ਕੋਲਾ ਘਪਲਾ : ਕੇ ਐਮ ਬਿਰਲਾ ਤੇ ਸਾਬਕਾ ਕੋਲਾ ਸਕੱਤਰ ਪਾਰਖ ਖਿਲਾਫ਼ ਕਾਫ਼ੀ ਸਬੂਤ : ਸੀਬੀਆਈ
Posted on:- 10-11-2014
ਮਾਮਲੇ ਦੀ ਅਗਲੀ ਸੁਣਵਾਈ 25 ਨੂੰ
ਨਵੀਂ ਦਿੱਲੀ :
ਕੋਲਾ
ਖਦਾਨਾਂ ਦੀ ਵੰਡ ਵਿਚ ਹੋਏ ਘਪਲੇ ਦੇ ਮਾਮਲੇ ਵਿਚ ਸੀਬੀਆਈ ਨੇ ਅੱਜ ਆਪਣੇ ਰੁਖ ਵਿਚ
ਬਦਲਾਅ ਕਰਦਿਆਂ ਵਿਸ਼ੇਸ਼ ਅਦਾਲਤ ਨੂੰ ਦੱਸਿਆ ਕਿ ਉਦਯੋਗਪਤੀ ਕੁਮਾਰਮੰਗਲਮ ਬਿਰਲਾ, ਸਾਬਕਾ
ਕੋਲਾ ਸਕੱਤਰ ਪੀ.ਸੀ ਪਾਰਖ ਅਤੇ ਹੋਰਨਾਂ ਦੇ ਖਿਲਾਫ਼ ਇਸ ਮਾਮਲੇ ਵਿਚ ਨੋਟਿਸ ਲੈਣ ਲਈ ਚੋਖੇ
ਸਬੂਤ ਮੌਜੂਦ ਹਨ। ਅੱਜ ਸੀਬੀਆਈ ਨੇ ਵਿਸ਼ੇਸ਼ ਅਦਾਲਤ ਵਿਚ ਅਜਿਹੀ ਇਕ ਰਿਪੋਰਟ ਦਾਖ਼ਲ ਕੀਤੀ
ਹੈ
ਇਸ ਤੋਂ ਪਹਿਲਾਂ ਸੀਬੀਆਈ ਨੇ ਅਦਾਲਤ ਵਿਚ ਕੋਲਾ ਖਦਾਨਾਂ ਦੀ ਵੰਡ ਦੇ ਇਸ ਮਾਮਲੇ
ਨੂੰ ਬੰਦ ਕਰਨ ਲਈ ਕਲੋਜ਼ਰ ਰਿਪੋਰਟ ਦਾਖ਼ਲ ਕੀਤੀ ਸੀ। ਸੁਪਰੀਮ ਕੋਰਟ ਦੁਆਰਾ ਨਿਯੁਕਤ ਵਿਸ਼ੇਸ਼
ਸਰਕਾਰੀ ਵਕੀਲ ਆਰ.ਐਸ ਚੀਮਾ ਨੇ ਵਿਸ਼ੇਸ਼ ਜੱਜ ਭਾਰਤ ਪਰਾਸ਼ਰ ਦੇ ਸਾਹਮਣੇ ਇਕ ਹਲਫ਼ਨਾਮਾ
ਦਾਖ਼ਲ ਕੀਤਾ, ਜਿਸ 'ਚ ਕਿਹਾ ਗਿਆ ਕਿ ਪਹਿਲੀ ਨਜ਼ਰੇ ਅਜਿਹੇ ਸਬੂਤ ਉਪਲਬਧ ਹਨ ਜੋ ਇਸ
ਮਾਮਲੇ ਵਿਚ ਦੋਸ਼ੀਆਂ ਦੀ ਮਿਲੀਭੁਗਤ ਨੂੰ ਸਾਬਤ ਕਰਦੇ ਹਨ। ਸਰਕਾਰੀ ਵਕੀਲ ਨੇ ਜੱਜ ਸਾਹਮਣੇ
ਕਿਹਾ ਕਿ ਅਦਾਲਤ 21 ਅਕਤੂਬਰ ਨੂੰ ਦਾਖਲ ਮਾਮਲਾ ਬੰਦ ਕਰਨ ਸਬੰਧੀ ਰਿਪੋਰਟ ਤੇ ਨੋਟਿਸ ਲੈ
ਸਕਦੀ ਹੈ, ਕਿਉਂਕਿ ''ਦੋਸ਼ੀਆਂ ਦੀ ਸ਼ਮੂਲੀਅਤ ਨੂੰ ਲੈ ਕੇ ਉਨ੍ਹਾਂ ਦੇ ਖਿਲਾਫ਼ ਪਹਿਲੀ
ਨਜ਼ਰੇ ਚੋਖੇ ਸਬੂਤ ਹਨ।'' ਅਦਾਲਤ ਨੇ ਚੀਮਾ ਅਤੇ ਸੀਬੀਆਈ ਦੇ ਵਕੀਲ ਵੀ.ਕੇ ਸ਼ਰਮਾ ਅਤੇ ਏਪੀ
ਸਿੰਘ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਕਿਹਾ ਕਿ ਜਾਂਚ ਏਜੰਸੀ ਦੀ ਮਾਮਲਾ ਬੰਦ ਕਰਨ ਦੀ
ਰਿਪੋਰਟ ਉਤੇ 25 ਨਵੰਬਰ ਨੂੰ ਵਿਚਾਰ ਕੀਤਾ ਜਾਵੇਗਾ। ਜੱਜ ਨੇ ਕਿਹਾ ਕਿ ਵਿਸ਼ੇਸ਼ ਸਰਕਾਰੀ
ਵਕੀਲ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਤੱਥਾਂ ਅਤੇ ਪ੍ਰਸਥਿਤੀਆਂ ਦੇ ਮੱਦੇਨਜ਼ਰ ਕੋਲਾ
ਖਦਾਨਾਂ ਦੀ ਵੰਡ ਦੀ ਪ੍ਰਕਿਰਿਆ ਵਿਚ ਲਿਪਤ ਰਹੀਆਂ ਨਿਜੀ ਧਿਰਾਂ ਅਤੇ ਕੁਝ ਸਰਕਾਰੀ
ਅਧਿਕਾਰੀਆਂ ਦੇ ਖਿਲਾਫ਼ ਅਪਰਾਧਾਂ ਨੂੰ ਨੋਟਿਸ ਵਿਚ ਲੈਣ ਲਈ ਲੋੜੀਂਦੇ ਸਬੂਤ ਹਨ। ਅਦਾਲਤ
ਨੇ ਮਾਮਲਾ ਬੰਦ ਕਰਨ ਦੀ ਰਿਪੋਰਟ ਉਤੇ 25 ਨਵੰਬਰ ਨੂੰ ਆਪਣਾ ਪੱਖ ਪੇਸ਼ ਕਰਨ ਲਈ ਕਿਹਾ
ਹੈ।