'84 ਦੇ ਜ਼ਿੰਮੇਵਾਰਾਂ ਨੂੰ ਸਜ਼ਾਵਾਂ ਦਿਵਾਉਣ ਲਈ ਕੇਂਦਰ 'ਤੇ ਬਣਾਇਆ ਜਾਵੇਗਾ ਦਬਾਅ : ਸੁਖਬੀਰ ਬਾਦਲ
Posted on:- 31-10-2014
ਉਪ ਮੁੱਖ ਮੰਤਰੀ ਨੇ ਕਰੋੜਾਂ ਰੁਪਏ ਦੀ ਲਾਗਤ ਵਾਲੇ ਰੇਲਵੇ ਓਵਰ ਬ੍ਰਿਜ ਪ੍ਰੋਜੈਕਟ ਦਾ ਕੀਤਾ ਉਦਘਾਟਨ
ਬੀ ਐਸ ਭੁੱਲਰ/ਬਠਿੰਡਾ : ਉਪ
ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ 1984 ਦੇ ਪੀੜਤਾਂ ਲਈ ਕੇਂਦਰ
ਵੱਲੋਂ ਐਲਾਨਿਆ ਮੁਆਵਜ਼ਾ ਕੇਵਲ ਸ਼ੁਰੂਆਤ ਹੈ। ਉਨ੍ਹਾਂ ਕਿਹਾ ਕਿ ਹੁਣ ਸਿੱਖ ਕਤਲੇਆਮ ਦੇ
ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਕੇਂਦਰ 'ਤੇ ਦਬਾਅ ਬਣਾਇਆ ਜਾਵੇਗਾ ਤਾਂ ਜੋ ਪੀੜਤਾਂ ਦੇ
ਜ਼ਖਮਾਂ 'ਤੇ ਮਰਹਮ ਰੱਖੀ ਜਾ ਸਕੇ।
ਉਨ੍ਹਾਂ ਕਿਹਾ ਕਿ ਮੁਆਵਜ਼ੇ ਦੇ ਨਾਲ-ਨਾਲ ਦੋਸ਼ੀਆਂ ਨੂੰ
ਸਜ਼ਾਵਾਂ ਵੀ ਹੋਣੀਆਂ ਚਾਹੀਦੀਆਂ ਹਨ, ਜਿਸ ਲਈ ਕੇਂਦਰ ਸਰਕਾਰ 'ਤੇ ਦਬਾਅ ਬਣਾਉਣ ਵਿਚ ਕੋਈ
ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਸ੍ਰ. ਬਾਦਲ ਬਠਿੰਡਾ ਵਿਖੇ ਕਰੀਬ 75 ਕਰੋੜ ਰੁਪਏ ਦੀ
ਲਾਗਤ ਵਾਲੇ ਬਠਿੰਡਾ-ਬਾਦਲ ਰੋਡ ਤੋਂ ਬਠਿੰਡਾ-ਮਲੋਟ ਰੋਡ ਨੂੰ ਮਿਲਾਉਂਦੀ ਰਿੰਗ ਰੋਡ
ਫੇਜ਼-2 'ਤੇ ਪੈਂਦੀ ਸ੍ਰੀ ਗੰਗਾ ਨਗਰ ਰੇਲਵੇ ਲਾਈਨ ਉਪਰ ਰੇਲਵੇ ਓਵਰ ਬਰਿੱਜ ਦੀ ਉਸਾਰੀ ਦਾ
ਉਦਘਾਟਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਇਸ ਮੌਕੇ ਉਨ੍ਹਾਂ ਦੇ ਨਾਲ ਪੰਜਾਬ ਮਾਲ ਤੇ ਮੁੜ ਵਸੇਬਾ ਮੰਤਰੀ ਅਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਵੀ ਨਾਲ ਸਨ।
ਉਪ
ਮੁੱਖ ਮੰਤਰੀ ਨੇ ਕਣਕ ਦੇ ਘੱਟੋ-ਘੱਟ ਸਮਰਥਨ ਮੁੱਲ ਵਿਚ 50 ਰੁਪਏ ਵਾਧੇ ਨੂੰ ਮਾਮੂਲੀ
ਵਾਧਾ ਦੱਸਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਇਹ ਵਾਧਾ 150 ਤੋਂ 200
ਰੁਪਏ ਕਰਨ ਲਈ ਜਲਦੀ ਗੱਲਬਾਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਕਿਸਾਨਾਂ
ਦੇ ਨਾਲ ਖੜ੍ਹੀ ਹੈ ਅਤੇ ਜਲਦੀ ਦੀ ਕੇਂਦਰ ਨਾਲ ਗੱਲ ਕਰਕੇ ਐਮਐਸਪੀ ਵਿਚ ਵਾਧਾ ਕਰਵਾਇਆ
ਜਾਵੇਗਾ।
ਕਾਲੇ ਧਨ ਦੇ ਮਾਮਲੇ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਕਾਲੇ ਧਨ ਵਿਚ
ਸ਼ਾਮਲ ਵਿਅਕਤੀਆਂ ਦੇ ਨਾਂਅ ਜਨਤਕ ਹੋਣੇ ਚਾਹੀਦੇ ਹਨ ਤਾਂ ਜੋ ਉਨ੍ਹਾਂ ਵਿਅਕਤੀਆਂ ਦਾ ਪੂਰੇ
ਦੇਸ਼ ਦੀ ਜਨਤਾ ਨੂੰ ਪਤਾ ਲੱਗ ਸਕੇ।
ਸ੍ਰ. ਬਾਦਲ ਨੇ ਉਦਘਾਟਨ ਕਰਨ ਉਪਰੰਤ ਜਨਤਾ ਦੇ
ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਰਓਬੀ ਪ੍ਰੋਜੈਕਟ ਕੇਂਦਰ ਦੀ ਕਾਂਗਰਸ ਸਰਕਾਰ
ਕਾਰਨ ਕਰੀਬ 2 ਸਾਲ ਲੇਟ ਸ਼ੁਰੂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਵਲੋਂ
ਕੀਤੇ ਵਿਤਕਰੇਬਾਜ਼ੀ ਕਾਰਨ ਹੀ ਇਸ ਪ੍ਰੋਜੈਕਟ ਦੇ ਨਾਲ-ਨਾਲ ਏਅਰਪੋਰਟ ਦਾ ਕੰਮ ਲਟਕਿਆ ਪਿਆ
ਹੈ। ਉਨ੍ਹਾਂ ਕਿਹਾ ਕਿ ਏਅਰਪੋਰਟ ਵੀ ਜਲਦੀ ਚਾਲੂ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ
ਸੂਬੇ ਅਤੇ ਬਠਿੰਡਾ ਜ਼ਿਲ੍ਹੇ ਦੀ ਨੁਹਾਰ ਬਦਲਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ
ਅਤੇ ਜਲਦੀ ਹੀ ਕੇਂਦਰ ਦੀ ਬੀਜੇਪੀ ਸਰਕਾਰ ਦੇ ਸਹਿਯੋਗ ਨਾਲ ਹੋਰ ਵਿਕਾਸ ਪ੍ਰੋਜੈਕਟ
ਲਿਆਂਦੇ ਜਾ ਰਹੇ ਹਨ।
ਸ੍ਰ. ਬਾਦਲ ਨੇ ਕਿਹਾ ਕਿ ਇਸ ਆਰ.ਓ.ਬੀ ਪ੍ਰੋਜੈਕਟ ਦੀ
ਸ਼ੁਰੂਆਤ ਨਾਲ ਹੁਣ ਬਠਿੰਡਾ ਸਮੇਤ ਨੇੜਲੇ ਜ਼ਿਲ੍ਹਿਆਂ ਅਤੇ ਹਰਿਆਣਾ ਤੋਂ ਆਉਣ ਵਾਲੇ ਲੋਕਾਂ
ਨੂੰ ਟ੍ਰੈਫਿਕ ਤੋਂ ਨਿਜ਼ਾਤ ਮਿਲੇਗੀ, ਕਿਉਂਕਿ ਹੁਣ ਮਾਨਸਾ-ਡਬਵਾਲੀ ਹਰਿਆਣਾ ਦਾ ਟ੍ਰੈਫਿਕ,
ਜਿਸਨੇ ਅਬੋਹਰ, ਮਲੋਟ, ਮੁਕਤਸਰ ਅਤੇ ਫਾਜ਼ਿਲਕਾ ਜਾਣਾ ਹੈ, ਉਨ੍ਹਾਂ ਨੂੰ ਸ਼ਹਿਰ ਵਿਚ ਜਾਣ
ਦੀ ਲੋੜ ਨਹੀਂ ਹੈ। ਇਸ ਤੋਂ ਇਲਾਵਾ ਰਿਫਾਇਨਰੀ ਅਤੇ ਤੇਲ ਡੀਪੂਆਂ ਨੂੰ ਵੀ ਸ਼ਹਿਰ ਵਿਚ
ਜਾਣਾ ਨਹੀਂ ਪਵੇਗਾ। ਜ਼ਿਕਰਯੋਗ ਹੈ ਕਿ ਬਠਿੰਡਾ ਡਿਵੈਲਪਮੈਂਟ ਅਥਾਰਟੀ ਵੱਲੋਂ ਬਣਾਏ ਗਏ 7
ਕਿਲੋਮੀਟਰ ਦੀ ਲੰਬਾਈ ਵਾਲੇ ਰਿੰਗ ਰੋਡ ਫੇਜ਼-2 'ਤੇ 23 ਕਰੋੜ ਰੁਪਏ ਅਤੇ 660 ਮੀਟਰ ਦੀ
ਲੰਬਾਈ ਵਾਲੇ ਰੇਲਵੇ ਓਵਰ ਬਰਿੱਜ 'ਤੇ 42 ਕੋਰੜ ਰੁਪਏ ਦੀ ਲਾਗਤ ਆਈ ਹੈ।
ਇਸ ਮੌਕੇ
ਮੁੱਖ ਸੰਸਦੀ ਸਕੱਤਰ ਸਰੂਪ ਚੰਦ ਸਿੰਗਲਾ, ਸਾਬਕਾ ਮੁੱਖ ਸੰਸਦੀ ਸਕੱਤਰ ਜਗਦੀਪ ਸਿੰਘ
ਨਕੱਈ, ਡਿਪਟੀ ਕਮਿਸ਼ਨਰ ਡਾ. ਬਸੰਤ ਗਰਗ, ਡੀਆਈਜੀ ਅਮਰ ਸਿੰਘ ਚਾਹਲ, ਐਸਐਸਪੀ ਗੁਰਪ੍ਰੀਤ
ਸਿੰਘ ਭੁੱਲਰ, ਮੇਅਰ ਬਲਜੀਤ ਸਿੰਘ, ਮੁੱਖ ਪ੍ਰਸ਼ਾਸ਼ਕ ਬੀਡੀਏ ਬਰਿੰਦਰ ਸ਼ਰਮਾ, ਜ਼ਿਲ੍ਹਾ
ਪ੍ਰੈਸ ਸਕੱਤਰ ਸ਼੍ਰੋਮਣੀ ਅਕਾਲੀ ਦਲ ਡਾ. ਓਮ ਪ੍ਰਕਾਸ਼ ਤੋਂ ਇਲਾਵਾ ਹੋਰ ਸ਼ਖਸ਼ੀਅਤਾਂ ਹਾਜ਼ਰ
ਸਨ।