿਹਾ ਕਿ ਜੇਕਰ ਠੱਪ ਪਾਣੀ ਦੀ ਸਪਲਾਈ ਤੁਰਤ ਬਹਾਲ ਨਾ ਕੀਤੀ ਗਈ ਤਾਂ ਉਹ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਫੇਰ ਘੇਰਨਗੇ।ਇਸੇ ਤਰਾਂ ਠੱਪ ਪਾਣੀ ਸਪਲਾਈ ਵਾਲੇ ਬਾਕੀ ਪਿੰਡਾਂ ਚ ਵੀ ਲੋਕ ਸੰਗਠਤ ਹੋਣੇ ਸ਼ੁਰੂ ਹੋ ਗਏ ਹਨ ਜਿਹੜੇ ਆਉਣ ਵਾਲੇ ਦਿਨਾਂ ਚ ਸੜਕਾਂ ਤੇ ਉੱਤਰਨੇ।
ਕੀ ਕਹਿੰਦੇ ਹਨ ਅਧਿਕਾਰੀ:
ਇਸ ਸਬੰਧੀ ਜਦ ਐਸ.ਡੀ.ਓ ਸਬ ਡਵੀਜਨ ਬਰੇਟਾ ਸ੍ਰ. ਮਨਜੀਤ ਸਿੰਘ ਨਾਲ ਰਾਬਤਾ ਕੀਤਾ ਤਾਂ ਉਨਾਂ ਕਿਹਾ ਕਿ ਪਿੰਡਾਂ ਚ ਨਾਜਾਇਜ ਟੂਟੀ ਕੁਨੈਕਸ਼ਨ ਦੀ ਗਿਣਤੀ ਜਾਇਜ ਕੁਨੈਕਸ਼ਨਾਂ ਤੋ ਕਈ-ਕਈ ਗੁਣਾਂ ਜਿਆਦਾ ਹੈ।ਨਾਜਾਇਜ ਕੁਨੈਕਸ਼ਨ ਕੱਟਣ ਲਈ ਨਾਂ ਤਾਂ ਉਨਾਂ ਕੋਲ ਕੋਈ ਜੁਡੀਸ਼ੀਅਲ ਪਾਵਰ,ਨਾ ਮੈਨ ਪਾਵਰ ਅਤੇ ਨਾ ਹੀ ਪੁਲਿਸ ਸੁਰੱਖਿਆ।ਉਨਾਂ ਕਿਹਾ ਜਦ ਉਹ ਪਿੰਡਾਂ ਚ ਇਸ ਮਾਮਲੇ ਨੂੰ ਲੈਕੇ ਚੈਕਿੰਗ ਕਰਦੇ ਹਨ ਤਾਂ ਕੁਝ ਸ਼ਰਾਰਤੀ ਕਿਸਮ ਦੇ ਲੋਕ ਉਨਾਂ ਨਾਲ ਭੱਦਾ ਵਿਵਹਾਰ ਕਰਦੇ ਹਨ ਅਤੇ ਕਈ ਥਾਂਈ ਤਾਂ ਉਹ ਲੋਕ ਅਧਿਕਾਰੀਆਂ ਦੀ ਕੁੱਟ-ਮਾਰ ਕਰਨ ਤੱਕ ਵੀ ਜਾਂਦੇ ਹਨ।ਹੱਕਦਾਰ ਲੋਕ, ਪੀਣ ਲਈ ਪਾਣੀ ਨੂੰ ਨਾ ਪੁੱਜਣ ਅਤੇ ਨਾਜਾਇਜ ਟੂਟੀ ਕੁਨੈਕਸ਼ਨਾਂ ਦੀ ਗੱਲ ਬਿੱਲ ਨਹੀ ਭਰਦੇ ਜਿਸ ਕਾਰਨ ਪਿੰਡਾਂ ਚੋ ਟੂਟੀ ਕੁਨੈਕਸ਼ਨਾਂ ਦਾ ਇਕੱਠਾ ਹੋਣ ਵਾਲਾ ਰੈਵੀਨਿਊ ਨਾਂਮਾਤਰ ਹੈ।ਇਕੱਠੇ ਹੋਏ ਤੁਸ਼ ਜਿਹੇ ਰੈਵੀਨਿਊ ਨਾਲ ਜਲ ਸਕੀਮ ਨੂੰ ਚਲਾਉਣ ਉਪਰ ਨਿੱਤ ਦਿਨ ਆਉਣ ਵਾਲੇ ਖਰਚੇ ਵੀ ਪੂਰੇ ਨਹੀ ਪੈਦੇ,ਜਿਸ ਕਾਰਨ ਅਜਿਹੇ ਹਾਲਾਤ ਪੈਦੇ ਹੋਏ ਹਨ।
ਸੁਝਾਅ
ਪੇਂਡੂ ਲੋਕਾਂ ਦੇ ਹੱਕਾਂ ਲਈ ਪਿਛਲੇ ਲੰਬੇ ਸਮੇ ਤੋ ਸੰਘਰਸ਼ਸੀਲ ਐਡਵੋਕੇਟ ਸਵਰਨਜੀਤ ਸਿੰਘ ਦਲਿਓ ਨੇ ਕਿਹਾ ਕਿ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਨੇ ਜਿਵੇ ਕਿਸਾਨਾਂ ਦੀਆਂ ਮੋਟਰਾਂ ਦੇ ਬਿੱਲ ਮੁਆਫ ਕੀਤੇ ਹਨ ਅਤੇ ਦਲਿਤਾਂ ਨੂੰ 200 ਯੂਨਿਟ ਮੁਫਤ ਬਿਜਲੀ ਦੀ ਸਹੂਲਤ ਪ੍ਰਦਾਨ ਕਰਵਾਈ ਹੈ ਠੀਕ ਉਸੇ ਤਰਾਂ ਬੁਨਿਆਦੀ ਸਹੂਲਤਾਂ ਚ ਆਉਣ ਪੀਣ ਯੋਗ ਪਾਣੀ ਦੀ ਨਿਰਵਿਘਨ ਸਪਲਾਈ ਲਈ ਜਲ ਘਰਾਂ ਨੂੰ ਦਿੱਤੀ ਜਾਂਦੀ ਬਿਜਲੀ ਵੀ ਮੁਆਫ ਹੋਵੇ ਜਾਂ ਪਿੰਡਾਂ ਦੇ ਵਿਕਾਸ ਕੰਮਾਂ ਲਈ ਦਿੱਤੀਆਂ ਜਾਂਦੀਆਂ ਵਿੱਤੀ ਗ੍ਰਾਂਟਾ ਦੀ ਤਰਜ ‘ਤੇ ਜਲ ਸਕੀਮਾਂ ਨੂੰ ਚਲਾਉਣ ਲਈ ਵੀ ਗ੍ਰਾਂਟ ਦਾ ਸਥਾਈ ਪ੍ਰਬੰਧ ਬਣੇ, ਤਾਂ ਜੋ ਲੋਕਾਂ ਦੀ ਪੀਣ ਯੋਗ ਪਾਣੀ ਦੀ ਸਮੱਸਿਆ ਦਾ ਸਥਾਈ ਹੱਲ ਹੋਵੇ।