ਬਾਦਲ ਵੱਲੋਂ ਦਾਗੀ ਮੰਤਰੀਆਂ ਦੇ ਖਿਲਾਫ਼ ਲੋਕਾਂ ਨੂੰ ਸਬੂਤ ਪੇਸ਼ ਕਰਨ ਲਈ ਕਹਿਣਾ ਹਾਸੋਹੀਣਾ : ਖਹਿਰਾ
Posted on:- 26-10-2014
ਚੰਡੀਗੜ੍ਹ : ਕਾਂਗਰਸ
ਦੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਮੁੱਖ ਮੰਤਰੀ ਸ੍ਰ. ਬਾਦਲ ਦੀ
ਇਹ ਦਲੀਲ ਕਿ ਉਨ੍ਹਾਂ ਦੇ ਦਾਗੀ ਤੇ ਨਸ਼ਿਆਂ ਨਾਲ ਸਬੰਧਤ ਮੰਤਰੀਆਂ ਦੇ ਖਿਲਾਫ ਲੋਕ ਸਬੂਤ
ਪੇਸ਼ ਕਰਨ, ਨਾ ਸਿਰਫ ਹਾਸੋ-ਹੀਣੀ ਹੈ, ਬਲਕਿ ਮੰਦਭਾਗੀ ਅਤੇ ਅਫਸੋਸ਼ਨਾਕ ਵੀ ਹੈ, ਜਿਸ ਦੀ
ਕਾਂਗਰਸ ਸਖਤ ਸ਼ਬਦਾਂ 'ਚ ਅਲੋਚਨਾ ਕਰਦੀ ਹੈ।
ਉਨ੍ਹਾਂ ਕਿਹਾ ਕਿ ਆਪਣੇ ਦਾਗੀ ਅਤੇ ਡਰੱਗ
'ਚ ਸ਼ਮੂਲੀਅਤ ਵਾਲੇ ਮੰਤਰੀਆਂ ਨੂੰ ਬਚਾਉਣ ਦੀ ਸ਼ਰ੍ਹੇਆਮ ਕੋਸ਼ਿਸ਼ ਕਰਦੇ ਹੋਏ ਸ੍ਰ. ਬਾਦਲ
ਨੇ ਲੋਕਾਂ ਨੂੰ ਵੰਗਾਰਿਆ ਹੈ ਕਿ ਉਹ ਉਨ੍ਹਾਂ ਦੇ ਖਿਲਾਫ ਸਬੂਤ ਪੇਸ਼ ਕਰਨ ਜੋ ਕਿ ਨਾ ਸਿਰਫ
ਬੇਤੁਕਾ ਹੈ, ਬਲਕਿ ਹਾਸੋਹੀਣਾ ਵੀ ਹੈ । ਉਨ੍ਹਾਂ ਕਿਹਾ ਕਿ 21ਵੀਂ ਸਦੀ ਦੇ ਅਜੋਕੇ ਸਮੇਂ
ਵਿੱਚ ਇੱਕ ਸੂਬੇ ਦੇ ਮੁੱਖੀ ਵੱਲੋਂ ਅਜਿਹਾ ਬਿਆਨ ਨਾ ਸਿਰਫ ਅਸਵੀਕਾਰਯੋਗ ਹੈ, ਬਲਕਿ
ਸਾਡੀ ਅਪਰਾਧਿਕ ਨਿਆਂ ਪ੍ਰਣਾਲੀ ਨਾਲ ਕੀਤਾ ਗਿਆ ਇੱਕ ਭੱਦਾ ਮਜ਼ਾਕ ਵੀ ਹੈ ।
ਉਨ੍ਹਾਂ
ਕਿਹਾ ਕਿ ਸ੍ਰ. ਬਾਦਲ ਦੀ ਗਠਜੋੜ ਭਾਈਵਾਲ ਭਾਜਪਾ ਹੀ ਉਨ੍ਹਾਂ ਦੇ ਸੀਪੀਐਸ ਅਵਿਨਾਸ਼ ਚੰਦਰ
ਦੀ ਡਰੱਗ ਮਾਫੀਆ ਨਾਲ ਮਿਲੀ ਭੁਗਤ ਕਾਰਨ ਅਸਤੀਫੇ ਦਾ ਦਬਾਅ ਬਣਾ ਰਹੀ ਹੈ। ਉਨ੍ਹਾਂ ਕਿਹਾ
ਕਿ ਰਿਪੋਰਟਾਂ ਅਨੁਸਾਰ ਇਨਫੋਰਸਮੈਂਟ ਡਾਈਰੈਕੋਟਰੇਟ ਨੇ ਡਰੱਗ ਦੋਸ਼ੀ, ਵਪਾਰੀ ਚੁਨੀ ਲਾਲ
ਗਾਬਾ ਦੀ ਡਾਇਰੀ ਵਿੱਚ ਨਾਂ ਆਉਣ ਤੋਂ ਬਾਅਦ ਸੀ.ਪੀ.ਐਸ ਅਵਿਨਾਸ਼ ਚੰਦਰ ਨੂੰ ਤਲਬ ਕੀਤਾ
ਹੈ। ਉਨ੍ਹਾਂ ਕਿਹਾ ਕਿ ਡਾਇਰੀ ਅਨੁਸਾਰ ਸੀ.ਪੀ.ਐਸ ਅਵਿਨਾਸ਼ ਚੰਦਰ ਨੇ ਚੁਨੀ ਲਾਲ ਗਾਬਾ ਦੇ
ਡਰੱਗ ਵਪਾਰ ਤੋਂ ਵੱਡੀ ਰਕਮ ਪ੍ਰਾਪਤ ਕੀਤੀ ਹੈ।
ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਹੀ
ਸ਼੍ਰੀ ਬਾਦਲ ਨੇ ਬਿਕਰਮ ਮਜੀਠੀਆ ਦੇ ਖਿਲਾਫ ਕੋਈ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਸੀ,
ਜਦ ਡਰੱਗ ਤਸਕਰ ਜਗਦੀਸ਼ ਭੋਲਾ ਨੇ ਮੋਹਾਲੀ ਵਿਖੇ ਮੀਡੀਆ ਸਾਹਮਣੇ ਉਨ੍ਹਾਂ ਦਾ ਨਾਂ
ਮੁਜਰਿਮ ਵਜੋਂ ਲਿਆ ਸੀ। ਇਥੋਂ ਤੱਕ ਕਿ ਮੁੱਖ ਮੰਤਰੀ ਸ਼੍ਰੀ ਬਾਦਲ ਨੇ ਕਾਂਗਰਸ ਪਾਰਟੀ ਅਤੇ
ਲੋਕਾਂ ਨੂੰ ਦੋਸ਼ੀ ਮੰਤਰੀ ਖਿਲਾਫ ਸਬੂਤ ਲਿਆਉਣ ਲਈ ਆਖ ਦਿੱਤਾ ਸੀ।
ਉਨ੍ਹਾਂ ਕਿਹਾ ਕਿ
ਇਸ ਤਰ੍ਹਾਂ ਕਰਕੇ ਸ਼੍ਰੀ ਬਾਦਲ ਅਜਿਹੇ ਸਕੈਂਡਲਾਂ ਦਾ ਪਰਦਾਫਾਸ਼ ਕਰਨ ਵਿੱਚ ਆਪਣੀ ਪੁਲਿਸ
ਫੋਰਸ ਅਤੇ ਅਪਰਾਧਿਕ ਨਿਆਂ ਪ੍ਰਣਾਲੀ ਦਾ ਮਜਾਕ ਬਣਾ ਰਹੇ ਹਨ। ਉਨ੍ਹਾਂ ਕਿਹਾ ਕਿ ਸਾਰੀ
ਦੁਨੀਆਂ ਵਿੱਚ ਇਹ ਪ੍ਰਚਲਿਤ ਸਿਸਟਮ ਹੈ ਕਿ ਜਾ ਤਾਂ ਜਾਂਚ ਦੋਰਾਨ ਮੁਜਰਿਮ ਆਪਣੇ ਭਾਈਵਾਲ
ਦੋਸ਼ੀਆਂ ਦੇ ਨਾਵਾਂ ਨੂੰ ਉਜਾਗਰ ਕਰਦਾ ਹੈ ਜਾ ਫਿਰ ਪੁਲਿਸ ਆਪਣੀ ਕਾਬਲੀਅਤ ਨਾਲ ਜੁਰਮ ਦਾ
ਖੁਲਾਸਾ ਕਰਦੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਕਦੇ ਵੀ ਅਸੀ ਅਜਿਹਾ ਮੂਰਖਤਾ ਭਰਿਆ ਤਰਕ
ਨਹੀਂ ਸੁਣਿਆ ਉਹ ਵੀ ਇੱਕ ਮੁੱਖ ਮੰਤਰੀ ਕੋਲੋਂ ਕਿ ਲੋਕ ਅਪਰਾਧੀਆਂ, ਡਰੱਗ ਤਸਕਰਾਂ ਤੇ
ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਬੂਤ ਲੈ ਕੇ ਆਉਣ।
ਉਨ੍ਹਾਂ ਕਿਹਾ ਕਿ ਜਦੋਂ
ਉਨ੍ਹਾਂ (ਸ਼੍ਰੀ ਖਹਿਰਾ) ਨੇ ਇਨਫੋਰਸਮੈਂਟ ਡਾਈਰੈਕਟੋਰੇਟ ਨੂੰ ਬਿਕਰਮ ਸਿੰਘ ਮਜੀਠੀਆ ਦੇ
ਖਿਲਾਫ ਪੁਖਤਾ ਸਬੂਤ ਵਾਲੀ ਸ਼ਿਕਾਇਤ ਦਿੱਤੀ, ਜਿਸ ਵਿੱਚ ਕਿ ਹਵਾਲਾ ਤਸਕਰ ਵੱਲੋਂ ਮੰਤਰੀ
ਨੂੰ 70 ਲੱਖ ਰੁਪਏ ਡਰੱਗ ਮਨੀ ਦਿੱਤੇ ਜਾਣ ਦੀ ਟੈਲੀਫੋਨਿਕ ਵਾਰਤਾ ਸੀ ਤੱਦ ਵੀ ਸ਼੍ਰੀ
ਬਾਦਲ ਨੇ ਕੋਈ ਵੀ ਕਦਮ ਚੁੱਕਣ ਤੋਂ ਇਨਕਾਰ ਕਰ ਦਿੱਤਾ ਸੀ।
ਉਨ੍ਹਾਂ ਕਿਹਾ ਕਿ ਇਸ ਲਈ
ਆਪਣੇ ਹੀ ਗਠਜੋੜ ਭਾਈਵਾਲ ਭਾਜਪਾ ਵੱਲੋਂ ਮੰਗ ਕੀਤੇ ਜਾਣ ਉੱਤੇ ਸ਼੍ਰੀ ਬਾਦਲ ਵੱਲੋਂ ਲੋਕਾਂ
ਕੋਲੋਂ ਦਾਗੀ ਮੰਤਰੀਆਂ ਖਿਲਾਫ ਸਬੂਤ ਮੰਗੇ ਜਾਣ ਦਾ ਅਜੀਬੋ ਗਰੀਬ ਤਰਕ ਸਿਰਫ ਇਹ ਹੀ
ਦਰਸਾਉਂਦਾ ਹੈ ਕਿ ਸ਼੍ਰੀ ਬਾਦਲ ਵਿੱਚ ਨਾ ਸਿਰਫ ਆਪਣੇ ਦੋਸ਼ੀ ਮੰਤਰੀਆਂ ਖਿਲਾਫ ਕਾਰਵਾਈ ਕਰਨ
ਦੀ ਇੱਛਾ ਸ਼ਕਤੀ ਦੀ ਘਾਟ ਹੈ ਬਲਕਿ ਉਹ ਡਰੱਗ ਰੂਪੀ ਕੋਹੜ ਨਾਲ ਨਜਿੱਠਣ ਲਈ ਵੀ ਸਮਰੱਥ
ਨਹੀਂ ਹਨ। ਉਨ੍ਹਾਂ ਕਿਹਾ ਕਿ ਹੁਣ ਜਦ ਕਿ ਸ਼੍ਰੀ ਬਾਦਲ ਨੇ ਸੀ.ਪੀ.ਐਸ ਅਵਿਨਾਸ਼ ਚੰਦਰ ਨੂੰ
ਕੱਢਣ ਤੋਂ ਸ਼ਬਦਾਂ ਵਿੱਚ ਇਨਕਾਰ ਕਰ ਦਿੱਤਾ ਹੈ, ਕਾਂਗਰਸ ਦੀ ਭਾਜਪਾ ਨੂੰ ਚੁਣੋਤੀ ਹੈ ਕਿ
ਉਹ ਗਠਜੋੜ ਤੋੜ ਦੇਣ ਅਤੇ ਸੂਬੇ ਵਿੱਚ ਸੰਵਿਧਾਨ ਦਾ ਰਾਜ ਲਾਗੂ ਕੀਤੇ ਜਾਣ ਲਈ ਤਾਜ਼ਾ
ਚੋਣਾਂ ਵਾਸਤੇ ਰਾਹ ਪੱਧਰਾ ਕਰਨ ।