ਐਨਡੀਏ ਅਪਰਾਧੀਆਂ ਨੂੰ ਸਜ਼ਾਵਾਂ ਦਿਵਾ ਕੇ ਸਿੱਖਾਂ ਨਾਲ ਕਰੇਗਾ ਇਨਸਾਫ਼ : ਸੁਖਬੀਰ
Posted on:- 02-11-2014
ਚੰਡੀਗੜ੍ਹ/ਗੁਰਦਾਸਪੁਰ : ਪੰਜਾਬ
ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇਸ਼
ਦੀ ਦੂਜੀ ਸਭ ਤੋਂ ਪੁਰਾਣੀ ਪਾਰਟੀ ਹੈ ਤੇ ਕੋਈ ਵੀ ਇਸ ਪਾਰਟੀ ਨੂੰ ਕਮਜ਼ੋਰ ਨਹੀਂ ਕਰ
ਸਕਦਾ।
ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਜਿੱਥੇ ਦੇਸ਼ ਦੀ ਆਜ਼ਾਦੀ ਲਈ ਵੱਡੀਆਂ
ਕੁਰਬਾਨੀਆਂ ਦਿੱਤੀਆਂ, ਉਥੇ ਆਜ਼ਾਦੀ ਤੋਂ ਬਾਅਦ ਵੀ ਗਰੀਬਾਂ ਅਤੇ ਮਜਲੂਮਾਂ ਦੇ ਹੱਕਾਂ ਲਈ
ਕੀਤੇ ਸੰਘਰਸ਼ 'ਚ ਅਹਿਮ ਭੂਮਿਕਾ ਨਿਭਾਈ ਹੈ।
ਇਹ ਵਿਚਾਰ ਸ. ਬਾਦਲ ਨੇ ਅੱਜ ਗੁਰਦਾਸਪੁਰ
ਨੇੜੇ ਪਿੰਡ ਜੌੜਾ ਛੱਤਰਾਂ ਵਿਖੇ ਪੰਜਾਬ ਦੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਦੀ
ਅਗਵਾਈ ਹੇਠ ਕਰਵਾਏ ਗਏ ਬਾਬਾ ਭੂਰੇ ਵਾਲਾ ਦੀ ਯਾਦ ਵਿੱਚ ਸਲਾਨਾ ਜੋੜ ਮੇਲੇ ਮੌਕੇ ਇੱਕ
ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਾਲ ਤੇ
ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ, ਗੁਰਬਚਨ ਸਿੰਘ ਬੱਬੇਹਾਲੀ, ਦੇਸਰਾਜ ਸਿੰਘ
ਧੁੱਗਾ, ਵਿਰਸਾ ਸਿੰਘ ਵਲਟੋਹਾ, ਇੰਦਰਬੀਰ ਸਿੰਘ ਬੁਲਾਰੀਆ, ਹਰਮੀਤ ਸਿੰਘ ਸੰਧੂ (ਸਾਰੇ
ਮੁੱਖ ਸੰਸਦੀ ਸਕੱਤਰ) ਵੀ ਹਾਜ਼ਰ ਸਨ।
ਸ. ਬਾਦਲ ਨੇ ਕਿਹਾ ਕਿ ਅਕਾਲੀ ਦਲ ਦੇ ਆਗੂਆਂ ਤੇ
ਜੁਝਾਰੂ ਵਰਕਰਾਂ ਨੇ ਲੋਕਾਂ ਦੇ ਹਿੱਤਾਂ ਲਈ ਜੇਲ੍ਹਾਂ ਕੱਟੀਆਂ ਹਨ ਅਤੇ ਹਮੇਸ਼ਾ ਹੀ ਕੌਮ
ਦੀ ਚੜ੍ਹਦੀ ਕਲ੍ਹਾ ਲਈ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਦੀ
ਯੋਗ ਅਗਵਾਈ ਹੇਠ ਅਕਾਲੀ ਦਲ ਸਿਰਫ ਪੰਜਾਬ ਵਿੱਚ ਹੀ ਨਹੀਂ, ਸਗੋਂ ਦੂਜੇ ਸੂਬਿਆਂ 'ਚ ਵੀ
ਮਜ਼ਬੂਤ ਹੋਇਆ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਹਰਿਆਣਾ ਵਿੱਚ ਇੱਕ ਅਤੇ ਦਿੱਲੀ ਵਿੱਚ
ਵਿਧਾਨ ਸਭਾ ਦੀਆਂ ਤਿੰਨ ਸੀਟਾਂ ਜਿੱਤੀਆਂ ਹਨ ਅਤੇ ਸਾਡਾ ਅਗਲਾ ਨਿਸ਼ਾਨਾ ਹੁਣ ਉਤਰ
ਪ੍ਰਦੇਸ਼ 'ਚ ਜਿੱਤ ਪ੍ਰਾਪਤ ਕਰਨ ਦਾ ਹੈ। ਸ. ਬਾਦਲ ਨੇ ਕਿਹਾ ਕਿ ਅਕਾਲੀ ਦਲ 25 ਸਾਲ
ਲਗਾਤਾਰ ਪੰਜਾਬ 'ਚ ਰਾਜ ਕਰੇਗਾ ਅਤੇ ਸੂਬੇ ਨੂੰ ਵਿਕਾਸ ਪੱਖੋਂ ਨੰਬਰ ਇੱਕ ਸੂਬਾ ਬਣਾਇਆ
ਜਾਵੇਗਾ। ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਸੂਬੇ 'ਚੋਂ ਕਾਂਗਰਸ ਪਾਰਟੀ ਦਾ
ਮੁਕੰਮਲ ਸਫਾਇਆ ਕਰਨ ਲਈ ਅਕਾਲੀ-ਭਾਜਪਾ ਸਰਕਾਰ ਦਾ ਸਾਥ ਦੇਣ। ਉਪ ਮੁੱਖ ਮੰਤਰੀ ਨੇ ਕਿਹਾ
ਕਿ ਕੇਂਦਰ ਦੀ ਕਾਂਗਰਸ ਸਰਕਾਰ ਨੇ ਪਿਛਲੇ 10 ਸਾਲਾਂ ਦੌਰਾਨ ਲਗਾਤਾਰ ਪੰਜਾਬ ਨਾਲ ਵਿਤਕਰਾ
ਕੀਤਾ ਹੈ, ਪਰ ਹੁਣ ਕੇਂਦਰ 'ਚ ਅਕਾਲੀ ਦਲ ਦੀ ਭਾਈਵਾਲ ਐਨਡੀਏ ਸਰਕਾਰ ਨੂੰ ਬਣਿਆਂ ਸਿਰਫ
ਚਾਰ ਮਹੀਨੇ ਹੀ ਹੋਏ ਹਨ ਅਤੇ ਇਸ ਸਮੇਂ ਦੌਰਾਨ ਕੇਂਦਰ ਸਰਕਾਰ ਨੇ ਪੰਜਾਬ ਦੇ ਵਿਕਾਸ ਲਈ
20000 ਕਰੋੜ ਰੁਪਏ ਦੇ ਵੱਡੇ ਪ੍ਰੋਜੈਕਟ ਮਨਜ਼ੂਰ ਕੀਤੇ ਹਨ, ਜਿਸ ਵਿੱਚ 10000 ਕਰੋੜ ਰੁਪਏ
ਸੜਕਾਂ ਦੇ ਨਵ-ਨਿਰਮਾਣ, 8000 ਕਰੋੜ ਰੁਪਏ ਆਧੁਨਿਕ ਸੀਵਰੇਜ ਸਹੂਲਤਾਂ ਅਤੇ 2000 ਕਰੋੜ
ਰੁਪਏ ਪੀਣ ਵਾਲੇ ਸਾਫ ਪਾਣੀ ਲਈ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ
ਜਨਤਾ ਪਾਰਟੀ ਦਾ ਗਠਜੋੜ ਇਤਿਹਾਸਕ ਹੈ ਅਤੇ ਇਸ ਨੂੰ ਕੋਈ ਵੀ ਤੋੜ ਨਹੀਂ ਸਕਦਾ।
ਦਿੱਲੀ ਦੇ 1984 ਦੰਗਿਆਂ ਦਾ ਜਿਕਰ ਕਰਦਿਆਂ ਸ. ਬਾਦਲ ਨੇ ਕਿਹਾ ਕਿ 30 ਸਾਲ ਬੀਤਣ ਦੇ
ਬਾਵਜੂਦ ਵੀ ਦੰਗਾ ਪੀੜਤਾਂ ਨੂੰ ਇਨਸਾਫ ਨਹੀਂ ਮਿਲਿਆ ਅਤੇ ਪਿਛਲੀ ਕਾਂਗਰਸ ਸਰਕਾਰ ਨੇ
ਦੋਸ਼ੀਆਂ ਨੂੰ ਸਜ਼ਾਵਾਂ ਤਾਂ ਕੀ ਦੇਣੀਆਂ ਸਨ ਬਲਕਿ ਕਾਂਗਰਸ ਪਾਰਟੀ ਨੇ ਦੋਸ਼ੀਆਂ ਨੂੰ
ਸਨਮਾਨਤ ਕੀਤਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਦੰਗਾਂ ਪੀੜ੍ਹਤਾਂ ਨੂੰ ਇਨਸਾਫ
ਦਵਾਉਣ ਲਈ ਹਮੇਸ਼ਾਂ ਹੀ ਅਵਾਜ਼ ਬੁਲੰਦ ਕੀਤੀ ਹੈ ਅਤੇ ਕੇਂਦਰ ਦੀ ਐਨ.ਡੀ.ਏ. ਸਰਕਾਰ ਨੇ ਹਾਲ
ਹੀ ਵਿੱਚ ਦੰਗਾ ਪੀੜ੍ਹਤਾਂ ਨੂੰ 5-5 ਲੱਖ ਰੁਪਏ ਦਾ ਮੁਆਵਜਾ ਦਿੱਤਾ ਹੈ। ਉਨ੍ਹਾਂ ਕਿਹਾ
ਕਿ ਅਕਾਲੀ ਦਲ ਨੇ ਇਹ ਮੰਗ ਕੀਤੀ ਹੈ ਕਿ ਸੁਪਰੀਮ ਕੋਰਟ ਦੇ ਜੱਜ ਦੀ ਅਗਵਾਈ ਹੇਠ ਦੰਗਿਆਂ
ਦੀ ਵਿਸ਼ੇਸ਼ ਜਾਂਚ ਕਰਾਈ ਜਾਵੇ ਅਤੇ ਇੱਕ ਵਿਸ਼ੇਸ਼ ਅਦਾਲਤ ਦਾ ਗਠਨ ਕਰਕੇ 6 ਮਹੀਨਿਆਂ 'ਚ
ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਚੋਣ ਜਾਬਤਾ
ਹਟਣ ਤੋਂ ਬਾਅਦ ਉਨ੍ਹਾਂ ਨੂੰ ਇਸ ਮਸਲੇ ਬਾਰੇ ਗੱਲਬਾਤ ਲਈ ਬੁਲਾਇਆ ਹੈ। ਉਨ੍ਹਾਂ ਕਿਹਾ ਕਿ
ਦਿੱਲੀ ਵਿਖੇ ਉਸਾਰੀ ਜਾ ਰਹੀ 1984 ਸਿੱਖ ਨਸਲਕੁਸ਼ੀ ਯਾਦਗਾਰ ਹਮੇਸ਼ਾਂ ਹੀ ਦੰਗਿਆਂ 'ਚ
ਮਾਰੇ ਗਏ ਬੇਕਸੂਰ ਸਿੱਖਾਂ ਅਤੇ ਉਨ੍ਹਾਂ ਨਾਲ ਹੋਈ ਬੇਇਨਸਾਫੀ ਦੀ ਯਾਦ ਦਿਵਾਉਂਦੀ ਰਹੇਗੀ।
ਇਸ ਮੌਕੇ ਸ. ਬਾਦਲ ਨੇ ਜੋੜ ਮੇਲੇ ਦੇ ਮੁੱਖ ਪ੍ਰਬੰਧਕ ਸੁੱਚਾ ਸਿੰਘ ਲੰਗਾਹ
ਵੱਲੋਂ ਪੇਸ਼ ਕੀਤੀਆਂ ਮੰਗਾਂ ਨੂੰ ਮਨਦਿਆਂ ਸ੍ਰੀ ਗੁਰੁ ਨਾਨਕ ਦੇਵ ਜੀ ਦੀ ਚਰਨ ਸ਼ੋਹ
ਪ੍ਰਾਪਤ ਪਵਿੱਤਰ ਧਰਤੀ ਡੇਰਾ ਬਾਬਾ ਨਾਨਕ ਵਿਖੇ 1.50 ਕਰੋੜ ਰੁਪਏ ਆਧੁਨਿਕ ਖੇਡ ਸਟੇਡੀਅਮ
ਲਈ, 31 ਲੱਖ ਰੁਪਏ ਪਿੰਡ ਜੌੜਾ ਛੱਤਰਾਂ ਵਿਖੇ ਖੇਡ ਸਟੇਡੀਅਮ ਲਈ ਅਤੇ 2 ਲੱਖ ਰੁਪਏ
ਖਿਡਾਰੀਆਂ ਨੂੰ ਇਨਾਮ ਵਜੋਂ ਦੇਣ ਦਾ ਐਲਾਨ ਕੀਤਾ। ਇਸ ਮੌਕੇ ਮੇਲਾ ਕਮੇਟੀ ਵੱਲੋਂ ਸ.
ਬਾਦਲ ਤੇ ਬਿਕਰਮ ਸਿੰਘ ਮਜੀਠੀਆ ਨੂੰ ਸਨਮਾਨਤ ਵੀ ਕੀਤਾ ਗਿਆ।
ਇਸ ਮੌਕੇ ਜੋੜ ਮੇਲੇ
ਦੇ ਮੁੱਖ ਪ੍ਰਬੰਧਕ ਸਾਬਕਾ ਮੰਤਰੀ ਜਥੇਦਾਰ ਸੁੱਚਾ ਸਿੰਘ ਲੰਗਾਹ ਨੇ ਉਪ ਮੁੱਖ ਮੰਤਰੀ ਸ.
ਸੁਖਬੀਰ ਸਿੰਘ ਬਾਦਲ, ਮਾਲ ਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਨਾਲ ਆਏ
ਸੰਸਦੀ ਸਕੱਤਰਾਂ ਦਾ ਮੇਲੇ 'ਚ ਆਉਣ 'ਤੇ ਧੰਨਵਾਦ ਕਰਦਿਆਂ ਇਲਾਕੇ ਦੀਆਂ ਮੰਗਾਂ ਬਾਰੇ ਉਪ
ਮੁੱਖ ਮੰਤਰੀ ਨੂੰ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਇਹ ਮੇਲਾ ਢੇਡ ਸਦੀ ਤੋਂ ਇਥੇ ਮਨਾਇਆ
ਜਾ ਰਿਹਾ ਹੈ ਹਰ ਸਾਲ ਇਹ ਮੇਲਾ ਜ਼ਿਲ੍ਹੇ ਦੇ 14 ਹੋਰ ਸਥਾਨਾਂ 'ਤੇ ਵੀ ਉਤਸ਼ਾਹ ਨਾਲ
ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਗੁਰਦਾਸਪੁਰ ਜ਼ਿਲ੍ਹੇ 'ਚ ਸ਼੍ਰੋਮਣੀ ਅਕਾਲੀ ਦਲ ਨੂੰ
ਹੋਰ ਮਜਬੂਤ ਕੀਤਾ ਜਾਵੇਗਾ।
ਇਸ ਮੌਕੇ ਡਾ. ਅਭਿਨਵ ਤ੍ਰਿਖਾ ਡਿਪਟੀ ਕਮਿਸ਼ਨਰ,
ਗੁਰਪ੍ਰੀਤ ਸਿੰਘ ਤੂਰ ਐਸਐਪਪੀ ਗੁਰਦਾਸਪੁਰ, ਸੁਖਬੀਰ ਸਿੰਘ ਵਾਹਲਾ, ਮਾਸਟਰ ਗਿਆਨ ਸਿੰਘ,
ਗੁਰਿੰਦਰਪਾਲ ਸਿੰਘ ਗੋਰਾ, ਹਰਦੇਵ ਸਿੰਘ ਰਿਆੜ, ਅਮਰੀਕ ਸਿੰਘ ਸ਼ਾਹਪੁਰ, ਅਮਰੀਕ ਸਿੰਘ
ਵਡਾਲਾ ਬਾਂਗਰ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ, ਬਖਸ਼ੀਸ਼ ਸਿੰਘ ਧਾਰੋਵਾਲੀ, ਬਲਵਿੰਦਰ ਸਿੰਘ
ਹਰੂਵਾਲ, ਰਤਨ ਸਿੰਘ ਜੱਫਰਵਾਲ, ਹਰਦੀਪ ਸਿੰਘ ਲਮੀਣੀ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ
ਦਲ ਪਠਾਨਕੋਟ, ਬਲਵਿੰਦਰ ਸਿੰਘ ਸਰਪੰਚ ਜੌੜਾ ਛੱਤਰਾਂ ਤੋਂ ਇਲਾਵਾ ਵੱਡੀ ਗਿਣਤੀ 'ਚ ਇਲਾਕੇ
ਦੀ ਸੰਗਤ ਹਾਜ਼ਰ ਸੀ।