ਮੰਤਰੀਆਂ ਦੀ ਜਾਸੂਸੀ : ਧਰਮਿੰਦਰ ਪ੍ਰਧਾਨ ਦੇ ਦਫ਼ਤਰ ਅੱਗੇ ਦੋ ਗਾਰਡ, ਜੇਤਲੀ 'ਤੇ ਵੀ ਨਜ਼ਰ
Posted on:- 07-11-2014
ਕੇਂਦਰ ਦੀਆਂ ਸਾਰੀਆਂ ਯੋਜਨਾਵਾਂ ਗਰੀਬਾਂ ਤੇ ਲੋੜਵੰਦਾਂ ਨੂੰ ਸਮਰਪਿਤ
ਨਵੀਂ ਦਿੱਲੀ : ਪ੍ਰਧਾਨ
ਮੰਤਰੀ ਨਰਿੰਦਰ ਮੋਦੀ ਆਪਣੀ ਕੈਬਨਿਟ ਦੇ 44 ਮੰਤਰੀਆਂ ਦੇ ਕੰਮਕਾਜ 'ਤੇ ਤਿੱਖ਼ੀ ਨਜ਼ਰ ਰੱਖ
ਰਹੇ ਹਨ। ਸੂਤਰਾਂ ਅਨੁਸਾਰ ਇਸ ਕੰਮ ਲਈ ਉਨ੍ਹਾਂ ਨੇ ਆਪਣੇ ਸਭ ਤੋਂ ਭਰੋਸੇਮੰਗ ਅਤੇ
ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੂੰ ਜ਼ਿੰਮੇਵਾਰੀ ਸੌਂਪੀ ਹੈ। ਇਸ ਦੇ ਚੱਲਦਿਆਂ
ਕੇਂਦਰੀ ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਦੇ ਦਫ਼ਤਰ ਦੇ ਬਾਹਰ ਦੋ ਗਾਰਡ ਇਸੇ ਕੰਮ ਲਈ
ਤਾਇਨਾਤ ਕੀਤੇ ਗਏ ਹਨ। ਪਿਯੂਸ਼ ਗੋਇਲ ਦੇ ਕੰਮਕਾਜ 'ਤੇ ਵੀ ਨਜ਼ਰ ਰੱਖੀ ਜਾ ਰਹੀ ਹੈ। ਇਹੀ
ਨਹੀਂ, ਅਰੁਣ ਜੇਤਲੀ 'ਤੇ ਵੀ ਨਜ਼ਰ ਰੱਖ ਰਹੇ ਹਨ। ਇਸ ਦੇ ਚੱਲਦਿਆਂ ਕੇਂਦਰੀ ਮੰਤਰੀ ਵੀ
ਚੌਕੰਨੇ ਹੋ ਗਏ ਹਨ।
ਦੱਸਿਆ ਜਾ ਰਿਹਾ ਹੈ ਕਿ ਮੰਤਰੀ ਆਪਣੀ ਕਾਰ ਵਿੱਚ ਬੈਠਣ ਤੋਂ
ਪਹਿਲਾਂ ਇਸ ਦੀ ਜਾਂਚ ਕਰਵਾ ਦਿੰਦੇ ਹਨ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਕਾਰ ਵਿੱਚ
ਗੱਲਬਾਤ ਟੇਪ ਕਰਨ ਸਬੰਧੀ ਕੋਈ ਯੰਤਰ ਤਾਂ ਨਹੀਂ ਲੱਗੇ ਹਨ। ਇਸ ਕੰਮ 'ਚ ਕਈ ਮੰਤਰੀ
ਨਿੱਜੀ ਪ੍ਰੋਫੈਸ਼ਨਲਜ਼ ਦੀ ਵੀ ਸਹਾਇਤਾ ਲੈ ਰਹੇ ਹਨ। ਮੀਡੀਆ ਵਿੱਚ ਆਈਆਂ ਖ਼ਬਰਾਂ ਅਨੁਸਾਰ
ਮੋਦੀ ਨੇ ਆਪਣੇ ਮੰਤਰੀਆਂ ਨੂੰ ਵੀ ਕਹਿ ਰੱਖਿਆ ਹੈ ਕਿ ਉਹ ਕਿਸੇ ਵੀ ਤੱਥ ਅਤੇ ਤਕਨੀਕੀ
ਮਾਰਗ ਦਰਸ਼ਨ ਲਈ ਸਿੱਧੇ ਡੋਭਾਲ ਨਾਲ ਸੰਪਰਕ ਕਰ ਸਕਦੇ ਹਨ। ਦਰਅਸਲ ਇਸ ਪਿੱਛੇ ਮੰਤਰਾਲੇ ਦੇ
ਹਰ ਕੰਮਕਾਜ ਅਤੇ ਫੈਸਲੇ 'ਤੇ ਨਜ਼ਰ ਰੱਖਣ ਦਾ ਮਕਸਦ ਹੈ ਅਤੇ ਇਸ ਤਰ੍ਹਾਂ ਉਹ ਮੰਤਰੀਆਂ ਦੇ
ਕੰਮਕਾਜ ਨੂੰ ਡੋਭਾਲ ਦੀ ਮਦਦ ਨਾਲ ਸਿੱਧੇ ਮੋਨੀਟਰ ਕਰ ਰਹੇ ਹਨ।
ਇਸ ਤੋਂ ਇਲਾਵਾ
ਮਹੱਤਵਪੂਰਨ ਮੰਤਰਾਲਿਆਂ ਵਿੱਚ ਕਿਸੇ ਤਰ੍ਹਾਂ ਦੀ ਗਲਤੀ ਜਾਂ ਘੁਟਾਲੇ ਨਾ ਹੋਣ, ਇਸ ਲਈ
ਉਨ੍ਹਾਂ ਨੇ ਆਪਣੇ ਖਾਸ ਅਤੇ ਭਰੋਸੇਯੋਗ ਨੌਕਰਸ਼ਾਹਾਂ (ਇਸ ਵਿੱਚ ਜ਼ਿਆਦਾਤਰ ਗੁਜਰਾਤ ਤੋਂ)
ਰਾਹੀਂ ਹੀ ਸਿੱਧੀ ਪਹੁੰਚ ਬਣਾਈ ਹੋਈ ਹੈ। ਬੀਤੇ ਦਿਨੀਂ ਨੌਕਰਸ਼ਾਹਾਂ ਦੀ ਇੱਕ ਮੀਟਿੰਗ
ਦੌਰਾਨ ਮੋਦੀ ਨੇ ਉਨ੍ਹਾਂ ਨੂੰ ਕਿਹਾ ਵੀ ਸੀ ਕਿ ਉਹ ਉਨ੍ਹਾਂ ਨਾਲ ਸਿੱਧਾ ਸੰਪਰਕ ਕਰ ਸਕਦੇ
ਹਨ, ਜੇਕਰ ਉਨ੍ਹਾਂ ਦੇ ਸੀਨੀਅਰ ਅਧਿਕਾਰੀ ਜਾਂ ਮੰਤਰੀ ਉਨ੍ਹਾਂ 'ਤੇ ਕੁਝ ਵੀ ਅਜਿਹਾ ਕਰਨ
ਲਈ ਦਬਾਅ ਪਾਉਂਦੇ ਹਨ ਜੋ ਗੈਰ-ਕਾਨੂੰਨੀ ਹੋਵੇ।
---
ਸਾਂਸਦ ਪਿੰਡ ਨੂੰ ਨਹੀਂ, ਬਲਕਿ ਪਿੰਡ ਸਾਂਸਦ ਨੂੰ ਗੋਦ ਲੈਂਦਾ ਹੈ : ਮੋਦੀ
ਵਾਰਾਣਸੀ
: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਨੂੰ ਦੋ ਰੋਜ਼ਾ ਦੌਰੇ 'ਤੇ ਵਾਰਾਣਸੀ ਪਹੁੰਚ
ਗਏ ਹਨ। ਮੋਦੀ ਨੇ ਬੜਾ ਲਾਲਪੁਰ 'ਚ ਵਪਾਰ ਕੇਂਦਰ ਦਾ ਨੀਂਹ ਪੱਥਰ ਰੱਖਿਆ। ਸ੍ਰੀ ਮੋਦੀ ਨੇ
ਆਮ ਜਨਤਾ ਨੂੰ ਭਰੋਸਾ ਦਿਵਾਉਂਦਿਆਂ ਕਿਹਾ ਕਿ ਕੇਂਦਰ ਦੀਆਂ ਸਾਰੀਆਂ ਯੋਜਨਾਵਾਂ ਗਰੀਬਾਂ
ਤੇ ਦੁਖਆਰਿਆਂ ਨੂੰ ਸਮਰਪਿਤ ਹਨ। ਲਾਲਪੁਰ 'ਚ ਭਾਸ਼ਣ ਦੇਣ ਤੋਂ ਬਾਅਦ ਮੋਦੀ ਜਯਾਪੁਰ
ਪਹੁੰਚੇ। ਮੋਦੀ ਨੇ ਇੱਕ ਸਾਂਸਦ ਦੇ ਤੌਰ 'ਤੇ ਜਯਾਪੁਰ ਪਿੰਡ ਨੂੰ ਗੋਦ ਲਿਆ। ਨਰਿੰਦਰ
ਮੋਦੀ ਨੇ ਬਤੌਰ ਵਾਰਾਣਸੀ ਸਾਂਸਦ ਜਯਾਪੁਰ ਪਿੰਡ ਨੂੰ ਸਾਂਸਦ ਆਦਰਸ਼ ਗਰਾਮ ਯੋਜਨਾ ਲਈ
ਚੁਣਿਆ ਹੈ। ਪਿੰਡ ਜਯਾਪੁਰ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ
ਮੈਂ ਇਹ ਪਿੰਡ ਕਿਉਂ ਚੁਣਿਆ ਹੈ, ਲੋਕ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹਨ। ਉਨ੍ਹਾਂ
ਨੇ ਕਿਹਾ ਕਿ ਜਦੋਂ ਮੈਨੂੰ ਬੀਜੇਪੀ ਨੇ ਵਾਰਾਣਸੀ ਤੋਂ ਲੋਕ ਸਭਾ ਚੋਣ ਲੜਨ ਲਈ ਉਮੀਦਵਾਰ
ਐਲਾਨਿਆ ਤਾਂ ਉਸ ਤੋਂ ਕੁਝ ਸਮੇਂ ਬਾਅਦ ਮੈਨੂੰ ਜਾਣਕਾਰੀ ਮਿਲੀ ਕਿ ਜਯਾਪੁਰ ਵਿੱਚ ਅੱਗ
ਲੱਗਣ ਕਾਰਨ 5 ਵਿਅਕਤੀਆਂ ਦੀ ਮੌਤ ਹੋ ਗਈ। ਮੈਂ ਆਪਣੇ ਇਲਾਕੇ ਵਿੱਚ ਸਭ ਤੋਂ ਪਹਿਲਾਂ
ਵਾਰਾਣਸੀ 'ਚ ਇਸੇ ਪਿੰਡ ਦਾ ਨਾਂ ਸੁਣਿਆ ਸੀ। ਉਨ੍ਹਾਂ ਨੇ ਕਿਹਾ ਕਿ ਜਿਸ ਸਬੰਧ ਦੀ
ਸ਼ੁਰੂਆਤ ਦੁਖ ਦੇ ਸਮੇਂ ਤੋਂ ਹੁੰਦਾ ਹੈ, ਉਹ ਸਬੰਧ ਲੰਮੇ ਸਮੇਂ ਤੱਕ ਬਣ ਜਾਂਦਾ ਹੈ।