ਮੋਦੀ ਨੇ ਦੇਸ਼ ਲਈ ਜਾਨ ਵਾਰਨ ਵਾਲੀ ਇੰਦਰਾ ਗਾਂਧੀ ਨੂੰ ਵਿਸਾਰਿਆ : ਕਾਂਗਰਸ
Posted on:- 31-10-2014
ਨਵੀਂ ਦਿੱਲੀ : ਕਾਂਗਰਸ
ਨੇ ਮੋਦੀ ਸਰਕਾਰ 'ਤੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਬਰਸੀ ਮੌਕੇ ਉਨ੍ਹਾਂ
ਨੂੰ ਨਜ਼ਰਅੰਦਾਜ਼ ਕਰਨ ਦਾ ਦੋਸ਼ ਲਾਉਂਦਿਆਂ ਤਿੱਖ਼ੇ ਹਮਲੇ ਕੀਤੇ ਹਨ। ਕਾਂਗਰਸ ਦੇ ਆਗੂ ਅਨੰਦ
ਸ਼ਰਮਾ ਨੇ ਅੱਜ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਨੇ ਇੰਦਰਾ ਗਾਂਧੀ ਦਾ ਅਪਮਾਨ ਕੀਤਾ ਹੈ
ਅਤੇ ਇਹ ਦਰਸਾਉਂਦਾ ਹੈ ਕਿ ਮੋਦੀ ਤੇ ਭਾਜਪਾ ਦਾ ਅਸਲ ਚਿਹਰਾ ਕੀ ਹੈ। ਸ੍ਰੀ ਸ਼ਰਮਾ ਨੇ
ਕਿਹਾ ਕਿ ਇਹ ਛੋਟੀ ਸੋਚ ਵਾਲੀ ਗੱਲ ਹੈ। ਇਹ ਉਨ੍ਹਾਂ ਲੋਕਾਂ ਦੇ ਪ੍ਰਤੀ ਪੱਖ਼ਪਾਤ ਅਤੇ
ਅਪਮਾਨਜਨਕ ਰਵੱਈਆ ਹੈ, ਜਿਨ੍ਹਾਂ ਨੇ ਦੇਸ਼ ਲਈ ਜਾਨ ਵਾਰ ਦਿੱਤੀ। ਖਾਸ ਤੌਰ 'ਤੇ ਇੰਦਰਾ
ਗਾਂਧੀ ਜਿਨ੍ਹਾਂ ਨੇ ਦੇਸ਼ ਦੀ ਏਕਤਾ ਲਈ ਜਾਨ ਦੀ ਬਲੀ ਦਿੱਤੀ। ਕਾਂਗਰਸੀ ਆਗੂ ਮਨੀਸ਼
ਤਿਵਾੜੀ ਨੇ ਵੀ ਕਿਹਾ ਕਿ ਇੰਦਰਾ ਗਾਂਧੀ ਨੇ ਦੇਸ਼ ਲਈ ਮੌਤ ਨੂੰ ਗਲ ਨਾਲ ਲਾਇਆ, ਇਸ ਲਈ
ਹਰੇਕ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਨ੍ਹਾਂ ਦੇ ਬਲੀਦਾਨ ਦਾ ਸਨਮਾਨ ਕਰੇ।
ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਬਲਭ ਭਾਈ ਪਟੇਲ ਦੀ ਜੈਅੰਤੀ ਮੌਕੇ ਪ੍ਰਧਾਨ ਮੰਤਰੀ
ਨਰਿੰਦਰ ਮੋਦੀ ਦੇ ਸੱਦੇ 'ਤੇ ਰਾਜਧਾਨੀ ਦਿੱਲੀ ਸਮੇਤ ਪੂਰੇ ਦੇਸ਼ ਵਿੱਚ ਏਕਤਾ ਦਾ ਆਯੋਜਨ
ਕੀਤਾ ਗਿਆ ਸੀ। ਇਸੇ ਦਿਨ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਬਰਸੀ ਵੀ ਹੈ।
ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ਵਿੱਚ ਇੰਦਰਾ ਗਾਂਧੀ ਦਾ ਜ਼ਿਕਰ ਤੱਕ ਨਹੀਂ ਕੀਤਾ, ਪਰ
ਉਨ੍ਹਾਂ ਦਾ ਪੂਰਾ ਭਾਸ਼ਣ ਪਟੇਲ 'ਤੇ ਕੇਂਦਰਿਤ ਰਿਹਾ। ਉਹ ਇੰਦਰਾ ਗਾਂਧੀ ਨੂੰ ਸ਼ਰਧਾਂਜਲੀ
ਦੇਣ ਲਈ ਉਨ੍ਹਾਂ ਦੀ ਸਮਾਰਕ 'ਤੇ ਵੀ ਨਹੀਂ ਗਏ।