ਇਜ਼ਰਾਇਲ ਤੇ ਭਾਰਤ ਵੱਲੋਂ ਤਿੰਨ ਸਮਝੌਤਿਆਂ 'ਤੇ ਹਸਤਾਖ਼ਰ
Posted on:- 07-11-2014
ਤਲਅਬੀਬ : ਕੇਂਦਰੀ
ਗ੍ਰਹਿ ਮੰਤਰੀ ਰਾਜਨਾਥ ਸਿੰਘ ਦਾ ਬੀਤੇ ਦਿਨ ਇਜ਼ਰਾਇਲ ਪਹੁੰਚਣ 'ਤੇ ਭਰਵਾਂ ਸਵਾਗਤ ਕੀਤਾ
ਗਿਆ। ਉਨ੍ਹਾਂ ਨੇ ਕਿਹਾ ਕਿ ਭਾਰਤ-ਇਜ਼ਰਾਇਲ ਵਿਚਾਲੇ ਸਬੰਧ ਵਧੀਆ ਹਨ, ਅਸੀਂ ਇਨ੍ਹਾਂ
ਸਬੰਧਾਂ ਨੂੰ ਨਵੀਆਂ ਦਿਸ਼ਾਵਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ।
ਭਾਰਤ ਅਤੇ
ਇਜ਼ਰਾਇਲ ਨੇ ਅੰਦਰੂਨੀ ਸੁਰੱਖਿਆ ਨਾਲ ਜੁੜੇ ਤਿੰਨ ਸਮਝੌਤਿਆਂ 'ਤੇ ਹਸਤਾਖ਼ਰ ਕੀਤੇ ਹਨ, ਜਿਸ
ਵਿੱਚ ਸੰਗਠਿਤ ਅਪਰਾਧ, ਮਨੁੱਖੀ ਤਸਕਰੀ, ਸਾਇਬਰ ਅਪਰਾਧ, ਧੋਨ ਸੋਧਣ ਨੂੰ ਰੋਕਣ ਵਿੱਚ
ਸਹਿਯੋਗ, ਦਹਿਸ਼ਤਗਰਦੀ ਦਾ ਮੁਕਾਬਲਾ ਅਤੇ ਨਕਲੀ ਕਰੰਸੀ ਨੋਟਾਂ ਦੇ ਪ੍ਰਸਾਰ 'ਤੇ ਰੋਕ 'ਚ
ਸਹਿਯੋਗ ਵਰਗੇ ਮਹੱਤਵਪੂਰਨ ਖੇਤਰ ਸ਼ਾਮਲ ਹਨ।
ਕੇਂਦਰੀ ਗ੍ਰਹਿ ਮੰਤਰੀ ਸੁਰੱਖਿਆ ਸਬੰਧਾਂ
ਅਤੇ ਦਹਿਸ਼ਤਗਰਦੀ ਦੇ ਖਿਲਾਫ਼ ਲੜਾਈ ਸਮੇਤ ਵੱਖ-ਵੱਖ ਦੁਵੱਲੇ ਮੁੱਦਿਆਂ 'ਤੇ ਗੱਲਬਾਤ
ਕਰਨਗੇ। ਮਨਾਕੋ 'ਚ ਖ਼ਰਾਬ ਮੌਸਮ ਹੋਣ ਕਾਰਨ ਗ੍ਰਹਿ ਮੰਤਰੀ ਦੀ ਉਡਾਣ ਰੱਦ ਕਰ ਦਿੱਤੀ ਗਈ
ਸੀ, ਉਨ੍ਹਾਂ ਨੂੰ ਆਪਣੀ ਯੋਜਨਾ 'ਚ ਤਬਦੀਲੀ ਕਰਨੀ ਪਈ, ਉਹ ਸਥਾਨਕ ਸਮੇਂ ਅਨੁਸਾਰ
ਬੁੱਧਵਾਰ ਰਾਤ 10 ਵਜੇ ਇਜ਼ਰਾਇਲ ਪਹੁੰਚੇ। ਗ੍ਰਹਿ ਮੰਤਰੀ ਇੰਟਰਪੋਲ ਦੀ ਮਹਾਂ ਸਭਾ ਵਿੱਚ
ਸ਼ਾਮਲ ਹੋਣ ਲਈ ਮਨਾਕੋ ਗਏ ਸਨ।
ਇਜ਼ਰਾਇਲੀ ਪ੍ਰਧਾਨ ਮੰਤਰੀ ਦੇ ਦਫ਼ਤਰ ਨੇ ਪ੍ਰਧਾਨ ਮੰਤਰੀ
ਬੈਂਜਾਮਿਨ ਨੇਤਨਯਾਹੂ ਦੇ ਨਾਲ ਉਨ੍ਹਾਂ ਦੀ ਮੁਲਾਕਾਤ ਤੈਅ ਕਰ ਦਿੱਤੀ ਹੈ। ਇਜ਼ਰਾਇਲ
ਸਰਕਾਰ ਦੇ ਸੂਤਰ ਨੇ ਦੱਸਿਆ ਕਿ ਸਾਡੇ ਲਈ ਭਾਰਤ ਬਹੁਤ ਮਹੱਤਵਪੂਰਨ ਸਹਿਯੋਗੀ ਦੇਸ਼ ਹੈ
ਅਤੇ ਅਸੀਂ ਗ੍ਰਹਿ ਮੰਤਰੀ ਦੇ ਦੌਰੇ ਨੂੰ ਅਹਿਮ ਦੌਰੇ ਦੇ ਤੌਰ 'ਤੇ ਦੇਖ ਰਹੇ ਹਾਂ, ਅਸੀਂ
ਅਜਿਹੀ ਹਾਂ ਪੱਖ਼ੀ ਗੱਲਬਾਤ ਦੇ ਪੱਖ਼ ਵਿੱਚ ਹਾਂ, ਜਿਸ ਨਾਲ ਦੋਵਾਂ ਦੇਸ਼ਾਂ ਵਿਚਾਲੇ
ਸਹਿਯੋਗ ਹੋਰ ਵਧ ਮਜ਼ਬੂਤ ਹੋਵੇ।
ਜੂਨ 2000 ਤੋਂ ਬਾਅਦ ਕਿਸੇ ਭਾਰਤੀ ਗ੍ਰਹਿ ਮੰਤਰੀ
ਦੀ ਇਹ ਪਹਿਲਾ ਇਜ਼ਰਾਇਲ ਦੌਰਾ ਹੈ। ਜੂਨ 2000 'ਚ ਉਸ ਸਮੇਂ ਦੇ ਗ੍ਰਹਿ ਮੰਤਰੀ ਲਾਲ
ਕ੍ਰਿਸ਼ਨ ਅਡਵਾਨੀ ਯੇਰੂਸਲਮ ਗਏ ਸਨ, ਉਸ ਸਮੇਂ ਦੁਵੱਲੇ ਸਹਿਯੋਗ 'ਚ ਕਾਫ਼ੀ ਗਰਮਾਹਟ ਦਿਖ਼ਾਈ
ਦਿੱਤੀ ਸੀ। ਸਤੰਬਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਿਊਯਾਰਕ ਵਿੱਚ ਸੰਯੁਕਤ
ਰਾਸ਼ਟਰ ਮਹਾਂ ਸਭਾ ਦੇ ਸੈਸ਼ਨ ਤੋਂ ਇਲਾਵਾ ਨੇਤਨਯਾਹੂ ਨਾਲ ਮੁਲਾਕਾਤ ਕੀਤੀ ਸੀ, ਉਸ ਸਮੇਂ
ਨੇਤਨਯਾਹੂ ਨੇ ਭਾਰਤ ਦੇ ਨਾਲ ਵੱਡੇ ਪੱਧਰ 'ਤੇ ਸਹਿਯੋਗ ਵਧਾਉਣ ਦੀ ਇੱਛਾ ਪ੍ਰਗਟ ਕੀਤੀ
ਸੀ। ਰਾਜਨਾਥ ਇਜ਼ਰਾਇਲ ਦੇ ਸੁਰੱਖਿਆ ਮੰਤਰੀ ਜਿਤਯਾਕ ਅਹਰੋਨੋਵਿਚ ਅਤੇ ਰਾਸ਼ਟਰੀ ਸੁਰੱਖਿਆ
ਸਲਾਹਕਾਰ ਯੋਸੀ ਕੋਹੇਨ ਨਾਲ ਵੀ ਮੁਲਾਕਾਤ ਕਰਨਗੇ।