ਪੰਜਾਬ ਦੀਆਂ ਹੱਕੀ ਮੰਗਾਂ ਲਈ ਸੰਘਰਸ਼ ਜਾਰੀ ਰੱਖਾਂਗੇ : ਬਾਦਲ
Posted on:- 27-10-2014
ਅੰਮ੍ਰਿਤਸਰ : 'ਸ਼ਹੀਦ
ਦਰਸ਼ਨ ਸਿੰਘ ਫੇਰੂਮਾਨ ਨੇ ਪੰਜਾਬ ਦੀਆਂ ਜਿੰਨਾਂ ਹੱਕੀ ਮੰਗਾਂ ਲਈ ਸੰਘਰਸ਼ ਕਰਦੇ ਹੋਏ
ਆਪਣੇ ਪ੍ਰਾਣਾਂ ਦੀ ਆਹੂਤੀ ਦਿੱਤੀ ਸੀ, ਉਹ ਮੰਗਾਂ ਅੱਜ ਵੀ ਜਿਉਂ ਦੀਆਂ ਤਿਉਂ ਖੜੀਆਂ ਹਨ।
ਅਕਾਲੀ ਦਲ ਇਨ੍ਹਾਂ ਮੰਗਾਂ, ਜਿਸ ਵਿਚ ਚੰਡੀਗੜ੍ਹ ਨੂੰ ਪੰਜਾਬ ਦੀ ਰਾਜਧਾਨੀ ਵਜੋਂ ਦੇਣਾ
ਅਤੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਵਿਚ ਸ਼ਾਮਿਲ ਕਰਨੇ ਪ੍ਰਮੁੱਖ ਹਨ, ਲਈ ਸੰਘਰਸ਼ ਕਰਦਾ
ਰਿਹਾ ਹੈ ਅਤੇ ਸੰਘਰਸ਼ ਕਰਦਾ ਰਹੇਗਾ।
ਉਨਾਂ ਕਿਹਾ ਕਿ ਇਹ ਮੁੱਦੇ ਹੁਣ ਸਮੇਂ ਦੀ ਕੇਂਦਰ
ਸਰਕਾਰ ਕੋਲ ਉਠਾਏ ਜਾਣਗੇ। ' ਉਕਤ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼
ਸਿੰਘ ਬਾਦਲ ਨੇ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਦੀ 45ਵੀਂ ਬਰਸੀ ਮੌਕੇ ਫੇਰੂਮਾਨ ਵਿਖੇ
ਸੰਗਤਾਂ ਦੇ ਇਕੱਠ ਨੂੰ ਸੰਬੋਧਨ ਦੌਰਾਨ ਕੀਤਾ। ਉਨਾਂ ਕਿਹਾ ਕਿ ਕਾਂਗਰਸ ਸਰਕਾਰ ਨੇ
ਪੰਜਾਬ ਦੀ ਵੰਡ ਵੇਲੇ ਸੂਬੇ ਨੂੰ ਰਾਜਧਾਨੀ ਨਾ ਦੇ ਕੇ ਅਤੇ ਪੰਜਾਬੀ ਬੋਲਦੇ ਇਲਾਕੇ ਪੰਜਾਬ
ਵਿਚ ਸ਼ਾਮਿਲ ਨਾ ਕਰਕੇ ਵੱਡਾ ਧ੍ਰੋਹ ਕੀਤਾ ਸੀ। ਸ੍ਰੋਮਣੀ ਅਕਾਲੀ ਦਲ ਨੇ ਇੰਨਾਂ ਹੱਕੀ
ਮੰਗਾਂ ਲਈ ਮੋਰਚਾ ਲਗਾਇਆ, ਜਿਸ ਵਿਚ 74 ਦਿਨ ਦੀ ਭੁੱਖ ਹੜਤਾਲ ਮਗਰੋਂ ਦਰਸ਼ਨ ਸਿੰਘ
ਫੇਰੂਮਾਨ ਸ਼ਹੀਦ ਹੋ ਗਏ। ਇਸ ਮਗਰੋਂ ਚੱਲੇ ਸੰਘਰਸ਼ ਵਿਚ ਉਸ ਵੇਲੇ ਦੀ ਕਾਂਗਰਸ ਸਰਕਾਰ ਨੇ
ਹਰਚੰਦ ਸਿੰਘ ਲੌਗੋਵਾਲ ਨਾਲ ਸਮਝੌਤਾ ਕਰਕੇ ਚੰਡੀਗੜ੍ਹ ਪੰਜਾਬ ਨੂੰ ਦੇਣਾ ਅਤੇ ਪੰਜਾਬੀ
ਬੋਲਦੇ ਇਲਾਕੇ ਪੰਜਾਬ ਵਿਚ ਸ਼ਾਮਿਲ ਕਰਨਾ ਮੰਨ ਲਿਆ ਸੀ ਪਰ ਰਾਤੋ-ਰਾਤ ਕੇਂਦਰ ਦੀ ਕਾਂਗਰਸ
ਸਰਕਾਰ ਮੁੱਕਰ ਗਈ। ਇਸ ਮਗਰੋਂ ਸਿੱਖਾਂ 'ਤੇ ਕੇਂਦਰ ਦੇ ਜ਼ੁਲਮ ਦਾ ਕੁਹਾੜਾ ਚੱਲਿਆ, ਸ੍ਰੀ
ਹਰਮਿੰਦਰ ਸਾਹਿਬ ਵਿਚ ਫੌਜੀ ਹਮਲਾ ਹੋਇਆ, 84 ਦਾ ਸਿੱਖ ਕਤਲੇਆਮ ਹੋਇਆ ਅਤੇ ਪੰਜਾਬ ਵਿਚ
ਇਕ ਦਹਾਕਾ ਖੂਨ ਦੀ ਹੋਲੀ ਕੇਂਦਰ ਦੀਆਂ ਗਲਤ ਨੀਤੀਆਂ ਕਰਕੇ ਖੇਡੀ ਗਈ। ਉਨਾਂ ਕਿਹਾ ਕਿ
ਇੰਨਾ ਕੱਝ ਹੋਣ ਦੇ ਬਾਵਜੂਦ ਵੀ ਪੰਜਾਬ ਨੂੰ ਇਸ ਦਾ ਹੱਕ ਨਹੀਂ ਮਿਲਿਆ। ਉਨਾਂ ਲੋਕਾਂ ਨੂੰ
ਅਪੀਲ ਕੀਤੀ ਕਿ ਉਹ ਕਾਂਗਰਸ ਦੇ ਇੰਨਾਂ ਸਾਕਿਆਂ ਨੂੰ ਭੁੱਲਣ ਨਾ ਬਲਕਿ ਯਾਦ ਰੱਖਣ ਅਤੇ
ਆਪਣੇ-ਪਰਾਏ ਦੀ ਪਰਖ ਜ਼ਰੂਰ ਕਰਨ।
ਬਾਦਲ ਨੇ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਨੂੰ ਸ਼ਰਧਾ
ਦੇ ਫੁੱਲ ਭੇਟ ਕਰਦੇ ਹੋਏ ਕਿਹਾ ਕਿ ਜਿਸ ਤਰਾਂ ਦੀ ਕੁਰਬਾਨੀ ਭੁੱਖ ਹੜਤਾਲ ਰੱਖ ਕੇ ਦਰਸ਼ਨ
ਸਿੰਘ ਨੇ ਦਿੱਤੀ ਸੀ ਉਹ ਸੱਚਮੁੱਚ ਬੜੀ ਔਖੀ ਸ਼ਹਾਦਤ ਸੀ। ਉਨਾਂ ਕਿਹਾ ਕਿ ਗੋਲੀ ਨਾਲ ਸ਼ਹੀਦ
ਹੋਣਾ ਵੀ ਔਖਾ ਕੰਮ ਹੈ, ਪਰ 74 ਦਿਨ ਭੁੱਖੇ ਰਹਿ ਕੇ ਸ਼ਹੀਦ ਹੋਣਾ ਇਕ ਇਤਹਾਸਕ ਕੁਰਬਾਨੀ
ਹੈ। ਉਨਾਂ ਕਿਹਾ ਕਿ ਫੇਰੂਮਾਨ ਨੇ ਦੇਸ਼ ਨੂੰ ਅਜ਼ਾਦ ਕਰਵਾਉਣ ਵਿਚ, ਜੈਤੋ ਦੇ ਮੋਰਚੇ ਵੇਲੇ,
ਚਾਬੀਆਂ ਦੇ ਮੋਰਚੇ ਵਿਚ ਅੱਗੇ ਹੋ ਕੇ ਸੰਘਰਸ਼ ਕੀਤਾ ਅਤੇ ਦੇਸ਼ ਅਜ਼ਾਦ ਹੋਣ ਤੋਂ ਬਾਅਦ
ਪੰਜਾਬੀ ਸੂਬੇ ਦੀਆਂ ਮੰਗਾਂ ਲਈ ਸੰਘਰਸ਼ ਕਰਦੇ ਹੋਏ ਕੁਰਬਾਨੀ ਦੇ ਦਿੱਤੀ। ਬਾਦਲ ਨੇ ਅੱਗੇ
ਤੋਂ ਉਨਾਂ ਦੀ ਬਰਸੀ ਸਰਕਾਰੀ ਪੱਧਰ ਉਤੇ ਮਨਾਉਣ ਦਾ ਐਲਾਨ ਵੀ ਕੀਤਾ। ਉਨਾਂ ਸ਼ਹੀਦ ਦੇ
ਪਿੰਡ ਦਾ ਸਰਕਾਰੀ ਹਾਈ ਸਕੂਲ ਨੂੰ 12ਵੀਂ ਜਮਾਤ ਤੱਕ ਲੜਕੀਆਂ ਵਾਸਤੇ ਅਪਗ੍ਰੇਡ ਕਰਨ,
ਪੰਚਾਇਤ ਘਰ ਬਨਾਉਣ, ਡੇਰਿਆਂ ਦੇ ਰਸਤੇ ਪੱਕੇ ਕਰਨ ਅਤੇ ਹੋਰ ਮੰਗਾਂ ਪ੍ਰਵਾਨ ਕਰਦੇ ਹੋਏ
ਇਨਾਂ ਨੂੰ ਛੇਤੀ ਨੇਪਰੇ ਚਾੜਨ ਦਾ ਐਲਾਨ ਵੀ ਕੀਤਾ। ਬਾਦਲ ਨੇ ਇਸ ਮੌਕੇ ਨਾਗੋਕੇ ਪਿੰਡ
ਦੇ ਸ਼ਹੀਦ ਊਧਮ ਸਿੰਘ, ਗਿਆਨੀ ਕਰਤਾਰ ਸਿ ੰਘ, ਜਥੇਦਾਰ ਮੋਹਨ ਸਿੰਘ ਨੂੰ ਵੀ ਯਾਦ ਕਰਦੇ
ਹੋਏ ਉਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।
ਇਸ ਮੌਕੇ ਲੋਕ ਸਭਾ ਮੈਂਬਰ ਰਣਜੀਤ ਸਿੰਘ
ਬ੍ਰਹਮਪੁਰਾ, ਚੇਅਰਮੈਨ ਵੀਰ ਸਿੰਘ ਲੋਪੋਕੇ, ਰਾਜਮਹਿੰਦਰ ਸਿੰਘ ਮਜੀਠਾ, ਸਾਬਕਾ ਵਿਧਾਇਕ
ਮਨਮੋਹਨ ਸਿੰਘ ਸਠਿਆਲਾ ਨੇ ਵੀ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਨੂੰ ਸ਼ਰਧਾ ਦੇ ਫੁੱਲ ਭੇਟ
ਕੀਤੇ। ਹਲਕਾ ਵਿਧਾਇਕ ਮਨਜੀਤ ਸਿੰਘ ਮੰਨਾ, ਜੋ ਕਿ ਪ੍ਰੋਗਰਾਮ ਦੇ ਸੰਚਾਲਕ ਸਨ, ਨੇ ਹਲਕੇ
ਦੀਆਂ ਕੁੱਝ ਮੰਗਾਂ ਮੁੱਖ ਮੰਤਰੀ ਬਾਦਲ ਕੋਲ ਰੱਖੀਆਂ। ਸ਼ਹੀਦ ਦੇ ਪੜਪੋਤਰੇ ਨਵਤੇਜ ਸਿੰਘ
ਫੇਰੂਮਾਨ ਨੇ ਮੁੱਖ ਮੰਤਰੀ ਅਤੇ ਹੋਰ ਆਈਆਂ ਸ਼ਖਸ਼ੀਅਤਾਂ ਨੂੰ ਜੀ ਆਇਆਂ ਕਿਹਾ। ਇਸ ਮੌਕੇ
ਹੋਰਨਾਂ ਤੋਂ ਇਲਾਵਾ ਵਿਧਾਇਕ ਬਲਜੀਤ ਸਿੰਘ ਜਲਾਲਉਸਮਾ, ਡਿਪਟੀ ਕਮਿਸ਼ਨਰ ਰਵੀ ਭਗਤ, ਐਸ
ਐਸ ਪੀ ਦਿਹਾਤੀ ਜਸਦੀਪ ਸਿੰਘ, ਜਗਜੀਤ ਸਿੰਘ ਚੀਫ ਇੰਜੀਅਨਰ ਸਰਕਲ ਤਰਨਤਾਰਨ, ਸੋਹਣ ਸਿੰਘ
ਫੇਰੂਮਾਨ, ਗੁਰਵਿੰਦਰਪਾਲ ਸਿੰਘ ਰਈਆ, ਅਮਰਜੀਤ ਸਿੰਘ ਭਲਾਈਪੁਰ ਮੈਂਬਰ ਐਸ ਜੀ ਪੀ ਸੀ,
ਚੇਅਰਮੈਨ ਰਣਜੀਤ ਸਿੰਘ ਮੀਆਂਵਿੰਡ, ਯੂਥ ਸਰਕਲ ਪ੍ਰਧਾਨ ਹਰਜੀਤ ਸਿੰਘ ਮੀਆਂਵਿੰਡ, ਸਰਪੰਚ
ਰਜਿੰਦਰ ਸਿੰਘ ਸਾਬਾ, ਹਰਪ੍ਰੀਤ ਸਿੰਘ ਖੱਖ, ਸਰਪੰਚ ਨਿਰਮਲ ਸਿੰਘ ਧੂਲਕਾ, ਅਜੀਤ ਸਿੰਘ
ਧਿਆਨਪੁਰ, ਤਰਸੇਮ ਸਿੰਘ ਪਹਿਲਵਾਨ ਸਰਕਲ ਪ੍ਰਧਾਨ, ਹਰਜਿੰਦਰ ਸਿੰਘ ਬੱਬੂ ਕਾਲਕੇ ਸਰਪੰਚ,
ਜੋਗਿੰਦਰ ਸਿੰਘ ਨਿੱਝਰ ਅਤੇ ਹੋਰ ਪਤਵੰਤੇ ਹਾਜ਼ਰ ਸਨ।