ਵਿਧਾਨ ਸਭਾ ਚੋਣਾਂ : 51 ਹਜ਼ਾਰ ਤੋਂ ਵਧ ਸੁਰੱਖਿਆ ਦਸਤੇ ਹੋਣਗੇ ਤਾਇਨਾਤ
Posted on:- 09-11-2014
ਨਵੀਂ ਦਿੱਲੀ : ਜੰਮੂ
ਕਸ਼ਮੀਰ ਅਤੇ ਝਾਰਖੰਡ ਵਿੱਚ ਸੁਤੰਤਰ ਅਤੇ ਨਿਰਪੱਖ਼ ਵਿਧਾਨ ਸਭਾ ਚੋਣਾਂ ਯਕੀਨੀ ਬਣਾਉਣ ਲਈ
ਕੇਂਦਰ ਨੇ ਅਰਧ ਸੈਨਿਕ ਦਸਤਿਆਂ ਦੇ 51 ਹਜ਼ਾਰ ਸੁਰੱਖਿਆ ਕਰਮੀਆਂ ਦੀ ਤਾਇਨਾਤੀ ਦਾ ਫੈਸਲਾ
ਲਿਆ ਹੈ। ਕੇਂਦਰੀ ਗ੍ਰਹਿ ਮੰਤਰਾਲੇ ਦੁਆਰਾ ਜਾਰੀ ਨਿਰਦੇਸ਼ ਮੁਤਾਬਕ ਚੋਣਾਂ ਸਬੰਧੀ ਕਾਰਜਾਂ
ਲਈ ਸੀਆਰਪੀਐਫ਼, ਬੀਐਸਐਫ਼, ਆਈਟੀਬੀਪੀ, ਸੀਆਈਐਸਐਫ਼ ਅਤੇ ਸੂਬਾ ਪੁਲਿਸ ਰਿਜ਼ਰਵ ਇਕਾਈਆਂ
ਜਿਹੇ ਵੱਖ-ਵੱਖ ਕੇਂਦਰੀ ਦਸਤਿਆਂ ਦੀਆਂ 381 ਕੰਪਨੀਆਂ ਨੂੰ ਜੰਮੂ ਕਸ਼ਮੀਰ ਜਾਣ ਦਾ ਹੁਕਮ
ਦਿੱਤਾ ਗਿਆ ਹੈ।
ਇਸੇ ਤਰ੍ਹਾਂ ਝਾਰਖੰਡ ਵਿੱਚ ਸੁਰੱਖਿਆ ਦਸਤਿਆਂ ਦੀਆਂ ਕੁੱਲ 136
ਕੰਪਨੀਆਂ ਨੂੰ ਚੋਣ ਕਮਿਸ਼ਨ ਅਧਿਕਾਰੀਆਂ ਦੇ ਸਾਹਮਣੇ ਰਿਪੋਰਟ ਕਰਨ ਲਈ ਕਿਹਾ ਗਿਆ ਹੈ।
ਸੁਰੱਖਿਆ ਦਸਤਿਆਂ ਦੀ ਇੱਕ ਕੰਪਨੀ ਵਿੱਚ ਕਰੀਬ 100 ਸੁਰੱਖਿਆ ਕਰਮੀ ਹੁੰਦੇ ਹਨ। ਇੱਕ
ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਦੋਵੇਂ ਸੂਬਿਆਂ ਜੰਮੂ ਕਸ਼ਮੀਰ ਤੇ ਝਾਰਖੰਡ ਵਿੱਚ ਘੁਸਪੈਠ
ਤੇ ਨਕਸਲ ਵਿਰੋਧੀ ਮੁਹਿੰਮਾਂ ਨਾਲ ਨਜਿੱਠਣ ਲਈ ਪਹਿਲਾਂ ਤੋਂ ਹੀ ਇੱਥੇ ਕੇਂਦਰੀ ਦਸਤੇ
ਤਾਇਨਾਤ ਹਨ ਅਤੇ ਇਨ੍ਹਾਂ ਨੂੰ ਉਥੇ ਵਾਧੂ ਸੁਰੱਖਿਆ ਦਸਤਿਆਂ ਦੀ ਤਾਇਨਾਤੀ ਵਜੋਂ ਨਿਯੁਕਤ
ਕੀਤਾ ਜਾਵੇਗਾ। ਹਾਲ ਹੀ ਵਿੱਚ ਇਨ੍ਹਾਂ ਦੀ ਤਾਇਨਾਤੀ ਦੇ ਹੁਕਮ ਵੀ ਦੇ ਦਿੱਤੇ ਗਏ ਹਨ।
ਤਾਜ਼ਾ ਅੰਕੜਿਆਂ ਮੁਤਾਬਕ ਜੰਮੂ ਕਸ਼ਮੀਰ ਦੇ ਅੰਦਰੂਨੀ ਇਲਾਕਿਆਂ ਵਿੱਚ ਬੀਐਸਐਫ਼ ਅਤੇ ਐਸਐਸਬੀ
ਜਿਹੇ ਕਈ ਹੋਰ ਸੁਰੱਖਿਆ ਦਸਤਿਆਂ ਤੋਂ ਇਲਾਵਾ ਉਥੇ ਰੋਜ਼ਾਨਾਸ ਸੁਰੱਖਿਆ ਕਾਰਜਾਂ ਲਈ
ਸੀਆਰਪੀਐਫ਼ ਦੀਆਂ ਕਰੀਬ 65 ਬਟਾਲੀਅਨਾਂ ਨੂੰ ਤਾਇਨਾਤ ਕੀਤਾ ਗਿਆ ਹੈ। ਇਨ੍ਹਾਂ ਨੂੰ ਰਾਜ
ਵਿੱਚ ਵਿਧਾਨ ਸਭਾ ਚੋਣਾਂ ਦੌਰਾਨ ਸੁਰੱਖਿਆ ਦੇ ਲਿਹਾਜ ਨਾਲ ਵੀ ਤਾਇਨਾਤ ਕੀਤਾ ਜਾਂਦਾ ਹੈ।
ਝਾਰਖੰਡ ਵਿੱਚ ਸੀਆਰਪੀਐਫ਼ ਦੀਆਂ ਕਰੀਬ 25 ਬਟਾਲੀਅਨਾਂ ਹਨ ਜੋ ਹੋਰ ਅਰਧ ਸੈਨਿਕ ਦਸਤਿਆਂ
ਦੀਆਂ ਇਕਾਈਆਂ ਨਾਲ ਨਕਸਲੀਆਂ ਖਿਲਾਫ਼ ਜ਼ਿੰਮੇਵਾਰੀਆਂ ਨਿਭਾਅ ਰਹੀਆਂ ਹਨ। ਅਧਿਕਾਰੀ ਨੇ
ਦੱਸਿਆ ਕਿ ਇਨ੍ਹਾਂ ਨਵੀਆਂ ਇਕਾਈਆਂ ਨੂੰ ਦੋਵੇਂ ਸੂਬਿਆਂ ਵਿੱਚ ਚੋਣ ਕਮਿਸ਼ਨ ਦੇ ਹੁਕਮ
ਮੁਤਾਬਕ ਹੀ ਤਾਇਨਾਤ ਕੀਤਾ ਜਾਵੇਗਾ ਅਤੇ ਖੁਫ਼ੀਆ ਸੂਚਨਾਵਾਂ ਤੇ ਇਨ੍ਹਾਂ ਇਲਾਕਿਆਂ ਵਿੱਚ
ਮੁਹਿੰਮ ਨਾਲ ਸਬੰਧਤ ਸੂਚਨਾਵਾਂ ਦੇ ਆਦਾਨ ਪ੍ਰਦਾਨ ਲਈ ਇਨ੍ਹਾਂ ਦਾ ਮੌਜੂਦਾ ਇਕਾਈਆਂ ਨਾਲ
ਸੰਪਰਕ ਬਣਿਆ ਰਹੇਗਾ। ਜ਼ਿਕਰਯੋਗ ਹੈ ਕਿ ਜੰਮੂ ਤੇ ਕਸ਼ਮੀਰ ਅਤੇ ਝਾਰਖੰਡ ਵਿੱਚ 25 ਨਵੰਬਰ
ਅਤੇ 20 ਦਸੰਬਰ ਦੇ ਦਰਮਿਆਨ ਪੰਜ ਗੇੜਾਂ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ, ਜਦਕਿ
ਵੋਟਾਂ ਦੀ ਗਿਣਤੀ 23 ਦਸੰਬਰ ਨੂੰ ਹੋਵੇਗੀ।