ਬੱਬਰ ਖਾਲਸਾ ਤੇ ਖਾਲਿਸਤਾਨ ਟਾਈਗਰ ਫੋਰਸ ਨਾਲ ਸਬੰਧ ਰੱਖਣ ਦੇ ਦੋਸ਼ 'ਚ ਰਮਨਦੀਪ ਸਿੰਘ ਉਰਫ਼ ਸੰਨੀ ਗ੍ਰਿਫ਼ਤਾਰ
Posted on:- 09-11-2014
ਬੀ ਐਸ ਭੁੱਲਰ/ਬਠਿੰਡਾ : ਬੱਬਰ
ਖਾਲਸਾ ਤੇ ਖਾਲਿਸਤਾਨ ਟਾਈਗਰ ਫੋਰਸ ਨਾਲ ਸਬੰਧਤ ਇੱਕ ਨੌਜਵਾਨ ਨੂੰ ਗ੍ਰਿਫਤਾਰ ਕਰਕੇ
ਬਠਿੰਡਾ ਪੁਲਿਸ ਵੀ ਅੱਜ ਉਸ ਮੁਹਿੰਮ 'ਚ ਸ਼ਾਮਲ ਹੋ ਗਈ, ਦਹਿਸਤਗਰਦਾਂ ਨੂੰ ਕਾਬੂ ਕਰਨ ਲਈ
ਜੋ ਪਿਛਲੇ ਕੁਝ ਦਿਨਾਂ ਤੋਂ ਕੇਂਦਰੀ ਖ਼ੁਫੀਆ ਏਜੰਸੀਆਂ ਨਾਲ ਮਿਲਕੇ ਪੰਜਾਬ ਪੁਲਿਸ ਨੇ
ਸ਼ੁਰੂ ਕੀਤੀ ਹੋਈ ਹੈ।
ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਬਠਿੰਡਾ ਜ਼ੋਨ ਦੇ
ਇੰਸਪੈਕਟਰ ਜਨਰਲ ਆਫ ਪੁਲਿਸ ਪਰਮਰਾਜ ਸਿੰਘ ਉਮਰਾਨੰਗਲ ਨੇ ਦੱਸਿਆ ਕਿ ਖ਼ੁਫੀਆ ਇਤਲਾਹ ਮਿਲਣ
'ਤੇ ਡੀਐਸਪੀ ਗੁਰਦਰਸਨ ਸਿੰਘ ਦੀ ਅਗਵਾਈ ਹੇਠ ਸੀਆਈਏ ਸਟਾਫ ਦੀ ਟੀਮ ਨੇ ਕੈਂਟ ਰੋਡ
ਧੋਬੀਆਣਾ ਤੋਂ ਤੇਲੀਆਂ ਵਾਲਾ ਮੁਹੱਲਾ ਦੇ ਵਸਨੀਕ ਰਮਨਦੀਪ ਸਿੰਘ ਉਰਫ ਸਨੀ ਨੂੰ
ਗੈਰ-ਕਾਨੂੰਨੀ ਸਰਗਰਮੀਆਂ ਨੂੰ ਰੋਕਣ, ਅਸਲਾ ਐਕਟ ਅਤੇ ਵਿਸਫੋਟਕ ਐਕਟ ਦੀਆਂ ਵੱਖ-ਵੱਖ
ਧਰਾਵਾਂ ਤਹਿਤ ਗ੍ਰਿਫਤਾਰ ਕਰਕੇ ਕਿਸੇ ਵੱਡੀ ਵਾਰਦਾਤ ਨੂੰ ਰੋਕ ਲਿਆ ਹੈ। ਆਈਜੀ ਨੇ ਦੱਸਿਆ
ਕਿ ਸਨੀ ਪਹਿਲੇ ਪਹਿਲ ਬੱਬਰ ਖਾਲਸਾ ਨਾਲ ਜੁੜਿਆ ਹੋਇਆ ਸੀ, ਬਾਅਦ ਵਿੱਚ ਉਸ ਦਾ ਸਬੰਧ
ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕਾਂਡ ਦੇ ਭਗੌੜੇ ਦੋਸ਼ੀ ਜਗਤਾਰ ਸਿੰਘ ਤਾਰਾ ਵੱਲੋਂ
ਤਿਆਰ ਕੀਤੀ ਖਾਲਿਸਤਾਨ ਟਾਈਗਰ ਫੋਰਸ ਨਾਲ ਜੁੜ ਗਿਆ। ਉਨ੍ਹਾਂ ਦਾਅਵਾ ਕੀਤਾ ਕਿ ਤਾਰਾ ਨੇ
ਹੀ ਯੂਰਪ ਵਿਚਲੇ ਆਪਣੇ ਸੰਪਰਕਾਂ ਰਾਹੀਂ ਸਨੀ ਨੂੰ ਗੁਪਤ ਤੌਰ 'ਤੇ ਆਰਥਿਕ ਮੱਦਦ ਭੇਜੀ,
ਜਿਸ ਨਾਲ ਉਹ ਪਹਿਲਾਂ ਬੈਂਕਾਕ ਅਤੇ ਫਿਰ ਮਲੇਸੀਆ ਗਿਆ। ਪੁਲਿਸ ਦੇ ਦਾਅਵੇ ਅਨੁਸਾਰ ਉੱਥੇ
ਹੀ ਉਸ ਨੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਦੇ ਏਜੰਟਾਂ ਤੋਂ ਹਥਿਆਰ ਚਲਾਉਣ ਅਤੇ
ਬੰਬ ਬਣਾਉਣ ਦੀ ਟਰੇਨਿੰਗ ਹਾਸਲ ਕੀਤੀ। ਵਾਪਸ ਆ ਕੇ ਉਸ ਨੇ ਬੰਬ ਬਣਾਉਣ ਦਾ ਸਮਾਨ ਇਕੱਤਰ
ਕੀਤਾ, 32 ਬੋਰ ਦੇ ਇੱਕ ਰਿਵਾਲਵਰ ਤੇ ਕਾਰਤੂਸਾਂ ਸਮੇਤ ਜੋ ਪੁਲਿਸ ਨੇ ਉਸ ਤੋਂ ਅੱਜ
ਬਰਾਮਦ ਕਰ ਲਿਆ। ਦਸ ਜਮਾਤਾਂ ਪੜ੍ਹਿਆ ਇਹ 30 ਸਾਲਾ ਨੌਜਵਾਨ ਪਹਿਲਾਂ ਵੱਖ-ਵੱਖ ਮੋਬਾਇਲ
ਕੰਪਨੀਆਂ ਦੇ ਸੇਲਜਮੈਨ ਵਜੋਂ ਕੰਮ ਕਰਦਾ ਰਿਹਾ ਅਤੇ ਦੋ ਕੁ ਸਾਲ ਤੋਂ ਉਹ ਆਪਣੇ ਕਿਸੇ
ਰਿਸ਼ਤੇਦਾਰ ਦੀ ਸਪੇਅਰ ਪਾਰਟਸ ਦੀ ਦੁਕਾਨ 'ਤੇ ਲੱਗਾ ਹੋਇਆ ਸੀ। ਸ੍ਰ. ਉਮਰਾਨੰਗਲ ਅਨੁਸਾਰ
ਦਹਿਸ਼ਤਵਾਦੀ ਜਥੇਬੰਦੀਆਂ ਨਾਲ ਇਸਦਾ ਸਬੰਧ ਫੇਸਬੁੱਕ ਦੇ ਜ਼ਰੀਏ ਹੋਇਆ ਸੀ, ਜਿਸ ਦੇ ਚਲਦਿਆਂ
ਉਹ ਇੱਕ ਖਤਰਨਾਕ ਦਹਿਸਤਗਰਦ ਵਿੱਚ ਤਬਦੀਲ ਹੋ ਗਿਆ। ਉਨ੍ਹਾਂ ਦਾਅਵਾ ਕੀਤਾ ਕਿ ਅਗਲੀ
ਤਫ਼ਤੀਸ ਦੌਰਾਨ ਕਈ ਸਨਸਨੀਖੇਜ਼ ਇੰਕਸਾਫ ਹੋਣ ਦੀ ਸੰਭਾਵਨਾ ਹੈ। ਇੱਕ ਸਵਾਲ ਦੇ ਜਵਾਬ ਵਿੱਚ
ਸ੍ਰੀ ਉਮਰਾਨੰਗਲ ਨੇ ਮੰਨਿਆਂ ਕਿ ਇਸ ਅੱਤਵਾਦੀ ਦੀਆਂ ਤਾਰਾਂ ਵੀ ਉਸੇ ਗਰੋਹ ਨਾਲ ਜੁੜਦੀਆਂ
ਹਨ, ਜਿਸ ਦੇ ਕੁਝ ਮੈਂਬਰਾਂ ਨੂੰ ਕੇਂਦਰੀ ਖੁਫੀਆ ਏਜੰਸੀਆਂ ਦੀ ਮੱਦਦ ਨਾਲ ਪੰਜਾਬ ਪੁਲਿਸ
ਪਹਿਲਾਂ ਹੀ ਗਿਰਫਤਾਰ ਕਰ ਚੁੱਕੀ ਹੈ। ਇਸ ਮੌਕੇ ਡੀਆਈਜੀ ਅਮਰ ਸਿੰਘ ਚਹਿਲ ਤੇ ਐਸਐਸਪੀ
ਗੁਰਪ੍ਰੀਤ ਸਿੰਘ ਵੀ ਹਾਜ਼ਰ ਸਨ।