ਸਿੱਖ ਭਾਈਚਾਰੇ ਨੇ ਗੁਰੂ ਘਰਾਂ ਅੰਦਰ ਮੋਮਬੱਤੀਆਂ ਜਗਾ ਕੇ ਕੈਨੇਡੀਅਨ ਫੌਜ ਦੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ
Posted on:- 28-10-2014
-ਹਰਬੰਸ ਬੁੱਟਰ
ਕੈਲਗਰੀ : ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਕੈਲਗਰੀ ਵਿਖੇ ਸੰਗਤਾਂ ਦੇ ਭਾਰੀ ਇਕੱਠ ਦੌਰਾਨ ਓਟਵਾ ਪਾਰਲੀਮੈਂਟ ਅਤੇ ਮਾਂਟਰੀਅਲ ਵਿਖੇ ਵਾਪਰੇ ਦੁਖਾਂਤ ਵਿੱਚ ਕੈਨੇਡੀਅਨ ਫੌਜ ਦੇ ਦੋ ਜਵਾਨ ਮਾਰੇ ਗਏ ਸਨ ਉਨ੍ਹਾਂ ਨੂੰ ਸ਼ਰਧਾਜਲੀ ਦਿੱਤੀ ਗਈ। ਸੰਗਤਾਂ ਨੇ ਕੈਡਲ ਲਾਈਟ ਵਿਜ਼ਲ ਅਤੇ ਮੋਨ ਵਰਤ ਰਾਹੀਂ ਉਨ੍ਹਾਂ ਜਵਾਨਾਂ ਦੀ ਮੌਤ ਤੇ ਦੁਖ ਦਾ ਪ੍ਰਗਟਾਵਾ ਕੀਤਾ। ਗੁਰੂ ਘਰ ਦੀ ਪ੍ਰਬੰਧਕ ਕਮੇਟੀ ਵਿੱਚੋਂ ਮੁੱਖ ਸੇਵਾਦਾਰ ਭਾਈ ਗੁਰਿੰਦਰ ਸਿੰਘ ਸਿੱਧੂ ਨੇ ਸੰਗਤਾਂ ਨੂੰ ਸੰਬੋਧਨ ਕਰਦਿਆ ਦੱਸਿਆ ਕਿ ਸੰਗਤਾਂ ਦੇ ਸੁਝਾਅ ਮਿਲਣ ਤੇ ਬੰਦੀਛੋੜ ਦਿਵਸ ਦੇ ਸਬੰਧ ਵਿੱਚ ਰੱਖਿਆ ਗਿਆ ਆਤਿਸ਼ਬਾਜ਼ੀ ਦਾ ਪ੍ਰੋਗ੍ਰਾਮ ਰੱਦ ਕਰ ਦਿੱਤਾ ਗਿਆ ਅਤੇ ਇਨ੍ਹਾਂ ਫੌਜੀ ਜਵਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਇਹ ਪ੍ਰੋਗ੍ਰਾਮ ਉਲੀਕਿਆ ਗਿਆ।
ਭਾਈ ਗੁਰਿੰਦਰ ਸਿੰਘ ਨੇ ਕਿਹਾ ਕਿ ਅਸੀਂ ਹਮੇਸ਼ਾਂ ਹੀ ਸ਼ਾਂਤੀ ਅਮਨ ਅਤੇ ਸਦਭਾਵਨਾ ਦੇ ਹਾਮੀ ਰਹੇ ਹਾਂ। ਸਿੱਖ ਧਰਮ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਹਮੇਸ਼ਾਂ ਤੱਤਪਰ ਰਿਹਾ ਹੈ। ਸਿੱਖਾਂ ਨੇ ਹਮੇਸ਼ਾਂ ਜ਼ੁਲਮ ਅਨਿਆਂ ਅਤੇ ਧੱਕੇਸ਼ਾਹੀ ਵਿਰੁੱਧ ਅਵਾਜ਼ ਉਠਾਈ ਹੈ। ਉਨ੍ਹਾਂ ਨੇ ਦੱਸਿਆ ਕਿ ਭਾਈ ਜਸਵੰਤ ਸਿੰਘ ਖਾਲੜਾ ਜਿਹਨਾਂ ਨੇ ਕੈਨੇਡੀਅਨ ਪਾਰਲੀਮੈਂਟ ਵਿੱਚ ਮਨੁੱਖੀ ਅਧਿਕਾਰਾਂ ਦੇ ਹੋ ਰਹੇ ਘਾਣ ਸਬੰਧੀ ਜੋ ਭਾਸ਼ਣ ਦਿੱਤਾ ਸੀ, ਉਸ ਤੋਂ ਬਾਅਦ ਭਾਰਤ ਵਾਪਸ ਜਾਣ ਤੇ ਖਾਲੜਾ ਨੂੰ ਸ਼ਹੀਦ ਕਰ ਦਿੱਤਾ ਗਿਆ।
ਉਨ੍ਹਾਂ ਨੇ ਭਾਈ ਜਸਵੰਤ ਸਿੰਘ ਖਾਲੜਾ ਨੂੰ ਯਾਦ ਕਰਦਿਆ ਦੱਸਿਆ ਕਿ ਕਿਵੇਂ ਉਨ੍ਹਾਂ ਦੇ ਹਜ਼ਾਰਾਂ ਸਿੱਖ ਨੌਜਵਾਨਾਂ ਨੂੰ ਮਾਰ ਕੇ ਲਵਾਰਸ ਕਰਾਰ ਦੇਣ ਦੇ ਕੇਸਾਂ ਨੂੰ ਸਾਹਮਣੇ ਲਿਆਂਦਾ ਅਤੇ ਮਨੁੱਖੀ ਅਧਿਕਾਰਾਂ ਲਈ ਜੱਦੋ ਜਹਿਦ ਕੀਤੀ। ਕੈਬਨਿਟ ਮੰਤਰੀ ਸ ਮਨਮੀਤ ਸਿੰਘ ਭੁੱਲਰ ਨੇ ਵੀ ਆਪਣੇ ਵਿਚਾਰ ਰੱਖਦਿਆਂ ਸਾਰਿਆਂ ਨੂੰ ਇੱਕ ਕੈਨੇਡੀਅਨ ਪਰਿਵਾਰ ਵਾਂਗ ਰਹਿਣ ਦੀ ਅਪੀਲ ਕੀਤੀ।
ਭਾਈ ਸਹਿਜਬੀਰ ਸਿੰਘ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਫਰਤ ਨਾਲ ਨਹੀਂ ਬਲਕਿ ਪਿਆਰ ਨਾਲ ਜਿੱਤਿਆ ਜਾ ਸਕਦਾ ਹੈ। ਸਾਰਿਆਂ ਨੂੰ ਇੱਕੋ ਵਾਹਿਗੂਰੁ ਅਕਾਲ ਪੁਰਖ ਦੀ ਜੋਤ ਸਮਝਦਿਆਂ ਕਿਸੇ ਨਾਲ ਵੀ ਵੈਰ ਵਿਰੋਧ ਨਹੀਂ ਕਰਨਾ ਚਾਹੀਦਾ। ਸਾਰੀ ਮਨੁੱਖਤਾ ਇਕੋ ਪਰਮੇਸ਼ਰ ਦੀ ਸੰਤਾਨ ਹੈ। ਇਸ ਤੋਂ ਇਲਾਵਾ ਭਾਈ ਗੁਰਤੇਜ ਸਿੰਘ ਗਿੱਲ ਨੇ ਆਈਆ ਸੰਗਤਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਿੱਖ ਧਰਮ ਸਾਂਝੀਵਾਲਤਾ ਦਾ ਅਤੇ ਆਪਸੀ ਭਗਰਤਰੀ ਭਾਵ ਦਾ ਸੁਨੇਹਾ ਦਿੰਦਾ ਹੈ। ਹਰ ਸਿੱਖ ਦੋਵੇ ਵੇਲੇ ਸਰਬਤ ਦੇ ਭਲੇ ਦੀ ਅਰਦਾਸ ਕਰਦਾ ਹੈ ਅਤੇ ਕਾਮਨਾ ਕਰਦਾ ਹੈ ਕਿ ਸਾਰਾ ਵਿਸ਼ਵ ਸੁਖੀ ਵਸੇ ਅਤੇ ਸਾਰੀ ਮਨੁੱਖਤਾ ਅਮਨ ਅਤੇ ਸ਼ਾਂਤੀ ਨਾਲ ਰਹੇ।
Mahesh Sood
ਬਹੁਤ ਚੰਗੀ ਗਲ ਹੈ ਹੈ ਜੀ .