ਪੰਜਾਬੀ ਨੌਜਵਾਨ ਵੱਲੋਂ ਸ਼ੁਰੂ ਕੀਤੀ ਅੰਗਦਾਨ ਦੀ ਮੁਹਿੰਮ ਨੇ ਇਸਲਾਮਿਕ ਭਾਈਚਾਰੇ ਦੇ ਵਿਹੜੇ ਦਿੱਤੀ ਦਸਤਕ
Posted on:- 31-10-2014
- ਹਰਬੰਸ ਬੁੱਟਰ
ਕੈਲਗਰੀ :ਧੰਨਦਾਨ ਬਾਰੇ ਤਾਂ ਤੁਸੀਂ ਬੜੇ ਲੰਮੇ ਸਮੇਂ ਤੋਂ ਪੜਦੇ ਸੁਣਦੇ ਆ ਰਹੇ ਹੋ ਲੇਕਿਨ ਆਪਣੀ ਮੌਤ ਤੋਂ ਬਾਅਦ ਆਪਣੇ ਅੰਗਦਾਨ ਕਰਨ ਦੀ ਮੁਹਿੰਮ ਨੇ ਅੱਜ ਕੱਲ ਕੈਲਗਰੀ ਵਿੱਚ ਜ਼ੋਰ ਫੜਿਆ ਹੋਇਆ ਹੈ । ਅਜਿਹੀਆਂ ਮੁਹਿੰਮਾਂ ਆਪਣੇ ਆਪ ਨਹੀਂ ਸ਼ੁਰੂ ਹੋ ਜਾਂਦੀਆਂ ਸਗੋਂ ਇਹਨਾਂ ਨੂੰ ਸ਼ੁਰੂ ਕਰਨ ਲਈ ਕਿਸੇ ਦ੍ਰਿੜ ਇਰਾਦੇ ਵਾਲੇ ਸਿਰੜੀ ਦੇ ਸਿਦਕ ਦੀ ਜ਼ਰੂਰਤ ਹੁੰਦੀ ਹੈ।ਅਜਿਹਾ ਹੀ ਸਿਰੜੀ ਪੰਜਾਬੀ ਨੌਜਵਾਨ ਹੈ ਕੈਲਗਰੀ ਨਿਵਾਸੀ ਹਿਰਦੇਪਾਲ ਸਿੰਘ ਜਿਸ ਦੇ ਅੰਦਰ ਇਜ ਜਨੂੰ ਹੈ ਕਿ ਕਿਤੇ ਵੀ ਚਾਰ ਬੰਦੇ ਖਲੋਤੇ ਹੋਣ ਤਾਂ ਉਹ ਉਹਨਾਂ ਨੂੰ ਅੰਗਦਾਨ ਕਰਨ ਲਈ ਪ੍ਰੇਰਦਾ ਦਿਖਾਈ ਦਿੰਦਾ ਹੈ ।
ਅਲਬਰਟਾ ਹੈਲਥ ਕੇਅਰ ਨਾਲ ਮਿਲਕੇ ਉਸਨੇ ਸਭ ਤੋਂ ਪਹਿਲਾਂ ਪੰਜਾਬੀ ਵਿੱਚ ਪੋਸਟ ਛਪਵਾਏ । ਫਿਰ ਹਿੰਦੀ ਪੜਨ ਵਾਲੇ ਭਾਰਤੀ ਮੂਲ ਦੇ ਲੋਕਾਂ ਤੱਕ ਇਹ ਸੁਨੇਹਾ ਪਹੁੰਚਾਉਣ ਲਈ ਹਿੰਦੀ ਭਾਸ਼ਾ ਵਾਲੇ ਪੈਂਫਿਲਟ ਵੀ ਅਲਬਰਟਾ ਹੈਲਥ ਕੇਅਰ ਵੱਲੋਂ ਛਪਵਾਕੇ ਵੰਡੇ। ਹੁਣ ਪਿਛਲੇ ਹਫਤੇ ਸ਼ੁੱਕਰਵਾਰ ਵਾਲੇ ਦਿਨ ਇਸਲਾਮਿਕ ਭਾਈਚਾਰੇ ਦੇ ਲੋਕਾਂ ਨੂੰ ਪ੍ਰੇਰਿਤ ਕਰਨ ਲਈ ਉਸ ਨੂੰ ਜੈਨੇਸਿਸ ਸੈਂਟਰ ਦੀਖਆ ਗਿਆ ਜਿੱਥੇ ਮੁਸਲਿਮ ਭਾਈਚਾਰੇ ਦੇ ਲੋਕ ਜੁਮੇ ਦੀ ਨਮਾਜ਼ ਪੜ੍ਹਨ ਆਉਂਦੇ ਹਨ। ਇਸ ਅਨੋਖੇ ਦਾਨ ਬਾਰੇ ਉਰਦੂ ਭਾਸਾ ਵਿੱਚ ਅਲਬਰਟਾ ਹੈਲਥ ਸਰਵਿਸਜ਼ ਵੱਲੋਂ ਛਾਪੇ ਗਏ ਪੈਂਫਿਲਟ ਉਸ ਮੌਕੇ ਆਮ ਲੋਕਾਂ ਵਿੱਚ ਵੰਡੇ ਜਾ ਰਹੇ ਸਨ।
ਇਸ ਮੌਕੇ ਇਸਲਾਮਿਕ ਪ੍ਰੋਫੈਸਰ ਸੋਹੇਰ ਵਰਦੀ ਅਤੇ ਅਬਦੁੱਲ ਕਾਇਮ ਬੱਟ ਨੇ ਉਹਨਾਂ ਦੇ ਇਸ ਮਨੁੱਖਤਾਂ ਦੀ ਭਲਾਈ ਲਈ ਕੀਤੇ ਜਾ ਰਹੇ ਕਾਜ ਦੀ ਸ਼ਲਾਘਾ ਕੀਤੀ । ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਅਲਬਰਟਾ ਸਿਹਤ ਵਿਭਾਗ ਵੱਲੋਂ ਵੱਖੋ ਵੱਖ ਭਾਸ਼ਾਵਾਂ ਵਿੱਚ ਇੰਨੇ ਵੱਡੇ ਪੱਧਰ ਉੱਪਰ ਜਾਣਕਾਰੀ ਛਪਵਾਕੇ ਵੰਡੀ ਗਈ ਹੋਵੇ।