ਮਰਦਮਸ਼ੁਮਾਰੀ ਦਾ ਬੇਰੁਜ਼ਗਾਰ ਨੌਜਵਾਨਾਂ ਨੂੰ ਅਜੇ ਤੱਕ ਵੀ ਨਹੀਂ ਮਿਲਿਆ ਮਿਹਨਤਾਨਾ
Posted on:- 01-11-2014
ਬਰਨਾਲਾ: ਡਿਪਟੀ ਕਮਿਸ਼ਨਰ ਬਰਨਾਲਾ ਦੇ ਦਫਤਰ ਵੱਲੋਂ 2011 ਦੀ ਕਰਵਾਈ ਗਈ ਮਰਦਮਸ਼ੁਮਾਰੀ ਦਾ ਬੇਰੁਜ਼ਗਾਰ ਨੌਜਵਾਨਾਂ ਨੂੰ ਅਜੇ ਤੱਕ ਵੀ ਮਿਹਨਤਾਨਾ ਨਹੀਂ ਮਿਲਿਆ। ਜ਼ਿਕਰਯੋਗ ਹੈ ਕਿ ਮਰਦਮਸ਼ੁਮਾਰੀ ਸਬੰਧੀ ਅੰਕੜੇ ਫੀਡ ਕਰਨ ਲਈ ਗਿਣਤੀਕਾਰਾਂ ਦੀ ਮੱਦਦ ਲਈ ਕੰਪਿਊਟਰ ਦੀ ਜਾਣਕਾਰੀ ਰੱਖਣ ਵਾਲੇ ਬਹੁਤ ਸਾਰੇ ਬੇਰੁਜਗਾਰ ਨੌਜਵਾਨਾਂ ਨੂੰ ਪਾਰਟ ਟਾਇਮ ਕੰਮ ਵਜੋਂ ਭਰਤੀ ਕੀਤਾ ਗਿਆ ਸੀ। ਉਨ੍ਹਾਂ ਨੂੰ ਦੋ ਰੁਪਏ ਪ੍ਰਤੀ ਵਿਅਕਤੀ ਮਿਹਨਤਾਨਾ ਦੇਣ ਦਾ ਵਾਅਦਾ ਕੀਤਾ ਗਿਆ ਸੀ। ਡੀ ਸੀ ਦਫਤਰ ਵੱਲੋਂ ਇਸ ਸਮੁੱਚੇ ਕੰਮ ਦਾ ਠੇਕਾ ਇਕ ਪ੍ਰਾਈਵੇਟ ਕੰਪਨੀ ਨੂੰ ਦਿੱਤਾ ਗਿਆ ਸੀ।
ਸਬੰਧਿਤ ਨੌਜਵਾਨਾਂ ਨੂੰ ਹੁਣ ਤੱਕ ਲਗਭਗ ਪੰਜਾਹ ਫੀਸਦੀ ਪੈਸੇ ਮਿਲੇ ਹਨ। ਜਦਕਿ ਬਾਕੀ
ਪੈਸਿਆਂ ਲਈ ਨੌਜਵਾਨ ਦਫਤਰਾਂ ਦੇ ਗੇੜੇ ਕੱਢ ਰਹੇ ਹਨ। ਨਿਰਾਸ਼ਾ ਤੋਂ ਸਿਵਾਏ ਉਨ੍ਹਾਂ ਦੇ
ਪੱਲੇ ਕੁਝ ਨਹੀਂ ਪੈ ਰਿਹਾ। ਜਿਕਰਯੋਗ ਹੈ ਕਿ ਮਰਦਮਸ਼ੁਮਾਰੀ ਦਾ ਕੰਮ ਕਰਨ ਵਾਲੇ ਸਰਕਾਰੀ
ਕਰਮਚਾਰੀਆਂ ਅਤੇ ਸੁਪਰਵਾਇਜਰਾਂ ਨੂੰ ਪੂਰੇ ਪੈਸੇ ਮਿਲ ਚੁੱਕੇ ਹਨ। ਬੇਰੁਜਗਾਰ ਨੌਜਵਾਨ
ਅਮਨਦੀਪ ਸਿੰਘ ਦੱਦਾਹੂਰ, ਗੁਰਜੰਟ ਦੱਦਾਹੂਰ, ਗੁਰਪ੍ਰੀਤ ਕਾਲਸਾਂ, ਅਤੇ ਬਲਜੀਤ ਸਹੌਰ ਨੇ
ਦੱਸਿਆ ਕਿ ਉਹ ਸਬੰਧਿਤ ਦਫਤਰਾਂ ਦੇ ਗੇੜੇ ਮਾਰ ਕੇ ਅੱਕ ਗਏ ਹਨ। ਹੁਣ ਉਹ ਸੰਘਰਸ਼ ਦੇ ਰਾਹ
ਪੈਣਗੇ ਤੇ ਸਰਕਾਰੀ ਅਧਿਕਾਰੀਆਂ ਦੇ ਦਾਅਵਿਆਂ ਦਾ ਪਰਦਾਫਾਸ਼ ਕਰਨਗੇ।
ਇਸ ਸਮੇਂ
ਇਨਕਲਾਬੀ ਨੌਜਵਾਨ-ਵਿਦਿਆਰਥੀ ਮੰਚ ਦੇ ਕਨਵੀਨਰ ਮਨਦੀਪ ਨੇ ਕਿਹਾ ਕਿ ਸਰਕਾਰ ਪਹਿਲਾਂ ਤਾਂ
ਸੂਬੇ ਦੇ ਨੌਜਵਾਨਾਂ ਲਈ ਰੁਜਗਾਰ ਦੀ ਗਰੰਟੀ ਨਹੀਂ ਕਰ ਰਹੀ ਦੂਸਰਾ ਉਹ ਉਨ੍ਹਾਂ ਨੂੰ
ਪ੍ਰਾਈਵੇਟ ਕੰਪਨੀਆਂ ਅੱਗੇ ਆਪਣੀ ਲੁੱਟ ਕਰਵਾਉਣ ਲਈ ਭਾਈਵਾਲ ਬਣ ਰਹੀ ਹੈ। ਉਨ੍ਹਾਂ ਕਿਹਾ
ਕਿ ਸਰਕਾਰੀ ਮਕਿਮੇ ਬੇਰੁਜਗਾਰ ਨੌਜਵਾਨਾਂ ਨਾਲ ਕੋਝਾ ਮਜਾਕ ਕਰ ਰਹੇ ਹਨ। ਜਿਸਨੂੰ ਬਿਲਕੁਲ
ਬਰਦਾਸਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਡਿਪਟੀ ਕਮਿਸ਼ਨਰ ਬਰਨਾਲਾ ਤੋਂ ਮੰਗ ਕੀਤੀ ਕਿ
ਨੌਜਵਾਨਾਂ ਨੂੰ ਉਨ੍ਹਾਂ ਦੀ ਬਣਦੀ ਮਿਹਨਤ ਪੂਰੀ ਦਿੱਤੀ ਜਾਵੇ ਨਹੀਂ ਤਾਂ ਜੱਥੇਬੰਦੀ ਆਉਣ
ਵਾਲੇ ਦਿਨਾਂ ‘ਚ ਨੌਜਵਾਨਾਂ ਨੂੰ ਲਾਮਬੰਦ ਕਰਕੇ ਸੰਘਰਸ਼ ਦੇ ਰਾਹ ਪਵੇਗੀ।