ਕੇਂਦਰ ਨੇ ਕੀਤੀਆਂ 80 ਹਜ਼ਾਰ ਕਰੋੜ ਰੁਪਏ ਦੀਆਂ ਰੱਖਿਆ ਪਰਿਯੋਜਨਾਵਾਂ ਪ੍ਰਵਾਨ
Posted on:- 25-10-2014
ਨਵੀਂ ਦਿੱਲੀ/ ਸਰਕਾਰ
ਨੇ ਅੱਜ 80 ਹਜ਼ਾਰ ਕਰੋੜ ਰੁਪਏ ਦੀਆਂ ਰੱਖਿਆ ਪਰਿਯੋਜਨਾਵਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਕੇਂਦਰੀ ਸਰਕਾਰ ਨੇ ਇਹ ਵੀ ਫੈਸਲਾ ਕੀਤਾ ਹੈ ਕਿ 6 ਪਣਡੁੱਬੀਆਂ ਦਾ ਵੀ ਭਾਰਤ 'ਚ ਹੀ
ਨਿਰਮਾਣ ਕੀਤਾ ਜਾਵੇਗਾ, ਜਿਨ੍ਹਾਂ 'ਤੇ 50 ਹਜ਼ਾਰ ਕਰੋੜ ਰੁਪਏ ਦਾ ਖ਼ਰਚਾ ਆਉਣ ਦਾ ਅੰਦਾਜ਼ਾ
ਹੈ। ਇਨ੍ਹਾਂ ਤੋਂ ਇਲਾਵਾ ਇਜ਼ਰਾਇਲ ਤੋਂ 8 ਹਜ਼ਾਰ ਐਂਟੀ ਟੈਂਕ ਮਿਜ਼ਾਇਲਾਂ ਤੇ 12 ਵਿਕਸਤ
ਜਾਸੂਸੀ ਜਹਾਜ਼ ਲੈਣ ਦਾ ਵੀ ਫੈਸਲਾ ਕੀਤਾ ਗਿਆ ਹੈ।
ਇਹ ਫੈਸਲੇ ਅੱਜ ਰੱਖਿਆ ਮੰਤਰੀ
ਅਰੁਣ ਜੇਤਲੀ ਦੀ ਪ੍ਰਧਾਨਗੀ ਹੇਠ ਡੀਫੈਂਸ ਐਕੂਈਜੀਸ਼ਨ ਕੌਂਸਲ ਦੀ ਮੀਟਿੰਗ ਵਿੱਚ ਲਏ ਗਏ
ਹਨ। ਇਹ ਮੀਟਿੰਗ 2 ਘੰਟੇ ਚੱਲੇ। ਇਸ ਵਿੱਚ 3 ਫੌਜਾਂ ਦੇ ਮੁਖੀਆਂ ਤੋਂ ਇਲਾਵਾ ਰੱਖਿਆ
ਮੰਤਰਾਲੇ ਦੇ ਸਕੱਤਰ, ਡੀਆਰਡੀਓ ਦੇ ਮੁਖੀ ਅਤੇ ਕਈ ਹੋਰ ਸੀਨੀਅਰ ਅਧਿਕਾਰੀ ਸ਼ਾਮਲ ਸਨ।
ਬਹੁਤਾ
ਸਮਾਨ ਸਮੁੰਦਰੀ ਫੌਜ ਲਈ ਖਰੀਦਿਆ ਜਾਣਾ ਹੈ, ਜਿਸ ਨੂੰ ਆਧੁਨਿਕ ਹਥਿਆਰਾਂ ਦੀ ਭਾਰੀ ਲੋੜ
ਸੀ। ਐਂਟੀ ਟੈਂਕ ਗਾਇਡਡ ਮਿਜ਼ਾਇਲਾਂ 'ਤੇ 3200 ਕਰੋੜ ਰੁਪਇਆ ਖਰਚ ਆਵੇਗਾ ਅਤੇ 12 ਜਾਸੂਸੀ
ਜਹਾਜ਼ਾਂ 'ਤੇ 1850 ਕਰੋੜ ਰੁਪਏ ਦਾ ਖਰਚਾ ਆਉਣਾ ਹੈ। ਇਹ ਇਜ਼ਰਾਇਲ ਤੋਂ ਖਰੀਦੇ ਜਾਣੇ ਹਨ।
ਸਮੁੰਦਰੀ ਫੌਜ ਕੋਲ ਇਸ ਸਮੇਂ 13 ਪਣਡੁੱਬੀਆਂ ਹਨ। 2030 ਤੱਕ ਇਨ੍ਹਾਂ ਦੀ ਗਿਣਤੀ 24
ਕਰਨ ਦਾ 1999 'ਚ ਟੀਚਾ ਰੱਖਿਆ ਗਿਆ ਸੀ।