50 ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਦੇ ਮਾਮਲੇ 'ਚ ਬਾਲ ਸੁਰੱਖਿਆ ਅਫ਼ਸਰ ਸਣੇ 2 ਕਾਬੂ
      
      Posted on:- 07-11-2014
      
      
            
      
ਲੁਧਿਆਣਾ : ਸੀਨੀਅਰ
 ਕਪਤਾਨ ਪੁਲਿਸ, ਵਿਜੀਲੈਂਸ ਬਿਊਰੋ, ਸਤਿੰਦਰ ਸਿੰਘ ਨੇ ਦੱਸਿਆ ਕਿ ਵਿਜੀਲੈਂਸ ਬਿਊੁਰੋ, 
ਲੁਧਿਆਣਾ ਦੀ ਟੀਮ, ਜਿਸ ਦੀ ਅਗਵਾਈ ਡੀਐਸਪੀ ਬਿਕਰਮਜੀਤ ਸਿੰਘ ਕਰ ਰਹੇ ਸਨ, ਵੱਲੋਂ 
ਐਫਆਈਆਰ ਨੰਬਰ 21 ਮਿਤੀ 7 ਨਵੰਬਰ 2014 ਅ/ਧ 7,8,13(2)1988 ਪੀਸੀ ਐਕਟ ਅਤੇ 
419,420,120-ਬੀ ਆਈਪੀਸੀ, ਥਾਣਾ ਵਿਜੀਲੈਂਸ ਬਿਊੁਰੋ, ਲੁਧਿਆਣਾ ਵਿੱਚ ਸ਼ਿਲਪਾ ਜਿੰਦਲ, 
ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ, ਲੁਧਿਆਣਾ ਅਤੇ ਦੋਸ਼ੀ ਰਵੀ ਪ੍ਰਕਾਸ਼ ਦੁਬੇ ਨੂੰ ਗ੍ਰਿਫ਼ਤਾਰ 
ਕੀਤਾ ਗਿਆ ਹੈ। ਮੁੱਦਈ ਪਰਮਜੀਤ ਕੌਰ ਨੇ ਵਿਜੀਲੈਂਸ ਬਿਊੁਰੋ ਨੂੰ ਦੱਸਿਆ ਕਿ ਉਸ ਦਾ 
ਦਾਮਾਦ ਐਮਡੀ ਅਬਦੁੱਲਾ, ਜੋ ਕਿ ਤਿਹਾੜ ਜੇਲ੍ਹ, ਦਿੱਲੀ ਵਿਖੇ ਬੰਦ ਹੈ, ਦੀ ਇਕ ਪਹਿਲੇ 
ਵਿਆਹ ਤੋਂ ਬੇਟੀ ਅੰਜੂਮਨ ਉਮਰ ਕਰੀਬ 7 ਸਾਲ ਸਾਡੇ ਪਾਸ ਰਹਿ ਰਹੀ ਹੈ ਅਤੇ ਵਿਸ਼ੇਸ਼ ਲੋੜਾਂ 
ਨਾਲ ਸਬੰਧਤ ਹੈ। 
                             
ਐਮਡੀ ਅਬਦੁੱਲਾ ਨੇ ਤਿਹਾੜ ਜੇਲ੍ਹ ਵਿੱਚੋਂ ਭਾਰਤ ਸਰਕਾਰ ਦੇ ਮਹਿਲਾ
 ਅਤੇ ਬਾਲ ਵਿਕਾਸ ਮੰਤਰਾਲੇ ਨੂੰ ਚਿੱਠੀ ਲਿਖੀ ਕਿ ਮੇਰੀ ਬੱਚੀ ਜੋ ਕਿ ਮੇਰੇ ਸਹੁਰੇ 
ਪਰਿਵਾਰ ਪਾਸ ਹੈ, ਨੂੰ ਗੌਰਮਿੰਟ ਆਪਣੀ ਹਿਫਾਜਤ ਵਿੱਚ ਲਵੇ ਕਿਉਂਕਿ ਉਹ ਨਹੀਂ ਚਾਹੁੰਦਾ 
ਕਿ ਉਸ ਦੀ ਬੱਚੀ ਉਸ ਦੇ ਸਹੁਰੇ ਪਰਿਵਾਰ ਪਾਸ ਰਹੇ। ਭਾਰਤ ਸਰਕਾਰ ਦੇ ਉਕਤ ਵਿਭਾਗ ਵੱਲੋਂ 
ਇਹ ਚਿੱਠੀ ਸਮਾਜਿਕ ਸੁਰੱਖਿਆ ਅਤੇ ਇਸਤਰੀ ਅਤੇ ਬਾਲ ਵਿਕਾਸ, ਪੰਜਾਬ ਸਰਕਾਰ ਰਾਹੀਂ 
ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ, ਲੁਧਿਆਣਾ ਪਾਸ ਆ ਗਈ। ਇਸ ਚਿੱਠੀ ਤੋਂ ਬਾਅਦ ਜ਼ਿਲ੍ਹਾ 
ਬਾਲ ਸੁਰੱਖਿਆ ਅਧਿਕਾਰੀ ਸ਼੍ਰੀਮਤੀ ਸ਼ਿਲਪਾ ਜਿੰਦਲ ਵੱਲੋਂ ਵੈਰੀਫਿਕੇਸ਼ਨ ਤੋਂ ਬਾਅਦ ਡਿਪਟੀ 
ਕਮਿਸ਼ਨਰ, ਲੁਧਿਆਣਾ ਤੋਂ ਇਹ ਹੁਕਮ ਲੈ ਲਏ ਕਿ ਇਹ ਬੱਚਾ ਆਲ ਇੰਡੀਆ ਸੁਸਾਇਟੀ, 
ਪਿੰਗਲਵਾੜਾ, ਅੰਮ੍ਰਿਤਸਰ ਵਿਖੇ ਦਾਖ਼ਲ ਕਰਵਾ ਦੇਣਾ ਚਾਹੀਦਾ ਹੈ। 
ਇਸ ਦੌਰਾਨ ਸ਼ਿਲਪਾ 
ਜਿੰਦਲ, ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਸ੍ਰੀਮਤੀ ਪਰਮਜੀਤ ਕੌਰ ਨੂੰ ਇਹ ਦੱਸਦੀ ਰਹੀ ਕਿ 
ਇੰਨ੍ਹਾਂ ਕੰਮਾਂ 'ਤੇ ਲੱਖਾਂ ਰੁਪੈ ਖਰਚ ਹੁੰਦੇ ਹਨ। ਉਸ ਨੇ ਇਹ ਵੀ ਕਿਹਾ ਕਿ ਉਸਦੇ 
ਸੀਨੀਅਰ ਅਫ਼ਸਰ ਪੰਕਜ ਨਾਲ ਗੱਲ ਕੀਤੀ ਜਾਵੇ। ਸ੍ਰੀਮਤੀ ਪਰਮਜੀਤ ਕੌਰ ਨੇ ਪੰਕਜ ਨਾਲ ਗੱਲ 
ਕੀਤੀ ਤਾਂ ਪੰਕਜ ਨੇ ਕਿਹਾ ਕਿ ਤੁਹਾਡਾ ਕੇਸ ਬਹੁਤ ਮੁਸ਼ਕਿਲ ਹੈ।ਤੁਹਾਡੇ ਬੱਚੇ ਨੂੰ 
ਅੰਮ੍ਰਿਤਸਰ ਪਿੰਗਲਵਾੜਾ ਵਿੱਚ ਭੇਜਣ ਲਈ 70,000/-ਰੁਪੈ ਲੱਗਣਗੇ। ਮੈਂ ਆਪਣੇ ਬੰਦੇ ਰਵੀ 
ਨੂੰ ਭੇਜ ਦੇਵਾਗਾਂ ਤੁਸੀਂ ਆਪਣੇ ਪੈਸੇ ਉਸ ਨੂੰੰ ਦੇ ਦਿਉ। ਅੱਜ ਵਿਜੀਲੈਂਸ ਬਿਉਰੋ, 
ਲੁਧਿਆਣਾ ਨੇ ਰਵੀ ਨੂੰ 50,000/-ਰੁਪੈ ਬਤੌਰ ਰਿਸ਼ਵਤ ਸ੍ਰੀਮਤੀ ਪਰਮਜੀਤ ਕੌਰ ਪਾਸੋਂ 
ਲੈਂਦਿਆਂ ਮੌਕਾ 'ਤੇ ਰੰਗੇ ਹੱਥੀਂ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਗ੍ਰਿਫ਼ਤਾਰ ਕੀਤਾ। 
ਰਵੀ
 ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਮੈਨੂੰ ਤਾਂ ਮੇਰੇ ਮਾਲਕ ਰੋਹਿਤ ਜਿੰਦਲ ਨੇ ਪੈਸੇ ਲੈਣ 
ਲਈ ਭੇਜਿਆ ਹੈ ਅਤੇ ਉਸ ਨੇ ਕਿਹਾ ਸੀ ਕਿ ਪੰਕਜ ਦਾ ਨਾਮ ਲੈ ਕੇ ਹੀ ਪਰਮਜੀਤ ਕੌਰ ਨੂੰ 
ਮਿਲਣਾ ਅਤੇ ਪੰਕਜ ਦਾ ਨਾਮ ਲੈ ਕੇ ਹੀ ਪੈਸੇ ਮੰਗਣੇ। ਇਸ ਲੜੀ ਵਿੱਚ ਸ਼ਿਲਪਾ ਜਿੰਦਲ ਤੋਂ 
ਪੁੱਛ ਗਿਛ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਪੰਕਜ ਕੋਈ ਸਰਕਾਰੀ ਅਫ਼ਸਰ ਨਹੀਂ, ਉਹ ਮੇਰਾ 
ਸਕਾ ਭਰਾ ਰੋਹਿਤ ਜਿੰਦਲ ਹੈ ਅਤੇ ਅਸੀਂ ਦੋਹਾਂ ਨੇ ਰਲ ਕੇ ਇਹ ਸਕੀਮ ਬਣਾਈ ਸੀ, ਤਾਂ ਕਿ 
ਪਰਮਜੀਤ ਕੌਰ ਤੋਂ ਪੈਸੇ ਲੈ ਸਕੀਏ ਅਤੇ ਰੋਹਿਤ ਜਿੰਦਲ ਹੀ ਪੰਕਜ ਬਣ ਕੇ ਸ੍ਰੀਮਤੀ ਪਰਮਜੀਤ
 ਕੌਰ ਨਾਲ ਗੱਲ ਕਰਦਾ ਸੀ, ਜਿਸ 'ਤੇ ਉਕਤ ਦੋਸ਼ੀਆਂ ਖ਼ਿਲਾਫ ਮੁਕੱਦਮਾ ਨੰਬਰ 21 ਮਿਤੀ 
7-11-2014 ਅ/ਧ 7,8,13(2)1988 ਪੀਸੀ ਐਕਟ ਅਤੇ 419,420,120-ਬੀ ਆਈ.ਪੀ.ਸੀ, ਥਾਣਾ 
ਵਿਜੀਲੈਂਸ ਬਿਉਰੋ, ਲੁਧਿਆਣਾ ਵਿਖੇ ਦਰਜ ਕੀਤਾ ਗਿਆ। ਦੋਸ਼ੀ ਸ੍ਰੀਮਤੀ ਸ਼ਿਲਪਾ ਜਿੰਦਲ, 
ਜ਼ਿਲ੍ਹਾ ਬਾਲ ਸੁਰੱਖਿਆ ਅਫਸਰ, ਲੁਧਿਆਣਾ ਅਤੇ ਰਵੀ ਪ੍ਰਸ਼ਾਦ ਦੁਬੇ, ਪ੍ਰਾਈਵੇਟ ਵਿਅਕਤੀ 
ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਰੋਹਿਤ ਜਿੰਦਲ ਪੁੱਤਰ ਵਿਜੈ ਜਿੰਦਲ ਦੀ ਭਾਲ ਜਾਰੀ ਹੈ । 
ਹੋਰ ਤਫਤੀਸ਼ ਜਾਰੀ ਹੈ।