ਵਾਡਰਾ ਦੇ ਜ਼ਮੀਨੀ ਸੌਦਿਆਂ 'ਤੇ ਕਾਨੂੰਨ ਤਹਿਤ ਹੋਵੇਗੀ ਕਾਰਵਾਈ : ਖੱਟਰ
Posted on:- 02-11-2014
ਚੰਡੀਗੜ੍ਹ : ਹਰਿਆਣਾ
ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਅੱਜ ਕਿਹਾ ਕਿ ਰਾਜ ਵਿੱਚ ਰਾਬਰਟ ਵਾਡਰਾ ਦੀ ਕੰਪਨੀ
ਨਾਲ ਜੁੜੇ ਜ਼ਮੀਨੀ ਸੌਦੇ ਦੇ ਸਿਲਸਿਲੇ ਵਿੱਚ ਕਾਨੂੰਨ ਆਪਣਾ ਕੰਮ ਕਰੇਗਾ। ਰਾਜ ਵਿੱਚ
ਪਿਛਲੀ ਕਾਂਗਰਸ ਸਰਕਾਰ ਦੇ ਦੌਰਾਨ ਹੋਏ ਕਥਿਤ ਜ਼ਮੀਨ ਘੁਟਾਲੇ ਦੇ ਸਵਾਲ ਵਿੱਚ ਪੁੱਛੇ ਜਾਣ
'ਤੇ ਮੁੱਖ ਮੰਤਰੀ ਨੇ ਦੱਸਿਆ ਕਿ ਕਾਨੂੰਨ ਤਹਿਤ ਕਾਰਵਾਈ ਹੋਵੇਗੀ। ਆਪਣੀ ਸਰਕਾਰ ਵਿੱਚ
ਮੰਤਰੀ ਬਿਕਰਮ ਸਿੰਘ ਯਾਦਵ ਦੇ ਅਹੁਦਾ ਸੰਭਾਲਣ ਤੋਂ ਬਾਅਦ ਖੱਟਰ ਪੱਤਰਕਾਰਾਂ ਨਾਲ ਗੱਲਬਾਤ
ਕਰ ਰਹੇ ਸਨ।
ਜ਼ਿਕਰਯੋਗ ਹੈ ਕਿ ਵਾਡਰਾ ਤੋਂ ਕੈਗ ਨੇ ਵੀ ਜ਼ਮੀਨੀ ਸੌਦਿਆਂ ਸਬੰਧੀ
ਪੁੱਛਗਿੱਛ ਕੀਤੀ ਹੈ। ਜ਼ਮੀਨੀ ਸੌਦੇ ਦੇ ਬਾਰੇ ਵਿੱਚ ਪੁੱਛੇ ਜਾਣ 'ਤੇ ਪੱਤਰਕਾਰਾਂ ਦਾ
ਮਾਇਕ ਪਰਾ ਸੁੱਟਣ ਦੀ ਖ਼ਬਰ ਬਾਰੇ ਜਦੋਂ ਹਰਿਆਣਾ ਦੇ ਸਿਹਤ ਮੰਤਰੀ ਤੋਂ ਪੁੱਛਿਆ ਗਿਆ ਤਾਂ
ਉਨ੍ਹਾਂ ਕਿਹਾ ਕਿ ਜਦੋਂ ਕਿਸੇ ਨੇ ਕੁਝ ਲੁਕਾਉਣਾ ਹੁੰਦਾ ਹੈ ਤਾਂ ਉਹ ਅਜਿਹੀ ਪ੍ਰਤੀਕਿਰਿਆ
ਕਰਦਾ ਹੈ। ਅਨਿਲ ਵਿਜ ਨੇ ਕਿਹਾ ਕਿ ਮੀਡੀਆ ਕੇਵਲ ਆਪਣਾ ਕੰਮ ਕਰ ਰਿਹਾ ਹੈ, ਕਿਉਂਕਿ
ਸਵਾਲ ਪੁੱਛਣਾ ਅਤੇ ਸੱਚ ਸਾਹਮਣੇ ਲਿਆਉਣਾ ਉਨ੍ਹਾਂ ਦੀ ਜ਼ਿੰਮੇਵਾਰੀ ਹੈ। ਵਾਡਰਾ ਨੇ ਜੋ
ਵਿਵਹਾਰ ਕੀਤਾ ਹੈ, ਲੱਗਦਾ ਹੈ ਉਹ ਮੀਡੀਆ ਪ੍ਰਤੀ ਇੱਜ਼ਤ ਨਹੀਂ ਰੱਖਦਾ।
ਉੱਧਰ ਦੂਜੇ
ਪਾਸੇ ਕਾਂਗਰਸ ਦੇ ਬੁਲਾਰੇ ਰਣਦੀਪ ਸਿੰਘ ਸੂਰਜੇਵਾਲਾ ਨੇ ਕਿਹਾ ਕਿ ਨਿੱਜੀ ਸਮਾਰੋਹ ਵਿੱਚ
ਗਲਤ ਤਰੀਕੇ ਨਾਲ ਸਵਾਲ ਪੁੱਛਣਾ, ਜਿਵੇਂ ਕਿ ਰਾਬਰਟ ਵਾਡਰਾ ਨਾਲ ਕੱਲ੍ਹ ਹੋਇਆ ਹੈ ਅਤੇ
ਕਿਸੇ ਮੁੱਦੇ 'ਤੇ ਵਾਰ-ਵਾਰ ਕਿਸੇ ਵਿਅਕਤੀ ਦੇ ਪਿੱਛੇ ਪੈਣਾ ਠੀਕ ਨਹੀਂ ਹੈ।