ਮਾਤ ਭਾਸ਼ਾ ਨਾਲ ਹੀ ਸਾਡੀ ਦੁਨੀਆਂ’ਚ ਪਹਿਚਾਣ ਹੈ : ਕਮਲਜੀਤ ਨੀਲੋਂ
Posted on:- 18-11-2014
-ਸ਼ਿਵ ਕੁਮਾਰ ਬਾਵਾ
ਨਿੱਕੀਆਂ ਕਰੂੰਬਲਾਂ ਪ੍ਰਕਾਸ਼ਨ ਵਲੋਂ ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਅਰੰਭੀ ਚੇਤਨਾ ਮੁਹਿੰਮ ਤਹਿਤ ਅੱਜ ਭਾਰਤੀ ਸਾਹਿਤ ਅਕੈਡਮੀ ਅਤੇ ਸ਼੍ਰੋਮਣੀ ਬਾਲ ਸਾਹਿਤ ਪੁਰਸਕਾਰ ਜੇਤੂ ਸਾਹਿਤਕਾਰ ਅਤੇ ਕਲਾਕਾਰ ਕਮਲਜੀਤ ਨੀਲੋਂ ਪਹਾੜੀ ਖਿੱਤੇ ਦੇ ਪਿੰਡ ਮਹਿਮਦੁਵਾਲ ਕਲਾ ਵਿਖੇ ਬੱਚਿਆਂ ਦੇ ਰੂ ਬਰੂ ਹੋਏ। ਉਹਨਾਂ ਦਾ ਸਵਾਗਤ ਕਰਦਿਆਂ ਬਲਜਿੰਦਰ ਮਾਨ ਨੇ ਕਿਹਾ ਕਿ ਪਿੱਤਲੇ ਤਿੰਨ ਦਹਾਕਿਆਂ ਤੋਂ ਨੀਲੋਂ ਨੇ ਬਾਲ ਸਾਹਿਤ ਅਤੇ ਬਾਲ ਸੱਭਿਆਚਾਰ ਨੂੰ ਨਵੀਂਆਂ ਤੇ ਨਰੋਈਆਂ ਲੀਹਾਂ ਪ੍ਰਦਾਨ ਕਰਨ ਦਾ ਬੀੜਾ ਚੁੱਕਿਆ ਹੋਇਆ ਹੈ। ਅਸੀਂ ਵੀ ਬਾਲ ਸਾਹਿਤ ਪ੍ਰਤੀ ਉਹਨਾਂ ਦੀ ਮਿਹਨਤ ਅਤੇ ਲਗਨ ਤੋਂ ਪ੍ਰੇਰਿਤ ਹੋ ਕੇ ਬਾਲ ਬਾਲ ਰਸਾਲੇ ਨਿੱਕੀਆਂ ਕਰੂੰਬਲਾਂ ਦਾ ਪ੍ਰਕਾਸ਼ਨ 19 ਸਾਲ ਤੋਂ ਕਰ ਰਹੇ ਹਾਂ। ਉਹਨਾਂ ਦਾ ਜ਼ਿਲ੍ਹਾ ਹੁਸ਼ਿਆਰਪੁਰ ਖਾਸ ਕਰਕੇ ਨਿੱਕੀਆਂ ਕਰੂੰਬਲਾਂ ਪਰਿਵਾਰ ਨਾਲ ਨਿੱਘਾ ਮੋਹ ਹੈ। ਇਥੋਂ ਅਰੰਭ ਕੀਤੇ ਬਾਲ ਕਾਫਲੇ ਅਤੇ ਬਾਲ ਸੱਭਿਆਚਾਰਕ ਮੇਲੇ ਨੀਲੋਂ ਦੀਆਂ ਪ੍ਰਾਪਤੀਆਂ ਦ ਸਿਰਕੱਢ ਹਾਸਲ ਹਨ।
ਇਸ ਮੌਕੇ ਕਮਲਜੀਤ ਨੀਲੋਂ ਨੇ ਬੱਚਿਆਂ ਨਾਲ ਸੰਵਾਦ ਰਚਾਉਂਦਿਆਂ ਕਿਹਾ ਕਿ ਜੇਕਰ ਸਾਡੀ ਪੂਰੀ ਦੁਨੀਆਂ ਵਿਚ ਵਿਚ ਪਛਾਣ ਹੈ ਤਾਂ ਉਹ ਮਾਂ ਬੋਲੀ ਪੰਜਾਬੀ ਕਰਕੇ ਹੀ ਹੈ। ਇਸ ਲਈ ਸਾਨੂੰ ਆਪਣੀ ਮਾਤ ਭਾਸ਼ਾ ਤੇ ਸਦਾ ਮਾਣ ਕਰਨਾ ਚਾਹੀਦਾ ਹੈ। ਯੂ ਐਨ ਓ ਵਰਗੀ ਸੰਸਥਾ ਵੀ ਸਾਡੀ ਬੋਲੀ ਦਾ ਲੋਹਾ ਮੰਨਦੀ ਹੈ। ਉਹਨਾਂ ਆਪਣੀ ਸਿਰਜਣ ਪ੍ਰਕਿਰਿਆ ਬਾਰੇ ਕਿਹਾ ਕਿ ਮਾਂ ਬਾਪ ਦੀ ਪ੍ਰੇਰਨਾ ਅਤੇ ਘਰ ਦੇ ਮਹੌਲ ਨੇਉਸਨੂੰ ਕਲਾਕਾਰੀ ਦੇ ਰਾਹ ਪਾਇਆ। ਉਸਨੇ ਅੱਜ ਤੱਕ ਜੋ ਕਮਾਇਆ ਹੈ ਸਿਰਫ ਆਪਣੀ ਮਾਂ ਬੋਲੀ ਕਰਕੇ ਹੀ ਕਮਾਇਆ ਹੈ। ਇਸ ਮੌਕੇ ਉਹਨਾਂ ਆਪਣੇ ਹਿੱਟ ਬਾਲ ਗੀਤ ਪੇਸ਼ ਕਰਕੇ ਬੱਚਿਆਂ ਨੂੰ ਖੂਬ ਖੁਸ਼ ਕੀਤਾ । ਇਸ ਮੌਕੇ ਪ੍ਰਧਾਨਗੀ ਮੰਡਲ ਵਲੋਂ ਬਲਜਿੰਦਰ ਮਾਨ ਦੇ ਗੀਤਾਂ ਦੀ ਨੀਲੋਂ ਦੀ ਆਵਾਜ਼ ਵਿਚ ਤਿਆਰ ਕੀਤੀ ਐਲਬਮ ਕਰੂੰਬਲਾਂ 2014 ਵੀ ਜਾਰੀ ਕੀਤੀ ਗਈ। ਇਸ ਮੌਕੇ ਹੋਰਨਾ ਤੋਂ ਇਲਾਵਾ ਕੁਲਦੀਪ ਕੌਰ ਬੈਂਸ, ਹਰਮਨਪ੍ਰੀਤ ਕੌਰ ,ਰਵਨੀਤ ਕੌਰ, ਤਨਵੀਰ ਮਾਨ ਸਮੇਤ ਕਰੂੰਬਲਾਂ ਪ੍ਰਕਾਸ਼ਨ ਦਾ ਅਮਲਾ , ਸਾਹਿਤਕਾਰ, ਬੱਚੇ ਸਾਹਿਤ ਪ੍ਰੇਮੀ ਅਤੇ ਮਾਪੇ ਹਾਜ਼ਰ ਸਨ।