ਬਦਲੇ ਦੀ ਭਾਵਨਾ ਨਾਲ ਕੰਮ ਨਹੀਂ ਕਰੇਗੀ ਹਰਿਆਣਾ ਸਰਕਾਰ : ਖੱਟਰ
Posted on:- 27-10-2014
ਚੰਡੀਗੜ੍ਹ : ਹਰਿਆਣਾ
ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਅੱਜ ਕਿਹਾ ਕਿ ਨਵੀਂ ਹਰਿਆਣਾ ਸਰਕਾਰ 16 ਮਈ,
2014 ਦੇ ਬਾਅਦ ਪਿਛਲੀ ਸਰਕਾਰ ਵੱਲੋਂ ਕੀਤੇ ਗਏ ਐਲਾਨਾਂ ਤੇ ਨਿਯੁਕਤੀਆਂ ਦੇ ਫੈਸਲੇ ਅਤੇ
ਭਰਤੀਆਂ ਦੀ ਸਮੀਖਿਆ ਕਰੇਗੀ । ਮੁੱਖ ਮੰਤਰੀ ਸ੍ਰੀ ਖੱਟਰ ਅੱਜ ਇੱਥੇ ਆਪਣੀ ਪਹਿਲੀ
ਕੈਬਿਨੇਟ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ
ਸਹੀ ਸਮੀਖਿਆ ਦੇ ਬਾਅਦ ਜਨ ਹਿੱਤ ਵਿਚ ਕੀਤੇ ਗਏ ਕੰਮਾਂ ਨੂੰ ਜਾਰੀ ਰਹਿਣ ਦਿੱਤਾ ਜਾਵੇਗਾ
ਅਤੇ ਜਿੱਥੇ ਕਿੱਥੇ ਜੇਕਰ ਕਿਸੇ ਤਰ੍ਹਾਂ ਦਾ ਭੇਦ–ਭਾਅ ਪਾਇਆ ਗਿਆ ਤਾਂ ਕਾਨੂੰਨ ਅਨੁਸਾਰ
ਕਾਰਵਾਈ ਕੀਤੀ ਜਾਵੇਗੀ ।
ਉਨ੍ਹਾਂ ਕਿਹਾ ਕਿ ਕੈਬਿਨੇਟ ਨੇ ਇਹ ਵੀ ਫੈਸਲਾ ਕੀਤਾ ਹੈ ਕਿ
ਚਲ ਰਹੀ ਸਾਰੀ ਨਿਯੁਕਤੀਆਂ 'ਤੇ ਤੁਰੰਤ ਪ੍ਰਭਾਵ ਤੋਂ ਰੋਕ ਲਗਾ ਦਿੱਤੀ ਗਈ ਹੈ। ਇਸ ਤੋਂ
ਇਲਾਵਾ ਪਿਛਲੀ ਸਰਕਾਰ ਦੇ ਸਮੇਂ ਸਾਰੀ ਮੁੜ ਰੁਜ਼ਗਾਰ ਦੀ ਵੀ ਮੁੜ ਜਾਂਚ ਕੀਤੀ ਜਾਵੇਗੀ ।
ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਅਜਿਹੇ ਸਾਰੇ ਮੁੜ-ਰੁਜ਼ਗਾਰ ਦੀ ਸੂਚੀ ਤਿਆਰ ਕਰਨ ਲਈ
ਕਿਹਾ ਗਿਆ ਹੈ ਤਾਂ ਜੋ ਅਗਲੀ ਕੈਬਿਨੇਟ ਵਿਚ ਅੱਗੇ ਦੀ ਕਾਰਵਾਈ ਕੀਤੀ ਜਾ ਸਕੇ। ਸ੍ਰੀ
ਖੱਟਰ ਨੇ ਕਿਹਾ ਕਿ ਕੈਬਿਨੇਟ ਨੇ ਇਹ ਵੀ ਫੈਸਲਾ ਕੀਤਾ ਹੈ ਕਿ ਝੋਨਾ ਖਰੀਦ ਦੀ ਸ਼ਿਕਾਇਤਾਂ
ਦੀ ਸਮੀਖਿਆ ਕੀਤੀ ਜਾਵੇਗੀ ਅਤੇ ਅਗਲੀ ਕੈਬਿਨੇਟ ਦੀ ਮੀਟਿੰਗ ਵਿਚ ਇਸ ਸਬੰਧ ਵਿਚ ਕਾਰਵਾਈ
ਕੀਤੀ ਜਾਵੇਗੀ। ਨਵੇਂ ਬਣਾਏ ਗਏ ਮੰਤਰੀਆਂ ਨੂੰ ਵਿਭਾਗ ਵੰਡ ਕਰਨ ਦੇ ਸਬੰਧ ਵਿਚ ਪੁਛੇ ਗਏ
ਸੁਆਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਮੰਤਰੀਆਂ ਨੂੰ ਜਲਦ ਹੀ ਵਿਭਾਗ ਵੰਡ ਕਰ
ਦਿੱਤੇ ਜਾਣਗੇ। ਜਦ ਸ੍ਰੀ ਖੱਟਰ ਤੋਂ ਪਿਛਲੀ ਸਰਕਾਰ ਵੱਲੋਂ ਜਮੀਨ ਬਦਲੇ ਵਰਤੋਂ
(ਸੀ.ਐਲ.ਯੂ.) ਫੈਸਲਿਆਂ ਅਤੇ ਰਾਬਰਟ ਵਾਡਰਾ ਮਾਮਲੇ ਦੀ ਜਾਂਚ ਦੇ ਸਬੰਧ ਵਿਚ ਪੁੱਛਿਆ ਗਿਆ
ਤਾਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਬਦਲੇ ਦੀ ਭਾਵਨਾ ਤੋਂ ਕੋਈ ਕੰਮ
ਨਹੀਂ ਕਰੇਗੀ ਅਤੇ ਇੰਨ੍ਹਾਂ ਸਾਰੀਆਂ ਸ਼ਿਕਾਇਤਾਂ ਦੇ ਸਬੰਧ ਵਿਚ ਕਾਨੂੰਨ ਆਪਣਾ ਕੰਮ ਕਰੇਗਾ
। ਉਨ੍ਹਾਂ ਨੇ ਕਿਹਾ ਕਿ ਰਾਜ ਸਰਕਾਰ ਦੀ ਪਹਿਲ ਉਸ ਦਾ ਏਜੰਡਾ ਲਾਗੂ ਕਰਨਾ ਹੈ, ਜਿਸ ਵਿਚ
ਰਾਜ ਦੇ ਲੋਕਾਂ ਦੇ ਕਲਿਆਣ ਦਾ ਮੁੱਖ ਮੰਤਵ ਹੈ ।
ਰਾਜ ਦੇ ਕਰਮਚਾਰੀਆਂ ਨੂੰ ਪੰਜਾਬ
ਦੀ ਤਰ੍ਹਾਂ ਵੇਤਨਮਾਨ ਦੇਣ ਅਤੇ ਬੁਢਾਪਾ ਸਨਮਾਨ ਭੱਤਾ ਲਾਗੂ ਕਰਨ ਦੇ ਸਬੰਧ ਵਿਚ ਪੁੱਛੇ
ਗਏ ਸੁਆਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਐਲਾਨਾਂ ਦੀ ਸਮੀਖਿਆ ਕਰਨ ਦਾ ਮਤਲਬ
ਇਹ ਨਹੀਂ ਹੈ ਕਿ ਉਨ੍ਹਾਂ ਨੂੰ ਰੱਦ ਕਰ ਦਿੱਤਾ ਗਿਆ ਹੈ । ਸਮੀਖਿਆ ਦੇ ਬਾਅਦ ਜੋ ਸਹੀ
ਹੋਵੇਗਾ, ਉਸ ਨੂੰ ਲਾਗੂ ਕੀਤਾ ਜਾਵੇਗਾ । ਉਨ੍ਹਾਂ ਨੇ ਕਿਹਾ ਕਿ ਮੌਜੂਦਾ ਰਾਜ ਸਰਕਾਰ
ਕਰਮਚਾਰੀਆਂ ਦੇ ਹਿੱਤਾਂ ਦਾ ਧਿਆਨ ਰੱਖੇਗੀ ।
ਇਸ ਮੌਕੇ 'ਤੇ ਮੁੱਖ ਸਕੱਤਰ ਸ੍ਰੀਮਤੀ
ਸ਼ਕੁੰਤਲਾ ਜਾਖੂ, ਸੂਚਨਾ, ਲੋਕ ਸੰਪਰਕ ਤੇ ਸਭਿਆਚਾਰਕ ਮਾਮਲੇ ਵਿਭਾਗ ਦੇ ਵਧੀਕ ਮੁੱਖ
ਸਕੱਤਰ ਡਾ.ਕੇ.ਕੇ.ਖੰਡੇਲਵਾਲ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਹਾਜਿਰ ਸਨ।