ਮੋਦੀ ਦੇ ਦੌਰੇ ਤੋਂ ਪਹਿਲਾਂ ਪਾਕਿ ਵੱਲੋਂ ਮੁੜ ਗੋਲੀਬਾਰੀ
Posted on:- 22-10-2014
ਜੰਮੂ : ਪ੍ਰਧਾਨ
ਮੰਤਰੀ ਨਰਿੰਦਰ ਮੋਦੀ ਦੇ ਦੀਵਾਲੀ ਮੌਕੇ ਜੰਮੂ-ਕਸ਼ਮੀਰ ਦੌਰੇ ਤੋਂ ਪਹਿਲਾਂ ਪਾਕਿਸਤਾਨ
ਵੱਲੋਂ ਇਕ ਵਾਰ ਫਿਰ ਜੰਗਬੰਦੀ ਦੀ ਉਲੰਘਣਾ ਕਰਦਿਆਂ ਕੌਮਾਂਤਰੀ ਸਰਹੱਦ 'ਤੇ ਗੋਲੀਬਾਰੀ
ਕੀਤੀ ਗਈ ਹੈ। ਬੀਐਸਐਫ ਵੱਲੋਂ ਵੀ ਪਾਕਿਸਤਾਨ ਦੀ ਗੋਲੀਬਾਰੀ ਦਾ ਮੋੜਵਾਂ ਜਵਾਬ ਦਿੱਤਾ
ਗਿਆ ਹੈ।
ਇਕ ਪੁਲਿਸ ਅਧਿਕਾਰੀ ਅਨੁਸਾਰ ਪਾਕਿਸਤਾਨੀ ਸੁਰੱਖਿਆ ਦਸਤਿਆਂ ਨੇ ਸਾਂਬਾ
ਜ਼ਿਲ੍ਹੇ ਦੇ ਰਾਮਗੜ੍ਹ ਖੇਤਰ 'ਚ ਬੀਐਸਐਫ ਦੀਆਂ ਚੌਕੀਆਂ 'ਤੇ ਗੋਲੀਬਾਰੀ ਕੀਤੀ। ਪਾਕਿਸਤਾਨ
ਦੁਆਰਾ ਸਵੇਰੇ 9.40 ਵਜੇ ਸ਼ੁਰੂ ਕੀਤੀ ਗਈ ਗੋਲੀਬਾਰੀ 'ਚ ਆਟੋਮੈਟਿਕ ਅਤੇ ਛੋਟੇ ਹਥਿਆਰਾਂ
ਦੀ ਵਰਤੋਂ ਕੀਤੀ ਗਈ, ਜਿਸ ਦਾ ਬੀਐਸਐਫ ਦੁਆਰਾ ਮੋੜਵਾਂ ਜਵਾਬ ਦਿੱਤਾ ਗਿਆ। ਰਾਮਗੜ੍ਹ
ਖੇਤਰ 'ਚ ਪਾਕਿਸਤਾਨ ਵੱਲੋਂ ਬਾਅਦ 'ਚ ਗੋਲੀਬਾਰੀ ਬੰਦ ਹੋ ਗਈ ਪ੍ਰੰਤੂ ਜੰਮੂ ਜ਼ਿਲ੍ਹੇ ਦੇ
ਆਰਐਸ ਪੁਰਾ ਦੇ ਸਬ ਸੈਕਟਰ ਅਰਨੀਆਂ 'ਚ ਪਾਕਿ ਸੁਰੱਖਿਆ ਦਸਤਿਆਂ ਨੇ ਸਵੇਰੇ 10.10 ਵਜੇ
ਗੋਲੀਬਾਰੀ ਕੀਤੀ।
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 23 ਅਕਤੂਬਰ ਨੂੰ
ਸੂਬੇ ਦੇ ਹੜ੍ਹ ਪ੍ਰਭਾਵਿਤ ਲੋਕਾਂ ਨਾਲ ਦੀਵਾਲੀ ਮਨਾਉਣ ਉਥੇ ਜਾ ਰਹੇ ਹਨ। ਪਾਕਿ ਵੱਲੋਂ
ਕੀਤੀ ਗਈ ਗੋਲੀਬਾਰੀ ਦੇ ਮੱਦੇਨਜ਼ਰ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਦੱਸਣਾ ਬਣਦਾ
ਹੈ ਕਿ ਬੀਤੇ ਕੱਲ੍ਹ ਪ੍ਰਧਾਨ ਮੰਤਰੀ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਸੀ ਕਿ ਉਹ ਇਸ
ਵਾਰ ਦੀਵਾਲੀ ਜੰਮੂ ਕਸ਼ਮੀਰ ਦੇ ਹੜ੍ਹ ਪੀੜਤਾਂ ਨਾਲ ਮਨਾਉਣਗੇ।