ਗਹਿਲੋਤ ਤੇ ਪਾਇਲਟ ਖਿਲਾਫ਼ ਸੀਬੀਆਈ ਜਾਂਚ ਦੀ ਸਿਫਾਰਸ਼
Posted on:- 21-10-2014
ਜੈਪੁਰ : ਰਾਜਸਥਾਨ
ਦੀ ਮੁੱਖ ਮੰਤਰੀ ਵਸੁੰਦਰਾ ਰਾਜੇ ਨੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ,
ਕਾਂਗਰਸ ਦੇ ਸੂਬਾ ਪ੍ਰਧਾਨ ਸਚਿਨ ਪਾਇਲਟ ਸਮੇਤ 7 ਵਿਅਕਤੀਆਂ ਖਿਲਾਫ਼ ਸੀਬੀਆਈ ਜਾਂਚ ਦੀ
ਸਿਫਾਰਸ਼ ਕੀਤੀ ਹੈ। ਸੀਬੀਆਈ ਜਾਂਚ ਦੀ ਸਿਫਾਰਸ਼ ਕਥਿਤ 108 ਐਂਬੂਲੈਂਸ ਕਾਂਡ 'ਚ ਐਂਬੂਲੈਂਸ
ਦੇ ਸੰਚਾਲਨ ਨਾਲ ਸਬੰਧਤ ਹੈ।
ਇਸ ਮਾਮਲੇ 'ਚ ਅਸ਼ੋਕ ਗਹਿਲੋਤ, ਸੂਬਾ ਕਾਂਗਰਸ ਪ੍ਰਧਾਨ
ਸਚਿਨ ਪਾਇਲਟ, ਸੂਬੇ ਦੇ ਸਾਬਕਾ ਸਿਹਤ ਮੰਤਰੀ ਏਏ ਖਾਨ, ਸਾਬਕਾ ਕੇਂਦਰੀ ਮੰਤਰੀ ਵੱਲਾਰ
ਰਵੀ ਦੇ ਪੁੱਤਰ ਰਵੀਕਿਸ਼ਨ, ਸਾਬਕਾ ਗ੍ਰਹਿ ਮੰਤਰੀ ਦੇ ਪੁੱਤਰ ਕਾਰਤੀ ਚਿਦੰਬਰਮ ਸਮੇਤ ਸੱਤ
ਲੋਕ ਨਾਮਜ਼ਦ ਹਨ।
ਇਕ ਭਾਜਪਾ ਆਗੂ ਅਤੇ ਜੈਪੁਰ ਦੇ ਸਾਬਕਾ ਮੇਅਰ ਪੰਕਜ ਜੋਸ਼ੀ ਨੇ
ਅਦਾਲਤ 'ਚ ਅਪੀਲ ਕਰਦਿਆਂ ਕਥਿਤ ਐਂਬੂਲੈਂਸ ਘੁਟਾਲੇ 'ਚ ਢਾਈ ਕਰੋੜ ਰੁਪਏ ਦੇ ਫਰਜ਼ੀਵਾੜੇ
ਦਾ ਦੋਸ਼ ਲਾਇਆ ਸੀ। ਹੁਣ ਤੱਕ ਇਸ ਮਾਮਲੇ 'ਚ ਸੂਬਾ ਪੁਲਿਸ ਦੀ ਅਪਰਾਧ ਸ਼ਾਖਾ ਜਾਂਚ ਕਰ
ਰਹੀ ਸੀ ਪਰ ਹੁਣ ਸੂਬਾ ਸਰਕਾਰ ਨੇ ਸੀਬੀਆਈ ਤੋਂ ਜਾਂਚ ਕਰਵਾਉਣ ਦੀ ਸਿਫਾਰਸ਼ ਕੀਤੀ ਹੈ।
ਪੰਕਜ
ਜੋਸ਼ੀ ਦਾ ਦੋਸ਼ ਹੈ ਕਿ ਇਕ ਕੰਪਨੀ ਜਿਤਸਾ ਹੈਲਥਕੇਅਰ ਨੂੰ ਗ਼ਲਤ ਢੰਗ ਨਾਲ ਸਾਲ 2009 'ਚ
108 ਐਂਬੂਲੈਂਸ ਚਲਾਉਣ ਦਾ ਠੇਕਾ ਦਿੱਤਾ ਗਿਆ। ਇਹ ਕੰਪਨੀ ਵੱਲਾਰ ਰਵੀ ਦੇ ਪੁੱਤਰ
ਰਵੀਕਿਸ਼ਨ ਦੀ ਹੈ। ਉੱਧਰ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਇਸ ਪੂਰੇ ਮਾਮਲੇ 'ਚ
ਕਿਹਾ ਕਿ ਹਰੇਕ ਮੋਰਚੇ 'ਤੇ ਅਸਫ਼ਲ ਭਾਜਪਾ ਸਰਕਾਰ ਲੋਕਾਂ ਦਾ ਧਿਆਨ ਖਿੱਚਣ ਲਈ ਇਸ ਤਰ੍ਹਾਂ
ਦੇ ਹੱਥਕੰਡੇ ਅਪਣਾ ਰਹੀ ਹੈ। ਉੱਧਰ ਕਾਂਗਰਸ ਦੇ ਬੁਲਾਰੇ ਅਰਚਨਾ ਸ਼ਰਮਾ ਮੁਤਾਬਕ ਇਹ ਪੂਰਾ
ਮਾਮਲਾ ਸਿਆਸੀ ਬਦਲੇ ਦੀ ਭਾਵਨਾ ਤੋਂ ਪ੍ਰੇਰਿਤ ਹੈ।