ਖੱਟਰ ਹੋਣਗੇ ਹਰਿਆਣਾ ਦੇ ਨਵੇਂ ਮੁੱਖ ਮੰਤਰੀ
Posted on:- 21-10-2014
ਪੰਚਕੂਲਾ ਵਿਖੇ ਤਾਊ ਦੇਵੀ ਲਾਲ ਸਟੇਡੀਅਮ 'ਚ 26 ਨੂੰ ਚੁੱਕਣਗੇ ਸਹੁੰ
ਚੰਡੀਗੜ੍ਹ, ਨਵੀਂ ਦਿੱਲੀ : ਅੱਜ
ਇਥੇ ਹਰਿਆਣਾ ਭਾਜਪਾ ਵਿਧਾਇਕ ਦਲ ਦੀ ਹੋਈ ਮੀਟਿੰਗ 'ਚ ਕਰਨਾਲ ਤੋਂ ਭਾਜਪਾ ਵਿਧਾਇਕ
ਮਨੋਹਰ ਲਾਲ ਖੱਟਰ ਨੂੰ ਆਪਣਾ ਆਗੂ ਚੁਣ ਲਿਆ ਗਿਆ। ਇਸ ਤਰ੍ਹਾਂ ਪੁਰਾਣੇ ਸਮੇਂ ਤੋਂ
ਆਰਐਸਐਸ ਨਾ ਜੁੜੇ ਹੋਏ ਸ੍ਰੀ ਖੱਟਰ ਹਰਿਆਣੇ ਦੇ 10ਵੇਂ ਮੁੱਖ ਮੰਤਰੀ ਹੋਣਗੇ। ਇਹ ਨਿਰਣਾ
ਅੱਜ ਇਥੇ ਹਰਿਆਣਾ ਭਾਜਪਾ ਵਿਧਾਨਕਾਰ ਪਾਰਟੀ ਦੀ ਮੀਟਿੰਗ ਵਿਚ ਲਿਆ ਗਿਆ। ਸ੍ਰੀ ਖੱਟਰ ਦੀ
ਚੋਣ ਸਰਬ ਸੰਮਤੀ ਨਾਲ ਹੋਈ । ਉਨ੍ਹਾਂ ਦੇ ਨਾਂ ਦੀ ਤਜਵੀਜ਼ ਭਾਜਪਾ ਦੇ ਸੂਬਾ ਪ੍ਰਧਾਨ ਤੇ
ਵਿਧਾਇਕ ਰਾਮ ਬਿਲਾਸ ਸ਼ਰਮਾ ਨੇ ਕੀਤੀ।
ਉਧਰ ਮਹਾਰਾਸ਼ਟਰ 'ਚ ਸਰਕਾਰ ਬਣਾਉਣ ਦਾ ਕੰਮ
ਦੀਵਾਲੀ ਤੱਕ ਟਲ ਗਿਆ ਹੈ। ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਮਹਾਰਾਸ਼ਟਰ 'ਚ ਭਾਜਪਾ
ਦੇ ਨਵੇਂ ਚੁਣੇ ਗਏ ਵਿਧਾਇਕਾਂ ਨਾਲ ਮੁਲਾਕਾਤ ਕਰਨ ਅਤੇ ਲੀਡਰਸ਼ਿਪ ਦੇ ਮੁੱਦੇ ਤੇ ਸਰਕਾਰ
ਦੇ ਗਠਨ ਸਬੰਧੀ ਚਰਚਾ ਕਰਨ ਲਈ ਦੀਵਾਲੀ ਤੋਂ ਬਾਅਦ ਮੁੰਬਈ ਜਾਣਗੇ। ਉਨ੍ਹਾਂ ਨੇ ਇਕ
ਸਮਾਰੋਹ ਤੋਂ ਵੱਖਰੇ ਤੌਰ 'ਤੇ ਪੱਤਰਕਾਰਾਂ ਨੂੰ ਦੱਸਿਆ ਕਿ ਮੈਂ ਅੱਜ ਨਹੀਂ ਜਾ ਰਿਹਾ,
ਮੈਨੂੰ ਲੱਗਦਾ ਹਾਂ ਕਿ ਮੈਂ ਦੀਵਾਲੀ ਤੋਂ ਬਾਅਦ ਮੁੰਬਈ ਜਾਵਾਂਗਾ। ਰਾਜਨਾਥ ਸਿੰਘ ਭਾਜਪਾ
ਦੇ ਆਬਜ਼ਰਵਰ ਵਜੋਂ ਸੀਨੀਅਰ ਆਗੂ ਜੇਪੀ ਨੱਡਾ ਨਾਲ ਸਰਕਾਰ ਦੇ ਗਠਨ ਸਬੰਧੀ ਮੁੰਬਈ ਜਾਣਗੇ।
ਦੂਜੇ
ਪਾਸੇ ਹਰਿਆਣਾ 'ਚ ਸਰਕਾਰ ਬਣਾਉਣ ਸਬੰਧੀ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਤੇ ਕੇਂਦਰੀ
ਰਾਜ ਮੰਤਰੀ ਕਿਸ਼ਨਪਾਲ ਗੁੱਜਰ ਨੇ ਜਾਣਕਾਰੀ ਪੱਤਰਕਾਰਾਂ ਨਾਲ ਸਾਂਝੀ ਕਰਦੇ ਹੋਏ ਕਿਹਾ ਕਿ
ਸ੍ਰੀ ਖੱਟਰ ਨੂੰ ਮੁੱਖ ਮੰਤਰੀ ਬਣਾਉਣ ਦਾ ਫੈਸਲਾ ਸਰਵ ਸੰਮਤੀ ਨਾਲ ਲਿਆ ਗਿਆ ਹੈ। ਮਨੋਹਰ
ਲਾਲ ਖੱਟਰ, ਜੋ ਕਿ ਪੰਜਾਬੀ ਬਰਾਦਰੀ ਨਾਲ ਸਬੰਧਤ ਹਨ ਤੇ ਪੁਰਾਣੇ ਜਨਸੰਘੀ ਹਨ, ਹਰਿਆਣੇ
ਦੇ ਪਹਿਲੇ ਪੰਜਾਬੀ ਮੁੱਖ ਮੰਤਰੀ ਹੋਣਗੇ। ਦੂਜੇ ਪਾਸੇ ਸਰਕਾਰੀ ਪੱਧਰ 'ਤੇ ਮਿਲੀ
ਜਾਣਕਾਰੀ ਅਨੁਸਾਰ ਹਰਿਆਣਾ ਦੇ ਰਾਜਪਾਲ ਪ੍ਰੋ. ਕਪਤਾਨ ਸਿੰਘ ਸੋਲੰਕੀ ਨੇ ਭਾਜਪਾ ਵਿਧਾਇਕ
ਦਲ ਦੇ ਆਗੂ ਮਨੋਹਰ ਲਾਲ ਖਟੱਰ ਨੂੰ ਸਰਕਾਰ ਬਣਾਉਣ ਲਈ ਸੱਦਾ ਦਿੱਤਾ ਹੈ । ਇਸ ਤੋਂ
ਪਹਿਲਾਂ ਸ੍ਰੀ ਖੱਟਰ ਤੇ ਭਾਜਪਾ ਵਿਧਾਇਕ ਦਲ, ਹਰਿਆਣਾ ਦੇ ਪਾਰਟੀ ਆਬਜ਼ਰਵਰ ਵੈਂਕਈਆ ਨਾਇਡੂ
ਤੇ ਡਾ. ਦਿਨੇਸ਼ ਸ਼ਰਮਾ, ਭਾਜਪਾ ਦੇ ਸੂਬਾ ਪ੍ਰਧਾਨ ਪ੍ਰੋ.ਰਾਮਬਿਲਾਸ ਸ਼ਰਮਾ ਤੇ ਹੋਰ ਆਗੂਆਂ
ਨੇ ਰਾਜਪਾਲ ਨੂੰ ਮਿਲ ਕੇ ਉਨ੍ਹਾਂ ਨੂੰ ਭਾਜਪਾ ਵਿਧਾਇਕ ਦਲ ਦੇ ਫੈਸਲੇ ਤੋਂ ਜਾਣੂੰ
ਕਰਵਾਇਆ ਅਤੇ ਸ੍ਰੀ ਖੱਟਰ ਨੂੰ ਸਰਕਾਰ ਬਣਾਉਣ ਲਈ ਸੱਦੇ ਦਾ ਪੱਤਰ ਸੌਂਪਿਆ । ਰਾਜਪਾਲ ਨੇ
ਉਨ੍ਹਾਂ ਨਾਲ ਵਿਚਾਰ-ਵਟਾਂਦਰਾ ਕਰਕੇ ਸਹੁੰ ਚੁਕਾਈ ਦੀ ਰਸਮ 26 ਅਕਤੂਬਰ ਨੂੰ ਸਵੇਰੇ 11
ਵਜੇ ਤਾਊ ਦੇਵੀ ਲਾਲ ਸਟੇਡੀਅਮ, ਸੈਕਟਰ 3, ਪੰਚਕੂਲਾ ਵਿਖੇ ਨਿਰਧਾਰਿਤ ਕੀਤੀ ਹੈ । ਭਾਜਪਾ
ਨੇ ਜਦੋਂ ਕੇਂਦਰ 'ਚ ਆਪਣੀ ਸਰਕਾਰ ਬਣਾਈ ਤਾਂ ਉਸ ਦਾ ਸੁੰਹ ਚੁੱਕ ਸਮਾਗਮ ਵੀ 26 ਤਰੀਕ
ਜਾਨੀ ਕਿ 26ਮਈ 2014 ਨੂੰ ਰੱਖਿਆ ਗਿਆ ਸੀ।
ਦੱਸਣਾ ਬਣਦਾ ਹੈ ਕਿ ਪਹਿਲੀ ਨੰਬਰ, 1966
ਨੂੰ ਜਦੋਂ ਹਰਿਆਣਾ ਸੂਬਾ ਬਣਿਆ ਸੀ ਉਸ ਵੇਲੇ ਭਗਵਤ ਦਯਾਲ ਸ਼ਰਮਾ ਰਾਜ ਦੇ ਪਹਿਲੇ ਮੁੱਖ
ਮੰਤਰੀ ਬਣੇ ਸਨ, ਜੋ 23 ਮਾਰਚ, 1967 ਤੱਕ ਇਸ ਅਹੁਦੇ 'ਤੇ ਰਹੇ । ਇਸ ਤੋਂ ਬਾਅਦ ਰਾਓ
ਬਿਰੇਂਦਰ ਸਿੰਘ 24 ਮਾਰਚ, 1967 ਤੋਂ 20 ਨਵੰਬਰ, 1967 ਤੱਕ ਸੂਬੇ ਦੇ ਮੁੱਖ ਮੰਤਰੀ
ਰਹੇ। ਇਸੇ ਤਰਾਂ 21 ਨਵੰਬਰ, 1967 ਤੋਂ ਲੈਕੇ 21 ਮਈ, 1968 ਤਕ ਸੂਬੇ ਵਿਚ ਰਾਸ਼ਟਰਪਤੀ
ਸ਼ਾਸਨ ਰਿਹਾ । ਇਸ ਤੋਂ ਬਾਅਦ 21 ਮਈ, 1968 ਨੂੰ ਸੂਬੇ ਦੇ ਮੁੱਖ ਮੰਤਰੀ ਬੰਸੀ ਲਾਲ
ਬਣੇ, ਜੋ 30 ਨਵੰਬਰ, 1975 ਤੱਕ ਅਹੁਦੇ 'ਤੇ ਰਹੇ । ਇੰਨ੍ਹਾਂ ਤੋਂ ਬਾਅਦ ਬਨਾਰਸੀ ਦਾਸ
ਗੁਪਤਾ 1 ਦਸੰਬਰ, 1975 ਤੋਂ 29 ਅਪ੍ਰੈਲ, 1977 ਤੱਕ ਮੁੱਖ ਮੰਤਰੀ ਰਹੇ। 30 ਅਪ੍ਰੈਲ,
1977 ਤੋਂ ਲੈ ਕੇ 21 ਜੂਨ, 1977 ਤੱਕ ਫਿਰ ਸੂਬੇ ਵਿਚ ਰਾਸ਼ਟਰਪਤੀ ਸ਼ਾਸਨ ਰਿਹਾ । ਇਸ ਤੋਂ
ਬਾਅਦ 21 ਜੂਨ, 1977 ਨੂੰ ਦੇਵੀ ਲਾਲ ਸੂਬੇ ਦੇ ਮੁੱਖ ਮੰਤਰੀ ਬਣੇ, ਜੋ 28 ਜੂਨ, 1979
ਤੱਕ ਰਹੇ । ਇੰਨ੍ਹਾਂ ਤੋਂ ਬਾਅਦ, ਭਜਨ ਲਾਲ 28 ਜੂਨ, 1979 ਤੋਂ ਲੈ ਕੇ 4 ਜੂਨ, 1986
ਤਕ, ਬੰਸੀ ਲਾਲ 5 ਜੂਨ, 1986 ਤੋਂ ਲੈ ਕੇ 20 ਜੂਨ, 1987 ਤਕ, ਦੇਵੀ ਲਾਲ 20 ਜੂਨ,
1987 ਤੋਂ ਲੈ ਕੇ 2 ਦਸੰਬਰ, 1989 ਤੱਕ, ਓਮ ਪ੍ਰਕਾਸ਼ ਚੌਟਾਲਾ 2 ਦਸੰਬਰ, 1989 ਤੋਂ ਲੈ
ਕੇ 23 ਮਈ, 1990 ਤੱਕ ਅਤੇ ਬਨਾਰਸੀ ਦਾਸ ਗੁਪਤਾ 23 ਮਈ, 1990 ਤੋਂ ਲੈ ਕੇ 12 ਜੁਲਾਈ,
1990 ਤੱਕ ਸੂਬੇ ਦੇ ਮੁੱਖ ਮੰਰਤੀ ਰਹੇ। ਇਸੇ ਤਰ੍ਹਾਂ, ਫਿਰ ਓਮ ਪ੍ਰਕਾਸ਼ ਚੌਟਾਲਾ 12
ਜੁਲਾਈ, 1990 ਤੋਂ 17 ਜੁਲਾਈ, 1990 ਤੱਕ, ਹੁਕਮ ਸਿੰਘ 17 ਜੁਲਾਈ, 1990 ਤੋਂ 22
ਮਾਰਚ, 1991 ਤੱਕ, ਫਿਰ ਓਮ ਪ੍ਰਕਾਸ਼ ਚੌਟਾਲਾ 22 ਮਾਰਚ, 1991 ਤੋਂ 6 ਅਪ੍ਰੈਲ, 1991
ਤੱਕ ਮੁੱਖ ਮੰਤਰੀ ਰਹੇ । ਇਸ ਤੋਂ ਬਾਅਦ 6 ਅਪ੍ਰੈਲ, 1991 ਤੋਂ ਲੈ ਕੇ 23 ਜੂਨ, 1991
ਤਕ ਸੂਬੇ ਵਿਚ ਰਾਸ਼ਟਰਪਤੀ ਸ਼ਾਸਨ ਰਿਹਾ।
ਫਿਰ ਭਜਨ ਲਾਲ 23 ਜੂਨ, 1991 ਤੋਂ 10 ਮਈ,
1996 ਤੱਕ, ਬੰਸੀ ਲਾਲ 11 ਮਈ, 1996 ਤੋਂ 24 ਜੁਲਾਈ, 1999 ਤੱਕ, ਓਮ ਪ੍ਰਕਾਸ਼ ਚੌਟਾਲਾ
24 ਜੁਲਾਈ, 1999 ਤੋਂ ਲੈ ਕੇ 2 ਮਾਰਚ, 2000 ਅਤੇ ਫਿਰ 2 ਮਾਰਚ, 2000 ਤੋਂ 4 ਮਾਰਚ,
2005 ਤੱਕ, ਇਸੇ ਤਰ੍ਹਾਂ, ਭੁਪਿੰਦਰ ਸਿੰਘ ਹੁੱਡਾ 5 ਮਾਰਚ, 2005 ਤੋਂ 25 ਅਕਤੂਬਰ,
2009 ਅਤੇ ਮੁੜ 25 ਅਕਤੁਬਰ, 2009 ਤੋਂ 19 ਅਕਤੂਬਰ, 2014 ਤੱਕ ਸੂਬੇ ਦੇ ਮੁੱਖ ਮੰਤਰੀ
ਰਹੇ। ਹੁਣ 26 ਅਕਤੂਬਰ, 2014 ਨੂੰ ਨਾਮਜਦ ਕੀਤੇ ਮਨੋਹਰ ਲਾਲ ਖਟੱਰ ਮੁੱਖ ਮੰਤਰੀ ਦੇ
ਅਹੁੱਦੇ ਦੀ ਸੁੰਹ ਚੁੱਕਣਗੇ।
ਸੂਤਰਾਂ ਅਨੁਸਾਰ ਮਹਾਰਾਸ਼ਟਰ 'ਚ ਸ਼ਿਵ ਸੈਨਾ ਨੇ ਸਮਰਥਨ
ਦੇਣ ਲਈ ਭਾਜਪਾ ਤੋਂ ਉਪ ਮੁੱਖ ਮੰਤਰੀ ਦੇ ਅਹੁਦੇ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਸ਼ਿਵ
ਸੈਨਾ ਕੁਝ ਹੋਰ ਵਿਭਾਗਾਂ 'ਚ ਵੀ ਆਪਣੀ ਪਸੰਦ ਦੇ ਮੰਤਰੀ ਫਿੱਟ ਕਰਵਾਉਣਾ ਚਾਹੁੰਦੀ ਹੈ।
ਦੋਵੇਂ ਧਿਰਾਂ 'ਚ ਸਹਿਮਤੀ ਨਾ ਬਣਨ ਕਾਰਨ ਮਹਾਰਾਸ਼ਟਰ 'ਚ ਸਰਕਾਰ ਬਣਾਉਣ ਦਾ ਮਾਮਲਾ
ਦੀਵਾਲੀ ਤੱਕ ਟਾਲ ਦਿੱਤਾ ਗਿਆ ਹੈ।