ਪੰਜਾਬ 'ਚ ਮਿਉਂਸਪਲ ਚੋਣਾਂ ਜਨਵਰੀ 'ਚ ਕਰਵਾਈਆਂ ਜਾਣਗੀਆਂ : ਬਾਦਲ
Posted on:- 15-11-2014
ਡੇਰਾਬਸੀ : ਪੰਜਾਬ
ਵਿੱਚ ਨਗਰ ਨਿਗਮ ਅਤੇ ਨਗਰ ਕੌਂਸਲਾਂ ਦੀਆਂ ਚੋਣਾਂ ਜਨਵਰੀ 2015 ਵਿੱਚ ਕਰਵਾਈਆਂ
ਜਾਣਗੀਆਂ, ਜਿਸ ਲਈ ਪੁੱਖਤਾ ਪ੍ਰਬੰਧਾਂ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ। ਇਸ
ਗੱਲ ਦੀ ਜਾਣਕਾਰੀ ਮੁੱਖ ਮੰਤਰੀ ਪੰਜਾਬ ਸਰਦਾਰ ਪਰਕਾਸ ਸਿੰਘ ਬਾਦਲ ਨੇ ਡੇਰਾਬੱਸੀ ਨੇੜੇ
ਪੈਂਦੇ ਪਿੰਡ ਭਾਂਖਰਪੁਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ। ਮੁੱਖ ਮੰਤਰੀ
ਪੰਜਾਬ ਅੱਜ ਇਥੇ ਮੁੱਖ ਪ੍ਰਬੰਧਕ ਜਥੇਦਾਰ ਕੁਲਦੀਪ ਸਿੰਘ ਵੱਲੋਂ ਕਰਵਾਏ ਗਏ 21 ਲੋੜਵੰਦ
ਜੋੜਿਆਂ ਦੇ ਸਮੂਹਿਕ ਵਿਆਹ ਸਮਾਗਮ ਵਿੱਚ ਜੋੜਿਆਂ ਨੂੰ ਅਸ਼ੀਰਵਾਦ ਦੇਣ ਲਈ ਪੁੱਜੇ ਹੋਏ ਸਨ।
ਪੱਤਰਕਾਰਾਂ ਵੱਲੋਂ ਸ੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਰਿਸਤੇ ਵਿੱਚ ਪੈਦਾ ਹੋ
ਰਹੀਂ ਕੁੜੱਤਣ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ
ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਾ ਨੰਹੁ ਮਾਸ ਦਾ ਰਿਸਤਾ ਹੈ ਅਤੇ ਦੋਵਾਂ ਪਾਰਟੀਆਂ
ਵਿਚਕਾਰ ਬਹੁਤ ਹੀ ਖੁਸ਼ਗਵਾਰ ਮਾਹੌਲ ਹੈ ਅਤੇ ਇਹ ਰਿਸਤਾ ਇਸੇ ਤਰ੍ਹਾਂ ਕਾਇਮ ਰਹੇਗਾ।
ਉਨ੍ਹਾਂ ਕਿਹਾ ਕਿ ਮਿਊਂਸੀਪਲ ਚੋਣਾਂ ਵੀ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵੱਲੋਂ ਸਾਂਝੇ
ਤੌਰ 'ਤੇ ਲੜੀਆਂ ਜਾਣਗੀਆਂ। ਇਨ੍ਹਾਂ ਚੋਣਾਂ ਵਿੱਚ ਹੂੰਝਾਫੇਰ ਜਿੱਤ ਹਾਸ਼ਲ ਕੀਤੀ ਜਾਵੇਗੀ।
ਪੱਤਰਕਾਰਾਂ ਵੱਲੋਂ ਮਿÀੂਂਸੀਪਲ ਚੋਣਾਂ ਵੇਲੇ ਸੀਟਾਂ ਦੀ ਵੰਡ ਸਬੰਧੀ ਪੁੱਛੇ ਸਵਾਲ ਦੇ
ਜਵਾਬ ਵਿੱਚ ਉਨ੍ਹਾਂ ਆਖਿਆ ਕਿ ਇਸ ਵਿੱਚ ਕਿਸੇ ਕਿਸਮ ਦੀ ਦਿੱਕਤ ਨਹੀਂ ਆਵੇਗੀ ਅਤੇ ਦੋਵੇ
ਪਾਰਟੀਆਂ ਸੀਟਾਂ ਦਾ ਵੰਡ ਆਪਸ ਵਿੱਚ ਬੈਠ ਕੇ ਕਰਨਗੀਆਂ।
ਪੱਤਰਕਾਰਾਂ ਵੱਲੋਂ ਉਨ੍ਹਾਂ
ਵੱਲੋਂ ਚੀਨ ਦੇ ਕੀਤੇ ਦੌਰੇ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਚੀਨ
ਦਾ ਦੌਰਾ ਉਨ੍ਹਾਂ ਨੇ ਵਿਸ਼ੇਸ਼ ਤੌਰ 'ਤੇ ਪੰਜਾਬ ਵਿੱਚ ਮੱਛੀ ਪਾਲਣ ਦੇ ਧੰਦੇ ਨੂੰ
ਉਤਸ਼ਾਹਿਤ ਕਰਨ ਲਈ ਕੀਤਾ ਗਿਆ ਕਿਉਂਕਿ ਚੀਨ ਮੱਛੀ ਪਾਲਣ ਵਿੱਚ ਮੋਹਰੀ ਦੇਸ਼ ਹੈ ਅਤੇ ਚੀਨ
ਦੇ ਮੱਛੀ ਪਾਲਕਾਂ ਵੱਲੋਂ ਅਤਿ ਅਧੁਨਿਕ ਤਕਨੀਕਾਂ ਅਪਣਾਈਆਂ ਜਾ ਰਹੀਆਂ ਹਨ ਜਿਨ੍ਹਾਂ ਨੂੰ
ਕਿ ਪੰਜਾਬ ਵਿੱਚ ਵੀ ਲਿਆਂਦਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਪ੍ਰਤੀ ਹੈਕਟੇਅਰ
ਸਿਰਫ 6 ਟਨ ਮੱਛੀ ਉਤਪਾਦਨ ਹੁੰਦਾ ਹੈ ਜਦਕਿ ਚੀਨ ਵਿੱਚ ਪ੍ਰਤੀ ਹੈਕਟੇਅਰ 33 ਟਨ ਮੱਛੀ
ਦਾ ਰਿਕਾਰਡ ਉਤਪਾਦਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਹੁਣ ਰਵਾਇਤੀ ਫਸਲਾਂ
ਲਾਹੇਵੰਦ ਨਹੀਂ ਰਹੀਆਂ ਅਤੇ ਪੰਜਾਬ ਦੇ ਕਿਸਾਨਾਂ ਨੂੰ ਹੁਣ ਫਸਲੀ ਵਿਭਿੰਨਤਾ ਦੇ ਨਾਲ-ਨਾਲ
ਸਹਾਇਕ ਧੰਦਿਆਂ ਵੱਲ ਵੀ ਤਵਜੋ ਦੇਣੀ ਪਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਰਾਜ
ਵਿੱਚ ਮੱਛੀ ਪਾਲਣ ਦੇ ਨਾਲ-ਨਾਲ ਹੋਰਨਾਂ ਸਹਾਇਕ ਧੰਦਿਆਂ ਨੂੰ ਵੀ ਉਤਸਾਹਿਤ ਕਰੇਗੀ। ਮੁੱਖ
ਮੰਤਰੀ ਪੰਜਾਬ ਨੇ ਕਿਹਾ ਕਿ ਉਨ੍ਹਾਂ ਦਾ ਚੀਨ ਦੌਰਾ ਬੇਹੱਦ ਸਫ਼ਲ ਰਿਹਾ ਹੈ ਅਤੇ ਆਉਣ
ਵਾਲੇ ਸਮੇਂ ਵਿੱਚ ਇਸ ਦੇ ਸਾਰਥਿਕ ਨਤੀਜੇ ਸਾਹਮਣੇ ਆਉਣਗੇ।
ਪੱਤਰਕਾਰਾਂ ਵੱਲੋਂ
ਉਦਯੋਗਿਕ ਖੇਤਰ ਦੇ ਬੜਾਵੇ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਦੇਸ਼
ਤੇ ਲੰਮਾ ਚਿਰ ਰਾਜ ਕਰਨ ਵਾਲੀ ਕਾਂਗਰਸ ਪਾਰਟੀ ਨੇ ਹਮੇਸ਼ਾਂ ਪੰਜਾਬ ਨਾਲ ਮਤਰੇਈ ਮਾਂ ਵਾਲਾ
ਸਲੂਕ ਕੀਤਾ ਅਤੇ ਕਾਂਗਰਸ ਹਮੇਸ਼ਾਂ ਪੰਜਾਬ ਵਿਰੋਧੀ ਰਹੀਂ ਜਿਸ ਕਾਰਨ ਪੰਜਾਬ ਨੂੰ ਖਾਸ
ਕਰਕੇ ਉਦਯੋਗਿਕ ਖੇਤਰ ਵਿੱਚ ਵੱਡੀ ਢਾਹ ਲੱਗੀ ਅਤੇ ਕੇਂਦਰ ਨੇ ਸੋਚੀ ਸਮਝੀ ਸਾਜਿਸ ਹੇਠ
ਪੰਜਾਬ ਨੂੰ ਕੋਈ ਵੀ ਵੱਡਾ ਪ੍ਰੋਜੈਕਟ ਨਹੀਂ ਦਿੱਤਾ ਬਲਕਿ ਗੁਆਂਢੀ ਰਾਜਾਂ ਨੂੰ ਉਦਯੋਗਿਕ
ਖੇਤਰ ਵਿੱਚ ਵਿਸ਼ੇਸ ਰਿਆਇਤਾ ਦੇ ਕੇ ਪੰਜਾਬ ਦਾ ਨੁਕਸਾਨ ਕੀਤਾ ਅਤੇ ਕਈ ਉਦਯੋਗ ਗੁਆਂਢੀ
ਰਾਜਾਂ ਵਿੱਚ ਤਬਦੀਲ ਹੋ ਗਏ। ਉਨ੍ਹਾਂ ਕਿਹਾ ਕਿ ਹੁਣ ਕੇਂਦਰ ਵਿੱਚ ਐਨ.ਡੀ.ਏ ਦੀ ਸਰਕਾਰ
ਬਣਨ ਨਾਲ ਪੰਜਾਬ ਵਿੱਚ ਉਦਯੋਗਿਕ ਕਾਂ੍ਰਤੀ ਆਵੇਗੀ ਅਤੇ ਪੰਜਾਬ ਵਿੱਚ ਵੱਡੇ-ਵੱਡੇ
ਉਦਯੋਗਿਕ ਘਰਾਣੇ ਉਦਯੋਗ ਸਥਾਪਿਤ ਕਰਨ ਲਈ ਦਿਲਚਸਪੀ ਦਿਖਾ ਰਹੇ ਹਨ।
ਬਾਅਦ ਵਿੱਚ
ਮੁੱਖ ਮੰਤਰੀ ਪੰਜਾਬ ਸਰਦਾਰ ਪਰਕਾਸ ਸਿੰਘ ਬਾਦਲ ਨੇ ਲੋੜਵੰਦ ਜੋੜਿਆਂ ਦੇ ਸਮੁਹਿਕ ਵਿਆਹ
ਸਮਾਗਮ ਮੌਕੇ ਨਵੇਂ ਵਿਆਹੇ ਜੋੜਿਆਂ ਨੂੰ ਅਸ਼ੀਰਵਾਦ ਦਿੰਦਿਆ ਉਨ੍ਹਾਂ ਦੇ ਉਜੱਵਲੇ ਭਵਿੱਖ
ਦੀ ਕਾਮਨਾ ਕੀਤੀ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਮੁਬਾਰਕਬਾਦ ਵੀ ਦਿੱਤੀ। ਉਨ੍ਹਾਂ ਇਸ
ਮੌਕੇ ਜਥੇਦਾਰ ਕੁਲਦੀਪ ਸਿੰਘ ਵੱਲੋਂ ਕਰਵਾਏ ਗਏ ਸਮੂਹਿਕ ਵਿਆਹਾਂ ਲਈ ਵਧਾਈ ਦਿੰਦਿਆ ਕਿਹਾ
ਕਿ ਉਨ੍ਹਾ ਵੱਲੋਂ ਵਿਲੱਖਣ ਕਾਰਜ ਕਰਕੇ ਸਮਾਜ ਸੇਵਾ ਦਾ ਸਭ ਤੋਂ ਵੱਡਾ ਕਾਰਜ ਕੀਤਾ ਗਿਆ
ਹੈ। ਇਸ ਮੌਕੇ ਮੁੱਖ ਮੰਤਰੀ ਪੰਜਾਬ ਸਰਦਾਰ ਪਰਕਾਸ ਸਿੰਘ ਬਾਦਲ ਨੂੰ ਮੁੱਖ ਪ੍ਰਬੰਧਕ
ਜਥੇਦਾਰ ਕੁਲਦੀਪ ਸਿੰਘ ਭਾਂਖਰਪੁਰ ਅਤੇ ਸੰਤ ਬਾਬਾ ਲੱਖਾ ਸਿੰਘ ਨਾਨਕਸਰ ਕਲੇਰਾ ਅਤੇ ਸੰਤ
ਬਾਬਾ ਗੁਰਦੇਵ ਸਿੰਘ ਨਾਨਕਸਰ ਚੰਡੀਗੜ੍ਹ ਵਾਲਿਆਂ ਨੇ ਸਨਮਾਨ ਚਿੰਨ ਅਤੇ ਸਿਰੋਪਾਓ ਭੇਂਟ
ਕੀਤਾ। ਇਥੇ ਇਹ ਵਰਣਨਯੋਗ ਹੈ ਕਿ 21 ਜੋੜਿਆਂ ਵਿਚੋਂ ਪੰਜ ਅਜਿਹੇ ਜੋੜੇ ਹਨ ਜਿਨ੍ਹਾਂ
ਦੇ ਮਾਂ-ਬਾਪ ਨਹੀਂ ਹਨ। ਹਰੇਕ ਜੋੜੇ ਨੂੰ ਵਿਆਹ ਵਿੱਚ 1 ਲੱਖ ਰੁਪਏ ਦੀ ਕੀਮਤ ਦਾ ਘਰੇਲੂ
ਦਾ ਸਮਾਨ ਵੀ ਦਿੱਤਾ ਗਿਆ। ਸਮੂਹਿਕ ਜੋੜਿਆਂ ਦੇ ਵਿਆਹ ਮੋਕੇ ਆਨੰਦਕਾਰਜਾਂ ਦੀ ਰਸ਼ਮ ਮੌਕੇ
ਭਾਈ ਰਵਿੰਦਰ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਨੇ ਪੰਜ ਲਾਵਾਂ ਦਾ ਪਾਠ ਕੀਤਾ
ਅਤੇ ਨਵ ਵਿਆਹੇ ਜੋੜਿਆਂ ਨੂੰ ਬਾਬਾ ਲੱਖਾ ਸਿੰਘ ਨਾਨਕਸਰ ਕਲੇਰਾ ਜਗਰਾਓ ਵਾਲੇ, ਬਾਬਾ
ਗੁਰਦੇਵ ਸਿੰਘ ਨਾਨਕਸਰ ਚੰਡੀਗੜ੍ਹ ਵਾਲੇ ਅਤੇ ਭਾਈ ਕੁਲਦੀਪ ਸਿੰਘ ਹਜੂਰੀ ਰਾਗੀ ਨਾਨਕਸਰ
ਕਲੇਰਾ ਵਾਲਿਆਂ ਨੇ ਵੀ ਆਪਣਾ ਅਸ਼ੀਰਵਾਦ ਦਿੱਤਾ। ਇਸ ਮੌਕੇ ਬਾਬਾ ਅਜੀਤ ਸਿੰਘ ਨਾਨਕਸਰ
ਚੰਡੀਗÎੜ੍ਹ, ਕਥਾ ਵਾਚਕ ਕਰਨੈਲ ਸਿੰਘ ਗਰੀਬ, ਰਾਗੀ ਗੁਰਚਰਨ ਸਿੰਘ ਰਸੀਆਂ, ਭਾਈ ਜੋਗਿੰਦਰ
ਸਿੰਘ ਰਿਆੜ ਨੇ ਵੀ ਸੰਗਤਾਂ ਨੂੰ ਕੀਰਤਨ ਨਾਲ ਨਿਹਾਲ ਕੀਤਾ। ਇਸ ਮੌਕੇ ਮੁੱਖ ਸੰਸਦੀ
ਸਕੱਤਰ ਅਤੇ ਹਲਕਾ ਵਿਧਾਇਕ ਡੇਰਾਬੱਸੀ ਸ੍ਰੀ ਐਨ.ਕੇ.ਸ਼ਰਮਾ, ਸਾਬਕਾ ਚੇਅਰਮੈਨ ਜ਼ਿਲ੍ਹਾ
ਯੋਜਨਾ ਕਮੇਟੀ ਪਟਿਆਲਾ ਸ੍ਰ: ਦੀਪਇੰਦਰ ਸਿੰਘ ਢਿੱਲੋ, ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਇੰਦਰ
ਮੋਹਨ ਸਿੰਘ ਭੱਟੀ, ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਪੂਨਮਦੀਪ ਕੌਰ, ਐਸ.ਡੀ.ਐਮ ਸ੍ਰੀ
ਸੰਜੀਵ ਕੁਮਾਰ, ਸ੍ਰ: ਹਰਜਿੰਦਰ ਸਿੰਘ ਰੰਗੀ, ਕ੍ਰਿਸ਼ਨ ਪਾਲ ਸ਼ਰਮਾ, ਸ੍ਰੀ ਭੁਪਿੰਦਰ ਸਿੰਘ
ਸੈਣੀ, ਸ੍ਰੀ ਗੁਰਚਰਨ ਸਿੰਘ, ਸ੍ਰੀ ਅਮਰ ਸਿੰਘ, ਸ੍ਰੀ ਸੁਖਵਿੰਦਰ ਸਿੰਘ, ਸ੍ਰੀ ਚਰਨ ਸਿੰਘ
ਰੜਕਾ, ਸ੍ਰੀ ਅਤਰ ਸਿੰਘ, ਸ੍ਰੀ ਬਿਸ਼ਨ ਸਿੰਘ, ਸ੍ਰੀ ਅਮਰਿੰਦਰ ਸਿੰਘ, ਸ੍ਰੀ ਸੁਰਿੰਦਰ
ਸਿੰਘ ਸਮੇਤ ਹੋਰ ਸਖ਼ਸ਼ੀਅਤਾਂ ਵੀ ਮੌਜੂਦ ਸਨ।