ਬੁਨਿਆਦੀ ਸਹੂਲਤਾਂ ਤੋਂ ਸੱਖਣੇ ਲੋਕਾਂ ਵੱਲੋਂ ਸਰਕਾਰ ਵਿਰੁੱਧ ਨਾਅਰੇਬਾਜ਼ੀ
Posted on:- 04-11-2014
-ਸ਼ਿਵ ਕੁਮਾਰ ਬਾਵਾ
ਹੁਸ਼ਿਆਰਪੁਰ: ਸੋਸ਼ਲ ਡੈਮੋਕੇ੍ਰਟਿਕ ਪਾਰਟੀ ਵਲੋਂ ਪ੍ਰਧਾਨ ਜੈ ਗੋਪਾਲ ਧੀਮਾਨ ਅਤੇ ਸੀਮਾ ਰਾਣੀ ਦੀ ਅਗਵਾਈ ਵਿਚ ਪਿੰਡ ਤੱਖਣੀ ਦੇ ਇਕ ਹਿੱਸੇ ਨੂੰ ਪਿੱਛਲੇ 34 ਸਾਲਾਂ ਤੋਂ ਪੀਣ ਵਾਲਾ ਪਾਣੀ ਨਾ ਮਿਲਣ, ਜੰਗਲੀ ਜਾਨਵਰਾਂ ਕਾਰਨ ਤਬਾਹ ਹੋ ਰਹੀਆਂ ਫਸਲਾਂ , ਸ਼ਮਸ਼ਾਨਘਾਟ ਨਾ ਹੋਣ , ਬਿਜਲੀ ਦੀਆਂ ਸੜੀਆਂ ਤਾਰਾਂ ਨੂੰ ਨਾ ਬਦਲਣ ਅਤੇ ਲੰਗੇ ਡੰਗ ਡਿਮ ਬਿਜਲੀ ਮਿਲਣ ਦੀਆਂ ਮੁਸ਼ਕਲਾਂ ਵੱਲ ਪੰਜਾਬ ਸਰਕਾਰ ਵਲੋਂ ਧਿਆਨ ਨਾ ਦੇਣ ਆਦਿ ਸਮੱਸਿਆਵਾਂ ਨੂੰ ਲੈ ਕੇ ਪਿੰਡ ਦੀਆਂ ਔਰਤਾਂ ਅਤੇ ਮਰਦਾਂ ਵਲੋਂ ਖਾਲੀ ਘੜੇ ਅਤੇ ਬਾਲਟੀਆਂ ਹੱਥਾਂ ਵਿਚ ਲੈ ਕੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਅਤੇ ਸਰਕਾਰ ਵਿਰੁੱਧ ਜੰਮਕੇ ਨਾਅਰੇਬਾਜ਼ੀ ਕੀਤੀ ਗਈ।
ਉਹਨਾਂ ਲੋਕਾਂ ਦੀਆਂ ਮੁਸ਼ਕਲਾਂ ਨੂੰ ਸੁਣਿਆਂ ਅਤੇ ਪੀੜਤ ਲੋਕਾਂ ਵਲੋਂ ਪਾਰਟੀ ਆਗੂਆਂ ਨੂੰ ਸਾਰੀਆਂ ਮੁਸ਼ਕਲਾਂ ਤੋਂ ਜਾਣੂ ਕਰਵਾਇਆ ਗਿਆ। ਇਸ ਮੌਕੇ ਸ੍ਰੀ ਧੀਮਾਨ ਨੇ ਦੱਸਿਆ ਕਿ ਲਗਭਗ 42 ਘਰਾਂ ਦੇ ਲੋਕਾਂ ਨਾਲ ਪੰਜਾਬ ਸਰਕਾਰ ਵਲੋਂ ਵਿਤਕਰੇ ਭਰੀ ਭਾਵਨਾ ਨਾਲ ਜਾਣਬੁਝ ਕੇ ਕੰਮ ਕੀਤਾ ਜਾ ਰਿਹਾ ਹੈ ਤਾਂ ਕਿ ਲੋਕ ਮੁਸਕਲਾਂ ਵਿਚ ਜਕੜੇ ਰਹਿਣ ਤੇ ਵੋਟਾਂ ਸਮੇਂ ਸਰਕਾਰ ਦੇ ਗੁਣਗਾਣ ਗਾਉਦੇ ਰਹਿਣ ਅਤੇ ਪਰ ਸਰਕਾਰ ਅਜਿਹਾ ਕਰਕੇ ਅਪਣੀਆਂ ਸੰਵਿਧਾਨਿਕ ਜਿੰਮੇਵਾਰੀਆਂ ਤੋਂ ਭਜ ਰਹੀ ਹੈ। ਇਹ ਹੈਰਾਨੀ ਦੀ ਗੱਲ ਹੈ ਕਿ ਲੋਕਾਂ ਨੂੰ ਸ਼ਮਸ਼ਾਨਘਾਟ ਵੀ ਨਸੀਬ ਨਹੀਂ ਹੈ।
ਕੰਢੀ ਇਲਾਕੇ ਦੇ ਲੋਕ ਵੱਡੀ ਗਿਣਤੀ ਵਿਚ ਦੇਸ਼ ਦੀ ਅਜ਼ਾਦੀ ਦੇ 68 ਸਾਲ ਬੀਤ ਜਾਣ ਦੇ ਬਾਵਜੂਦ ਵੀ ਨਰਕ ਭਰਿਆ ਬਿਨ੍ਹਾਂ ਮੁਢੱਲੀਆਂ ਸਹੂਲਤਾਂ ਤੋਂ ਜੀਵਨ ਬਤੀਤ ਕਰ ਰਹੇ ਹਨ। ਲੋਕ ਚੋਅ ਦੀਆਂ ਸੀਰਾਂ ਦਾ ਗੰਦਾ ਪ੍ਰਦੂਸ਼ਤ ਪੀਣ ਵਾਲਾ ਪਾਣੀ ਪੀਣ ਲਈ ਮਜਬੂਰ ਹਨ ਅਤੇ ਜਿਸ ਕਾਰਨ ਲੋਕਾਂ ਨੂੰ ਪਥੱਰੀਆਂ, ਪੀਲੀਏ, ਮਲੇਰੀਏ, ਪੇਟ ਦੇ ਕੀੜਿਆਂ ਦੀਆਂ ਆਮ ਬਿਮਾਰੀਆਂ ਰਹਿੰਦੀਆਂ ਹਨ ਤੇ ਉਨ੍ਹਾਂ ਦੇ ਛੋਟੇ ਛੋਟੇ ਬੱਚੇ ਵੀ ਸੰਤਾਪ ਭਰਿਆ ਜੀਵਨ ਬਚਪਨ ਤੋਂ ਬਤੀਤ ਕਰਦੇ ਹਨ, ਇਹ ਸਭ ਕੁਝ ਪੰਜਾਬ ਸਰਕਾਰ ਦੀਆਂ ਗਲੱਤੀਆਂ ਕਾਰਨ ਲੋਕਾਂ ਨੂੰ ਹਸਪਤਾਲਾਂ ਦੇ ਚਕੱਰ ਕਢਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਤੇ ਲੋਕਾਂ ਉਤੇ ਬੇਲੋੜਾ ਆਰਥਿਕ ਭਾਰ ਹੈ, ਵੱਡੀ ਗਿਣਤੀ ਵਿਚ ਲੋਕ ਪਥੱਰੀਆਂ ਆਦਿ ਦੇ ਓਪਰੇਸ਼ਨ ਵੀ ਕਰਵਾ ਚੁੱਕੇ ਹਨ।
ਉਹਨਾਂ ਦੱਸਿਆ ਕਿ ਇਲਾਕੇ ਦੇ ਮੈਂਬਰ ਪਾਰਲੀਮੈਂਟ ਨੂੰ ਵੀ ਹਰਿਆਣੇ ਵਿਖੇ ਲੱਗੇ ਖੁੱਲ੍ਹੇ ਦਰਬਾਰ ’ਚ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੂੰ 3 ਵਾਰ ਮੰਗ ਪੱਤਰ ਸੋਂਪਣ ਤੋਂ ਬਾਅਦ ਵੀ ਸਭ ਕੁਝ ਲਗਾਤਾਰ ਨਰਕ ਭਰਿਆ ਜੀਵਨ ਬਤੀਤ ਕਰਨ ਲਈ ਮਜਬੂਰ ਹਨ। ਕੰਢੀ ਇਲਾਕੇ ਵਿਚ ਥੋੜੀਆਂ ਥੋੜੀਆਂ ਜਮੀਨਾਂ ਹਨ ਤੇ ਬਹੁਤ ਸਾਰੇ ਕਿਸਾਨ ਤਾਂ ਹਾਲੇ ਵੀ ਕੁਦਰਤੀ ਸਾਧਨਾ ਉਤੇ ਨਿਰਭਰ ਹਨ, ਜਿਹੜੀ ਥੋੜੀ ਬਹੁਤੀ ਕੋਈ ਫਸਲ ਬੀਜ਼ ਦਾ ਹੈ ਉਹ ਜੰਗਲੀ ਜਾਨਵਰ ਹੀ ਜਿਆਦਾ ਤਰ ਖਰਾਬ ਕਰ ਦਿੰਦੇ ਹਨ, ਪਿੰਡ ਦੇ ਲੋਕ ਦਿਨ ਵੇਲੇ ਬਾਂਦਰਾਂ ਤੋਂ ਬਚਣ ਲਈ ਪੀਪੇ ਖੜਕਾਉਦੇ ਹਨ ਤੇ ਰਾਤ ਵੇਲੇ ਜੰਗਲੀ ਜਾਨਵਰਾਂ ਸੂਰਾ, ਨੀਲ ਗਾਵਾਂ, ਸੇਹ ਆਦਿ ਤੋਂਬਚਣ ਦੇ ਤਰ੍ਹਾਂ ਤਰ੍ਹਾਂ ਦੇ ਉਪਰਾਲੇ ਕਰਨ ਲਈ ਮਜ਼ਬੂਰ ਹਨ।
ਉਹਨਾਂ ਦੱਸਿਆ ਕਿ ਵਿਕਾਸ ਦੀਆਂ ਝੂਠੀਆਂ ਹਨੇਰੀਆਂ ਦਾ ਅਤੇ ਲੀਡਰਾਂ ਦੀਆਂ ਫੜਫੜੀਆਂ ਦਾ ਇਸ ਇਲਾਕੇ ਦੇ ਲੋਕਾਂ ਦੀ ਸਿਹਤ ਉਤੇ ਕੋਈ ਅਸਰ ਨਹੀਂ ਹੋ ਰਿਹਾ। ਜਿਆਦਾਤਰ ਲੀਡਰ ਲੋਕਾਂ ਨੂੰ ਵੋਟਾਂ ਵੇਲੇ ਹੀ ਮਿਲਦੇ ਹਨ ਤੇ ਉਸ ਸਮੇਂ ਵਾਟਰ ਸਪਲਾਈ ਅਤੇ ਸੇਨੀਟੇਸ਼ਨ ਵਿਭਾਗ ਅਤੇ ਹੋਰ ਵਿਭਾਗ ਦੇ ਅਧਿਕਾਰੀ ਵੀ ਫਾਇਲਾਂ ਚੁੱਕ ਕੇ ਝੂਠੇ ਸਰਵੇ ਕਰਨ ਦੇ ਵਿਖਾਵੇ ਕਰਨ ਲਈ ਪਿੰਡਾਂ ਵੱਲ ਅਪਣਾ ਮੂੰਹ ਕਰ ਲੈਂਦੇ ਹਨ। ਉਹਨਾਂ ਕਿਹਾ ਕਿ ਜਿਹੜਾ ਪੀਣ ਵਾਲਾ ਗੰਦਾ ਚੋਅ ਦਾ ਪਾਣੀ ਉਹ ਲੋਕ ਪਂਦੇ ਹਨ ਉਹ ਪਾਣੀ ਕੋਈ ਐਮ ਐਲ ਏ ਅਤੇ ਮੈਂਬਰ ਪਾਰਲੀਮੈਂਟ ਪੀਅ ਕੇ ਤਾਂ ਲਗਾਤਾਰ ਇਕ ਹਫਤਾ ਵਿਖਾਏ ਫਿਰ ਜਾਣਿਆ ਜਾਵੇਗਾ ਕਿ ਉਹ ਸੱਚੇ ਦੇਸ਼ ਭਗਤ ਤੇ ਲੋਕ ਪ੍ਰੇਮੀ ਹਨ। ਲੋਕਾਂ ਦੀਆਂ ਭਾਵਨਾਵਾਂ ਨਾਲ ਸੰਵਿਧਾਨਿਕ ਅਧਿਕਾਰਾਂ ਨੂੰ ਛਿੱਕੇ ਟੰਗ ਕੇ ਸਿੱਧਾ ਖਿਲਵਾੜ ਕੀਤਾ ਜਾ ਰਿਹਾ ਹੈ। ਉਹਨਾਂ ਦਸਿਆ ਕਿ ਸਿਆਸੀ ਆਗੂਆਂ ’ ਓ ਐਨੀ ਗਿਰਾਵਟ ਆ ਗਈ ਹੈ । ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਤੱਖਣੀ ਦੇ ਲੋਕਾਂ ਨੂੰ ਤੁਰੰਤ ਸਾਫ ਪੀਣ ਵਾਲਾ ਪਾਣੀ ਮੁਹੱਈਆ ਕਰਵਾਇਆ ਜਾਵੇ ਤਾਂ ਕਿ ਲੋਕ ਤਰ੍ਹਾਂ ਤਰ੍ਹਾਂ ਦੀਆਂ ਲਗਣ ਵਾਲੀਆਂ ਬਿਮਾਰੀਆਂ ਤੋਂ ਬਚ ਸਕਣ। ਇਸ ਮੋਕੇ ਹੋਰਨਾ ਤੋਂ ਇਲਾਵਾ ਦੇਵ ਰਾਜ, ਸੁਰਜੀਤ ਸਿੰਘ,ਸੁਭਾਸ਼ ਚੰਦਰ, ਸੁਦਰਸ਼ਣਾ ਰਾਣੀ, ਲੀਲਾ ਦੇਵੀ, ਸੁਦੇਸ਼ ਰਾਣੀ, ਸ਼ਾਤੀ ਦੇਵੀ, ਪ੍ਰੇਮ ਲਤਾ, ਸੁਰਿੰਦਰ ਕੌਰ, ਆਸ਼ਾ ਰਾਣੀ, ਇੰਦੂ ਬਾਲਾ, ਪੂਨਮ, ਪੂਜਾ ਆਦਿ ਹਾਜ਼ਰ ਸਨ।